ਜਾਪਾਨ ਵਰਗਾ ਆਧੁਨਿਕ ਦੇਸ਼ ਬਣਨ ਲਈ ਸਮਾਜ ਨੂੰ ਖੁਦ ਬਦਲਣਾ ਹੋਵੇਗਾ
Monday, Jun 11, 2018 - 05:32 AM (IST)

ਭਾਰਤ ਨੇ ਆਪਣੀ ਬੁਲੇਟ ਟਰੇਨ ਯੋਜਨਾ ਨੂੰ ਲਾਗੂ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਮੁੰਬਈ-ਅਹਿਮਦਾਬਾਦ ਪਾਥ-ਵੇਅ 'ਤੇ ਜ਼ਮੀਨ ਹਾਸਿਲ ਕਰਨ ਦੇ ਸਬੰਧ 'ਚ ਸਮੱਸਿਆਵਾਂ ਆਉਣ ਦੀਆਂ ਰਿਪੋਰਟਾਂ ਮਿਲੀਆਂ ਹਨ ਪਰ ਫਿਰ ਵੀ ਸਾਨੂੰ ਉਮੀਦ ਕਰਨੀ ਚਾਹੀਦੀ ਹੈ ਕਿ ਇਨ੍ਹਾਂ ਨੂੰ ਹੱਲ ਕਰ ਲਿਆ ਜਾਵੇਗਾ। ਇਹ ਲੇਖ ਇਸ ਮਾਨਤਾ ਦੇ ਆਧਾਰ 'ਤੇ ਲਿਖਿਆ ਜਾ ਰਿਹਾ ਹੈ ਕਿ ਰੇਲ ਪ੍ਰਾਜੈਕਟ ਸੱਚਮੁਚ ਜਲਦ ਹੀ ਸ਼ੁਰੂ ਹੋ ਜਾਵੇਗਾ।
ਇਸ ਆਕਾਰ ਦੇ ਪ੍ਰਾਜੈਕਟ ਵਿਚ ਕੁਝ ਸਮੱਸਿਆਵਾਂ ਦਾ ਆਉਣਾ ਅਟੱਲ ਹੈ ਪਰ ਉਮੀਦ ਕਰਨੀ ਚਾਹੀਦੀ ਹੈ ਕਿ ਇਹ ਛੋਟੀਆਂ-ਮੋਟੀਆਂ ਹੀ ਹੋਣਗੀਆਂ। ਜੇਕਰ ਸਭ ਕੁਝ ਠੀਕ-ਠਾਕ ਚੱਲਦਾ ਹੈ ਤਾਂ ਅਸੀਂ ਖ਼ੁਦ ਹੀ ਸਾਲਾਂ ਵਿਚ ਵਿਦੇਸ਼ੀ ਸਹਾਇਤਾ ਤੇ ਟੈਕਨਾਲੋਜੀ ਦੇ ਬਲ 'ਤੇ ਬੁਲੇਟ ਟਰੇਨ ਨੂੰ ਦੌੜਦੀ ਹੋਏ ਦੇਖਾਂਗੇ।
ਜਾਪਾਨ ਪਿਛਲੇ 50 ਸਾਲਾਂ ਤੋਂ ਬੁਲੇਟ ਟਰੇਨਾਂ ਨੂੰ ਚਲਾ ਰਿਹਾ ਹੈ ਅਤੇ ਪੂਰਾ ਦੇਸ਼ ਉਨ੍ਹਾਂ ਦੇ ਦਾਇਰੇ 'ਚ ਆਉਂਦਾ ਹੈ। ਕੁਝ ਸਾਲ ਪਹਿਲਾਂ ਜਾਪਾਨ ਦੇ ਦੂਰ-ਦੁਰਾਡੇ ਉੱਤਰ-ਪੂਰਬੀ ਰਾਜ ਹੱਕਾਏਡੋ ਤਕ ਵੀ ਬੁਲੇਟ ਟਰੇਨ ਪਹੁੰਚਾ ਦਿੱਤੀ ਗਈ ਸੀ। ਅਜਿਹਾ ਸਮੁੰਦਰ ਦੇ ਹੇਠਾਂ ਸੁਰੰਗ ਬਣਾਉਣ ਕਾਰਨ ਸੰਭਵ ਹੋਇਆ ਸੀ।
ਮੈਂ ਦੋ ਵਾਰ ਜਾਪਾਨ ਗਿਆ ਅਤੇ ਲੰਮੀ ਮਿਆਦ ਤਕ ਉਥੇ ਰੁਕਦਾ ਰਿਹਾ ਹਾਂ। ਮੇਰੇ ਵਿਚਾਰ ਅਨੁਸਾਰ ਜਾਪਾਨ ਦੁਨੀਆ ਵਿਚ ਇਕੋ-ਇਕ ਅਤਿ-ਵਿਕਸਿਤ ਸਮਾਜ ਹੈ। ਇਹ ਬਿਨਾਂ ਸ਼ੱਕ ਲੋੜ ਨਾਲੋਂ ਵੱਧ ਵਿਕਸਿਤ ਹੈ ਅਤੇ ਚੀਨ ਨਾਲੋਂ ਤਾਂ ਯਕੀਨਨ ਹੀ ਕਈ ਗੁਣਾ ਵੱਧ ਵਿਕਸਿਤ ਹੈ। 'ਵਿਕਸਿਤ' ਤੋਂ ਮੇਰਾ ਭਾਵ ਇਹ ਹੈ ਕਿ ਇਸ ਦੇ ਨਾਗਰਿਕ ਬਹੁਤ ਆਧੁਨਿਕ ਹਨ। ਉਨ੍ਹਾਂ ਦੇ ਆਧੁਨਿਕ ਹੋਣ ਦੇ ਕਾਰਨ ਹੀ ਉਨ੍ਹਾਂ ਦੀ ਟੈਕਨਾਲੋਜੀ ਵੀ ਆਧੁਨਿਕ ਹੈ, ਨਾ ਕਿ ਟੈਕਨਾਲੋਜੀ ਆਧੁਨਿਕ ਹੋਣ ਦੇ ਕਾਰਨ ਉਹ ਆਧੁਨਿਕ ਹਨ। ਜਾਪਾਨ ਇਸ ਲਈ ਆਧੁਨਿਕ ਨਹੀਂ ਹੈ ਕਿ ਇਸ ਦੇ ਲੋਕ ਬਹੁਤ ਲੁਭਾਉਣੇ ਗੈਜੇਟਸ ਵਰਤਦੇ ਹਨ।
ਦੂਜੀ ਮਹੱਤਵਪੂਰਨ ਗੱਲ ਇਹ ਹੈ ਕਿ ਜਾਪਾਨ ਅੰਗਰੇਜ਼ੀ ਵਿਚ ਕੰਮਕਾਜ ਕਰਨ ਕਰਕੇ ਆਧੁਨਿਕ ਨਹੀਂ ਹੈ। ਅਸਲੀਅਤ ਇਹ ਹੈ ਕਿ ਜਾਪਾਨ ਵਿਚ ਲੱਗਭਗ ਕੋਈ ਵੀ ਅੰਗਰੇਜ਼ੀ ਨਹੀਂ ਬੋਲਦਾ ਅਤੇ ਉਥੇ ਯਾਤਰਾ ਕਰ ਚੁੱਕਾ ਹਰ ਵਿਅਕਤੀ ਇਸ ਤੱਥ ਨੂੰ ਪ੍ਰਮਾਣਿਤ ਕਰੇਗਾ, ਇਸ ਦੇ ਬਾਵਜੂਦ ਜਾਪਾਨ ਦੀ ਯਾਤਰਾ ਕਰਨ ਵਾਲਿਆਂ ਨੂੰ ਉਸ ਦੇਸ਼ ਦਾ ਤਜਰਬਾ ਆਸਾਨੀ ਨਾਲ ਹਾਸਿਲ ਕਰਨ ਵਿਚ ਕੋਈ ਸਮੱਸਿਆ ਨਹੀਂ ਆਉਂਦੀ ਕਿਉਂਕਿ ਉਥੋਂ ਦੇ ਲੋਕ ਆਧੁਨਿਕ ਹਨ। ਉਨ੍ਹਾਂ ਦੀ ਆਧੁਨਿਕਤਾ ਉਨ੍ਹਾਂ ਦੇ ਡਿਜ਼ਾਈਨ ਅਤੇ ਸੰਸਕ੍ਰਿਤੀ 'ਚੋਂ ਝਲਕਦੀ ਹੈ। ਸੈਲਾਨੀਆਂ ਲਈ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਲਈ ਜਾਪਾਨ ਦੁਨੀਆ ਦਾ ਸਭ ਤੋਂ ਸੁਖਦਾਈ ਅਤੇ ਆਸਾਨ ਦੇਸ਼ ਹੈ ਕਿਉਂਕਿ ਜਾਪਾਨੀ ਲੋਕ ਡਿਜ਼ਾਈਨ ਵਿਚ ਸ੍ਰੇਸ਼ਠਤਾ 'ਤੇ ਹੀ ਫੋਕਸ ਕਰਦੇ ਹਨ।
ਮੈਂ ਕੁਝ ਉਦਾਹਰਣਾਂ ਦੇਣਾ ਚਾਹੁੰਦਾ ਹਾਂ। ਜਾਪਾਨ 'ਚ ਬਹੁਤ ਸਾਰੇ ਵਾਸ਼ ਬੇਸਿਨ ਟਾਇਲਟ ਲਈ ਪਾਣੀ ਦੇ ਟੱਬ ਦੇ ਤੌਰ 'ਤੇ ਵੀ ਵਰਤੇ ਜਾਂਦੇ ਹਨ, ਭਾਵ ਕਿ ਤੁਸੀਂ ਹੱਥ-ਮੂੰਹ ਧੋਂਦੇ ਹੋਏ ਜੋ ਪਾਣੀ ਵਰਤਦੇ ਹੋ, ਉਹੀ ਪਾਣੀ ਜਮ੍ਹਾ ਕਰ ਦਿੱਤਾ ਜਾਂਦਾ ਹੈ ਅਤੇ ਟਾਇਲਟ ਨੂੰ ਫਲੱਸ਼ ਕਰਨ ਲਈ ਵਰਤਿਆ ਜਾਂਦਾ ਹੈ। ਇਹ ਕਿੰਨੀ ਆਸਾਨ ਧਾਰਨਾ ਹੈ, ਇਸ ਨਾਲ ਸ਼ਾਇਦ ਟਾਇਲਟ 'ਚ ਵਰਤੇ ਜਾਣ ਵਾਲੇ ਪਾਣੀ ਦੀ 30 ਤੋਂ 40 ਫੀਸਦੀ ਤਕ ਬੱਚਤ ਹੁੰਦੀ ਹੈ ਪਰ ਮੈਂ ਦੁਨੀਆ ਵਿਚ ਇਕ ਵੀ ਸਮਾਜ ਅਜਿਹਾ ਨਹੀਂ ਦੇਖਿਆ, ਜਿਸ ਨੂੰ ਇਹ ਸਾਧਾਰਨ ਜਿਹਾ ਵਿਚਾਰ ਸੁੱਝਿਆ ਹੋਵੇ ਅਤੇ ਉਸ ਨੇ ਇਸ 'ਤੇ ਕਾਰਵਾਈ ਕੀਤੀ ਹੋਵੇ।
ਜਾਪਾਨੀ ਬੁਲੇਟ ਟਰੇਨ (ਸ਼ਿਨਕਾਂਸਨ) ਵਿਚ ਤੁਹਾਡੀ ਸੀਟ ਦੇ ਸਾਹਮਣੇ, ਭਾਵ ਤੁਹਾਡੇ ਅੱਗੇ ਬੈਠੇ ਯਾਤਰੀ ਦੀ ਬੈਕਰੈਸਟ ਦੇ ਪਿੱਛੇ ਧਾਤੂ ਦੀ ਇਕ ਛੋਟੀ ਜਿਹੀ ਗੋਲਕ ਲੱਗੀ ਹੁੰਦੀ ਹੈ। ਇਸ ਵਿਚ ਤੁਸੀਂ ਆਪਣੀ ਟਿਕਟ ਪਾਉਣੀ ਹੁੰਦੀ ਹੈ ਤਾਂ ਕਿ ਜੇਕਰ ਕੰਡਕਟਰ ਦੇ ਆਉਣ 'ਤੇ ਤੁਸੀਂ ਸੌਂ ਰਹੇ ਹੋਵੋ ਤਾਂ ਉਸ ਨੂੰ ਟਿਕਟ ਚੈੱਕ ਕਰਨ ਲਈ ਤੁਹਾਨੂੰ ਜਗਾਉਣ ਦੀ ਲੋੜ ਨਾ ਪਵੇ। ਇਹ ਇਕ ਬਹੁਤ ਵਿਵੇਕਸ਼ੀਲ ਤੇ ਘੱਟ ਖਰਚੀਲੀ ਕਲਪਨਾ ਹੈ, ਜੋ ਤੁਹਾਡੀ ਨੀਂਦ ਅਤੇ ਕੰਡਕਟਰ ਦੇ ਸਮੇਂ ਦਾ ਸਨਮਾਨ ਕਰਦੀ ਹੈ।
ਰੇਲ ਗੱਡੀਆਂ 'ਚ ਸੀਟਾਂ ਨੂੰ ਇਕ-ਦੂਜੇ ਦੇ ਸਾਹਮਣੇ ਲਿਆਉਣ ਲਈ ਆਸਾਨੀ ਨਾਲ ਮੋੜਿਆ ਜਾ ਸਕਦਾ ਹੈ, ਭਾਵ ਕਿ ਜੇਕਰ 6 ਲੋਕਾਂ ਦਾ ਪਰਿਵਾਰ ਇਕੱਠੇ ਯਾਤਰਾ ਕਰ ਰਿਹਾ ਹੋਵੇ ਤਾਂ ਉਹ 3 ਸੀਟਾਂ ਨੂੰ ਉਲਟਾ ਘੁਮਾ ਕੇ ਆਹਮੋ-ਸਾਹਮਣੇ ਹੋ ਕੇ ਬੈਠ ਸਕਦੇ ਹਨ। ਇਹ ਵੀ ਕਿੰਨੀ ਆਸਾਨ ਅਤੇ ਗ਼ਜ਼ਬ ਦੀ ਕਲਪਨਾ ਹੈ।
ਮੈਂ ਦੁਨੀਆ ਦੇ ਕਈ ਦੇਸ਼ਾਂ ਦੀ ਯਾਤਰਾ ਕੀਤੀ ਪਰ ਮੈਂ ਕਿਤੇ ਵੀ ਜਾਪਾਨੀਆਂ ਵਰਗੀ ਕਾਰਜਕੁਸ਼ਲਤਾ ਅਤੇ ਡਿਜ਼ਾਈਨ ਦੀ ਗੁਣਵੱਤਾ ਨਹੀਂ ਦੇਖੀ। ਜਾਪਾਨੀ ਲਗਾਤਾਰ ਆਪਣੇ ਉਤਪਾਦਾਂ ਅਤੇ ਪ੍ਰਕਿਰਿਆਵਾਂ ਨੂੰ ਬਿਹਤਰ ਬਣਾਉਣ ਦੇ ਛੋਟੇ ਤੋਂ ਛੋਟੇ ਤਰੀਕੇ ਸੋਚਦੇ ਰਹਿੰਦੇ ਹਨ। ਇਹ ਦਾਅਵਾ ਕੀਤਾ ਜਾਂਦਾ ਹੈ ਕਿ ਜਾਪਾਨੀਆਂ ਦਾ ਇਹ ਰਵੱਈਆ ਅਮਰੀਕਾ ਦੇ ਇਕ ਮਾਹਿਰ ਨੇ ਆਪਣੇ ਇਥੇ ਇੰਪੋਰਟ ਕੀਤਾ ਸੀ। ਮੇਰੇ ਲਈ ਇਸ ਗੱਲ 'ਤੇ ਵਿਸ਼ਵਾਸ ਕਰਨਾ ਬਹੁਤ ਮੁਸ਼ਕਿਲ ਹੈ। ਮੈਨੂੰ ਇਸ ਗੱਲ 'ਤੇ ਸ਼ੱਕ ਨਹੀਂ ਕਿ ਡੈਮਿੰਗ ਨਾਂ ਦਾ ਇਕ ਮੈਨੇਜਮੈਂਟ ਕੰਸਲਟੈਂਟ ਜਾਪਾਨ ਵਿਚ ਆਇਆ ਸੀ, ਤਾਂ ਕਿ ਉਨ੍ਹਾਂ ਦੇ ਉਦਯੋਗ ਨੂੰ ਕੁਝ ਤਕਨੀਕਾਂ ਸਿਖਾ ਸਕੇ। ਮੇਰੇ ਕਹਿਣ ਦਾ ਭਾਵ ਇਹ ਹੈ ਕਿ ਛੋਟੀਆਂ-ਛੋਟੀਆਂ ਗੱਲਾਂ ਨਾਲ ਠੋਸ ਸੁਧਾਰ ਦੀ ਇਹ ਜਾਪਾਨੀ ਸੰਸਕ੍ਰਿਤੀ ਅਤੇ ਰਵੱਈਆ (ਜਿਸ ਨੂੰ ਜਾਪਾਨੀ ਭਾਸ਼ਾ ਵਿਚ ਕਾਇਜਨ ਕਿਹਾ ਜਾਂਦਾ ਹੈ) ਅਨੰਤਕਾਲ ਤੋਂ ਜਾਪਾਨੀ ਸਮਾਜ 'ਚ ਮੌਜੂਦ ਹੈ।
165 ਸਾਲ ਪਹਿਲਾਂ ਤਕ ਜਾਪਾਨੀ ਸ਼ਾਸਕਾਂ ਨੇ ਜਾਪਾਨ ਦੇ ਦਰਵਾਜ਼ੇ ਜਾਣਬੁੱਝ ਕੇ ਬਾਹਰੀ ਦੁਨੀਆ ਲਈ ਬੰਦ ਕੀਤੇ ਹੋਏ ਸਨ। ਏਸ਼ੀਅਨ ਮਾਪਦੰਡਾਂ ਤੋਂ ਦੇਖਿਆ ਜਾਵੇ ਤਾਂ ਉਸ ਜ਼ਮਾਨੇ ਵਿਚ ਵੀ ਜਾਪਾਨ ਕਾਫੀ ਖੁਸ਼ਹਾਲ ਸੀ। ਇਸ ਨੇ ਭਾਰਤ ਤੋਂ ਚੰਗੀ ਨਸਲ ਦੇ ਚੌਲਾਂ ਦਾ ਬੀਜ ਮੰਗਵਾਇਆ ਅਤੇ ਲੋੜ ਨਾਲੋਂ ਵੱਧ ਚੌਲ ਪੈਦਾ ਕਰਨ ਦੇ ਸਮਰੱਥ ਹੋ ਗਿਆ ਪਰ ਜਾਪਾਨ ਨੇ ਜੋ ਵੱਡੀਆਂ-ਵੱਡੀਆਂ ਛਾਲਾਂ ਮਾਰੀਆਂ ਹਨ, ਉਹ ਲੱਗਭਗ ਸਾਰੀਆਂ ਦੀਆਂ ਸਾਰੀਆਂ ਪਿਛਲੀ ਇਕ ਸ਼ਤਾਬਦੀ ਦੌਰਾਨ ਹੀ ਦੇਖਣ ਨੂੰ ਮਿਲੀਆਂ ਹਨ।
ਦੁਨੀਆ ਦੇ 50 ਫੀਸਦੀ ਤੋਂ ਵੱਧ ਬੁਲੇਟ ਟਰੇਨ ਯਾਤਰੀ ਜਾਪਾਨੀ ਹਨ। ਕਮਾਲ ਦੀ ਗੱਲ ਤਾਂ ਇਹ ਹੈ ਕਿ ਪਿਛਲੇ 50 ਸਾਲਾਂ ਦੌਰਾਨ ਉਸ ਦੀਆਂ ਬੁਲੇਟ ਟਰੇਨਾਂ ਵਿਚ ਹਾਦਸਾ ਦਰ ਜ਼ੀਰੋ ਹੈ, ਭਾਵ ਕਿ 'ਸ਼ਿਨਕਾਂਸਨ' ਵਿਚ ਕਰੋੜਾਂ ਲੋਕਾਂ ਦੇ ਸਫਰ ਕਰਨ ਦੇ ਬਾਵਜੂਦ ਹੁਣ ਤਕ ਰੇਲ ਹਾਦਸੇ ਵਿਚ ਇਕ ਵੀ ਯਾਤਰੀ ਦੀ ਜਾਨ ਨਹੀਂ ਗਈ। ਇਹ ਨਾ ਤਾਂ ਕੋਈ ਚਮਤਕਾਰ ਹੈ ਅਤੇ ਨਾ ਚੰਗੀ ਕਿਸਮ। ਇਹ ਸਭ ਕੁਝ ਸੋਚਿਆ-ਸਮਝਿਆ ਹੈ ਅਤੇ ਠੋਸ ਯਤਨਾਂ, ਬੁੱਧੀ ਦੀ ਵਰਤੋਂ ਅਤੇ ਸਾਵਧਾਨੀ ਦੀ ਪੈਦਾਵਾਰ ਹੈ।
ਬੁਲੇਟ ਟਰੇਨ ਆਪਣੇ-ਆਪ 'ਚ ਆਧੁਨਿਕਤਾ ਨਹੀਂ ਹੈ। ਇਹ ਆਧੁਨਿਕਤਾ ਦਾ ਉਤਪਾਦ ਹੈ। ਅਸੀਂ ਇਹੀ ਉਤਪਾਦ ਜਾਪਾਨ ਤੋਂ ਦਰਾਮਦ ਕਰਨ ਦਾ ਯਤਨ ਕਰ ਰਹੇ ਹਾਂ ਅਤੇ ਜੇਕਰ ਅਸੀਂ ਇਸ 'ਚ ਸਫਲ ਹੁੰਦੇ ਹਾਂ ਤਾਂ ਇਹ ਸਾਡੀ ਖੁਸ਼ਕਿਸਮਤੀ ਹੀ ਹੋਵੇਗੀ ਪਰ ਇਹ ਆਧੁਨਿਕਤਾ ਉਹੋ ਜਿਹੀ ਚੀਜ਼ ਨਹੀਂ ਹੈ, ਜਿਸ ਨੂੰ ਬੋਤਲ ਵਿਚ ਬੰਦ ਕਰ ਕੇ ਕਿਸੇ ਦੂਜੇ ਦੇਸ਼ ਵਿਚ ਭੇਜ ਦਿੱਤਾ ਜਾਵੇ।
ਸਾਡੇ ਕੋਲ ਜੋ ਵੀ ਸੰਸਕ੍ਰਿਤਕ ਤੌਰ 'ਤੇ ਮੁਹੱਈਆ ਉਪਕਰਣ ਹਨ, ਉਨ੍ਹਾਂ ਦੇ ਹੀ ਬਲਬੂਤੇ ਸਾਨੂੰ ਇਹ ਆਧੁਨਿਕਤਾ ਵਿਕਸਿਤ ਕਰਨੀ ਪਵੇਗੀ ਅਤੇ ਜੇਕਰ ਸਾਡੇ ਕੋਲ ਅਜਿਹੇ ਉਪਕਰਣ ਨਹੀਂ, ਤਾਂ ਸਾਨੂੰ ਕਿਸੇ ਨਾ ਕਿਸੇ ਢੰਗ ਨਾਲ ਇਨ੍ਹਾਂ ਦੀ ਸਿੱਖਿਆ ਲੈਣੀ ਪਵੇਗੀ। ਮੈਂ ਮੌਜੂਦਾ ਜਾਂ ਕਿਸੇ ਹੋਰ ਸਰਕਾਰ ਦੀ ਆਲੋਚਨਾ ਨਹੀਂ ਕਰ ਰਿਹਾ ਪਰ ਮੇਰੇ ਦਿਮਾਗ ਵਿਚ ਰੁਕ-ਰੁਕ ਕੇ ਇਹ ਵਿਚਾਰ ਆਉਂਦਾ ਹੈ ਕਿ ਅਸੀਂ ਇਸ ਭਰਮ ਵਿਚ ਹਾਂ ਕਿ ਆਧੁਨਿਕਤਾ ਦੇ ਇਨ੍ਹਾਂ ਖਿਡੌਣਿਆਂ ਨੂੰ ਹਾਸਲ ਕਰ ਕੇ ਹੀ ਅਸੀਂ ਇਕ ਆਧੁਨਿਕ ਰਾਸ਼ਟਰ ਬਣ ਜਾਵਾਂਗੇ। ਇਹ ਸੱਚਾਈ ਨਹੀਂ ਹੈ। ਆਧੁਨਿਕ ਬਣਨ ਲਈ ਸਮਾਜ ਨੂੰ ਆਪਣਾ ਆਪ ਜ਼ਰੂਰ ਹੀ ਬਦਲਣਾ ਪਵੇਗਾ ਅਤੇ ਇਹ ਕੰਮ ਨਾ ਤਾਂ ਕੋਈ ਕੰਸਲਟੈਂਟ ਕਰ ਸਕਦਾ ਹੈ ਅਤੇ ਨਾ ਹੀ ਕੋਈ ਸਰਕਾਰ।