ਰਾਹੁਲ ਗਾਂਧੀ ਨੂੰ ਪਾਰਟੀ ਪ੍ਰਧਾਨ ਬਣਾਉਣ ਲਈ ''ਚੋਣ'' ਦੀ ਡਰਾਮੇਬਾਜ਼ੀ
Thursday, Dec 07, 2017 - 07:26 AM (IST)

ਬੇਸ਼ੱਕ ਲੰਬੇ ਸਮੇਂ ਤੋਂ 'ਮੈਂ ਨਾ ਮਾਨੂੰ' ਦਾ ਰੁਖ਼ ਅਪਣਾਈ ਬੈਠੇ ਰਾਹੁਲ ਗਾਂਧੀ ਨੂੰ ਪਾਰਟੀ ਪ੍ਰਧਾਨ ਬਣਾਉਣ ਲਈ 'ਚੋਣ' ਦੀ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ, ਫਿਰ ਵੀ ਕਾਂਗਰਸ ਨਿਰਜੀਵ ਜਿਹੀ ਅਵਸਥਾ 'ਚ ਹੈ ਅਤੇ ਆਜ਼ਾਦੀ ਹਾਸਿਲ ਕਰਨ ਤੋਂ ਬਾਅਦ ਅੱਜ ਆਪਣੇ ਸਭ ਤੋਂ ਬੁਰੇ ਦੌਰ 'ਚੋਂ ਲੰਘ ਰਹੀ ਹੈ। ਦੇਸ਼ 'ਤੇ ਲੱਗਭਗ 60 ਵਰ੍ਹਿਆਂ ਤਕ ਰਾਜ ਕਰਨ ਵਾਲੀ ਕਾਂਗਰਸ ਨੇ ਕਦੇ ਰਾਜੀਵ ਗਾਂਧੀ ਦੀ ਅਗਵਾਈ ਹੇਠ ਲੋਕ ਸਭਾ ਦੀਆਂ 400 ਤੋਂ ਵੀ ਜ਼ਿਆਦਾ ਸੀਟਾਂ ਜਿੱਤਣ ਦਾ ਰਿਕਾਰਡ ਬਣਾਇਆ ਸੀ ਪਰ ਅੱਜ ਇਹ ਪਾਰਟੀ ਸਿਰਫ 44 ਸੰਸਦ ਮੈਂਬਰਾਂ ਤਕ ਸਿਮਟ ਕੇ ਰਹਿ ਗਈ ਹੈ। ਕਰਨਾਟਕ ਤੇ ਪੰਜਾਬ ਵਰਗੇ ਦੋ ਅਹਿਮ ਸੂਬਿਆਂ ਤੋਂ ਇਲਾਵਾ ਇਹ ਤਿੰਨ ਛੋਟੇ-ਛੋਟੇ ਸੂਬਿਆਂ 'ਚ ਹੀ ਸੱਤਾ 'ਚ ਹੈ।
ਬੇਸ਼ੱਕ ਇਹ ਗੁਜਰਾਤ ਵਿਧਾਨ ਸਭਾ ਦੀਆਂ ਚੋਣਾਂ 'ਚ ਆਪਣੀਆਂ ਸਾਰੀਆਂ ਤਾਕਤਾਂ ਦਾ ਇਸਤੇਮਾਲ ਕਰ ਰਹੀ ਹੈ, ਫਿਰ ਵੀ ਪਿਛਲੇ ਹਫਤੇ ਯੂ. ਪੀ. ਦੀਆਂ ਲੋਕਲ ਬਾਡੀਜ਼ ਚੋਣਾਂ 'ਚ ਇਸ ਦੀ ਇੰਨੀ ਦੁਰਗਤੀ ਹੋਈ ਹੈ ਕਿ ਰਾਹੁਲ ਗਾਂਧੀ ਦੇ ਆਪਣੇ ਲੋਕ ਸਭਾ ਹਲਕੇ 'ਚ ਵੀ ਕਾਂਗਰਸ ਕੋਈ ਸੀਟ ਨਹੀਂ ਜਿੱਤ ਸਕੀ। ਬੇਸ਼ੱਕ ਲੋਕਲ ਬਾਡੀਜ਼ ਚੋਣਾਂ ਨੂੰ ਲੋਕ ਸਭਾ ਨੁਮਾਇੰਦਿਆਂ ਦੀ ਹਰਮਨਪਿਆਰਤਾ ਦਾ ਪੈਮਾਨਾ ਸ਼ਾਇਦ ਨਾ ਮੰਨਿਆ ਜਾਵੇ ਪਰ ਜਿਸ ਤਰ੍ਹਾਂ ਦੇਸ਼ ਦੇ ਸਭ ਤੋਂ ਅਹਿਮ ਸੂਬੇ 'ਚ ਕਾਂਗਰਸ ਸਿਆਸੀ ਤੌਰ 'ਤੇ ਚਿੱਤ ਹੋ ਗਈ ਹੈ, ਉਹ ਇਸ ਦੇ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ।
ਪਰ ਪਾਰਟੀ ਅੱਜ ਵੀ ਚਾਪਲੂਸੀ ਵਾਲਾ ਸੱਭਿਆਚਾਰ ਅਪਣਾਈ ਰੱਖਣ 'ਤੇ ਅੜੀ ਹੋਈ ਹੈ ਅਤੇ ਪਰਿਵਾਰਵਾਦੀ ਸਿਆਸਤ ਤੋਂ ਬਾਹਰ ਨਿਕਲ ਸਕਣ ਦੀ ਅਸਫਲਤਾ ਨੂੰ ਹੀ ਆਪਣੀ ਸਭ ਤੋਂ ਵੱਡੀ ਤਾਕਤ ਮੰਨ ਰਹੀ ਹੈ। ਬੇਸ਼ੱਕ ਪਾਰਟੀ 'ਚ ਪੀ. ਚਿਦਾਂਬਰਮ ਅਤੇ ਸ਼ਸ਼ੀ ਥਰੂਰ ਵਰਗੇ ਤਜਰਬੇਕਾਰ ਅਤੇ ਕਾਬਲ ਨੇਤਾਵਾਂ ਤੋਂ ਇਲਾਵਾ ਸਚਿਨ ਪਾਇਲਟ ਤੇ ਜਯੋਤਿਰਾਦਿੱਤਿਆ ਸਿੰਧੀਆ ਵਰਗੇ ਗਤੀਸ਼ੀਲ ਨੌਜਵਾਨ ਆਗੂ ਮੌਜੂਦ ਹਨ, ਫਿਰ ਵੀ ਪਾਰਟੀ ਨਹਿਰੂ-ਗਾਂਧੀ ਪਰਿਵਾਰ ਦੇ ਯੁਵਰਾਜ ਦੀ ਉਂਗਲੀ ਫੜੇ ਬਿਨਾਂ ਚੱਲਣ 'ਚ ਖੁਦ ਨੂੰ ਅਸਮਰੱਥ ਸਮਝ ਰਹੀ ਹੈ।
ਇਸ ਨੂੰ ਰਾਹੁਲ ਗਾਂਧੀ ਦੀ ਬਦਨਸੀਬੀ ਹੀ ਕਹੋ ਕਿ ਉਹ ਆਪਣੇ ਲਈ ਮੈਰਿਟ ਦੇ ਆਧਾਰ 'ਤੇ ਸਿਆਸੀ ਸਥਾਨ ਬਣਾ ਸਕਣ 'ਚ ਸਫਲ ਨਹੀਂ ਹੋਏ ਹਨ ਅਤੇ ਨਾ ਹੀ ਉਨ੍ਹਾਂ ਨੇ ਅਜਿਹੀਆਂ ਮੁਹਿੰਮਾਂ ਦੀ ਅਗਵਾਈ ਕੀਤੀ ਹੈ, ਜਿਨ੍ਹਾਂ ਦੇ ਸਿੱਟੇ ਵਜੋਂ ਪਾਰਟੀ ਆਪਣੇ ਖੁੱਸੇ ਹੋਏ ਜਨ-ਆਧਾਰ ਨੂੰ ਮੁੜ ਹਾਸਲ ਕਰ ਸਕੇ। ਇਸ ਦੀ ਸਭ ਤੋਂ ਤਾਜ਼ਾ ਅਤੇ ਪ੍ਰਭਾਵਸ਼ਾਲੀ ਜਿੱਤ ਪੰਜਾਬ 'ਚ ਹੋਈ ਹੈ ਪਰ ਇਸ ਦੇ ਲਈ ਰਾਹੁਲ ਗਾਂਧੀ ਨੂੰ ਕੋਈ ਸਿਹਰਾ ਨਹੀਂ ਦਿੱਤਾ ਜਾ ਸਕਦਾ। ਕੈਪਟਨ ਅਮਰਿੰਦਰ ਸਿੰਘ ਨੂੰ ਜ਼ਰੂਰ ਸਿਹਰਾ ਦੇਣਾ ਬਣਦਾ ਹੈ ਕਿਉਂਕਿ ਖੁੱਲ੍ਹੀ ਛੋਟ ਦਿੱਤੇ ਜਾਣ (ਪਾਰਟੀ ਤੋਂ ਜ਼ਬਰਦਸਤੀ ਅਜਿਹੀ ਛੋਟ ਲੈਣ) 'ਤੇ ਉਨ੍ਹਾਂ ਨੇ ਪੰਜਾਬ 'ਚ ਕਾਂਗਰਸ ਨੂੰ ਜਿਤਾਇਆ ਤੇ ਰਾਹੁਲ ਗਾਂਧੀ ਨੇ ਇਸ 'ਚ ਕੋਈ ਭੂਮਿਕਾ ਨਹੀਂ ਨਿਭਾਈ। ਅਸਲ 'ਚ ਪੰਜਾਬ ਦੇ ਪਾਰਟੀ ਆਗੂ ਰਾਹੁਲ ਗਾਂਧੀ ਨੂੰ ਚੋਣ ਮੁਹਿੰਮ ਲਈ ਸੱਦਣ ਦੀ ਕੋਈ ਇੱਛਾ ਰੱਖਦੇ ਹੀ ਨਹੀਂ ਸਨ।
ਹਿਮਾਚਲ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਵੀ ਇਹੋ ਭਾਵਨਾ ਦੇਖਣ ਨੂੰ ਮਿਲੀ ਤੇ ਹੁਣ ਉਨ੍ਹਾਂ ਦੇ ਨਤੀਜਿਆਂ ਦੀ ਉਡੀਕ ਹੈ। ਉਥੇ 83 ਸਾਲਾ ਮੁੱਖ ਮੰਤਰੀ ਵੀਰਭੱਦਰ ਸਿੰਘ ਨੇ ਅੱਗੇ ਲੱਗ ਕੇ ਚੋਣ ਮੁਹਿੰਮ ਦੀ ਅਗਵਾਈ ਕੀਤੀ। ਰਾਹੁਲ ਗਾਂਧੀ ਨੇ ਮੁੱਠੀ ਭਰ ਰੈਲੀਆਂ ਨੂੰ ਹੀ ਸੰਬੋਧਨ ਕੀਤਾ ਤੇ ਚੋਣ ਮੁਹਿੰਮ ਚਲਾਉਣ ਲਈ ਪਾਰਟੀ ਉਮੀਦਵਾਰਾਂ ਦੇ ਉਹ ਚਹੇਤੇ ਨਹੀਂ ਸਨ।
ਫਿਰ ਵੀ ਪਾਰਟੀ ਦੇ ਸੀਨੀਅਰ ਆਗੂਆਂ 'ਚ ਇਕ ਦੌੜ ਜਿਹੀ ਲੱਗੀ ਹੋਈ ਹੈ ਕਿ ਰਾਹੁਲ ਗਾਂਧੀ ਨੂੰ ਉਨ੍ਹਾਂ ਦੀ ਬੀਮਾਰ ਮਾਂ ਸੋਨੀਆ ਗਾਂਧੀ ਦੀ ਥਾਂ ਛੇਤੀ ਤੋਂ ਛੇਤੀ ਪਾਰਟੀ ਦੀ ਕਮਾਨ ਸੌਂਪੀ ਜਾਵੇ। ਪਾਰਟੀ ਦੇ ਚੋਟੀ ਦੇ ਨੇਤਾ ਰਾਹੁਲ ਦੇ ਪੱਖ 'ਚ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਦੌੜ 'ਚ ਇਕ-ਦੂਜੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ 'ਚ ਰਹੇ।
ਇਥੋਂ ਤਕ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਉਨ੍ਹਾਂ ਦੇ ਸਾਬਕਾ ਕੈਬਨਿਟ ਸਹਿਯੋਗੀ ਪੀ. ਚਿਦਾਂਬਰਮ ਨੇ ਵੀ ਉਨ੍ਹਾਂ ਦੇ ਹੀ ਪੱਖ 'ਚ ਨਾਮਜ਼ਦਗੀ ਪੱਤਰਾਂ 'ਤੇ ਦਸਤਖਤ ਕੀਤੇ ਹਨ। ਇਨ੍ਹਾਂ ਤੋਂ ਇਲਾਵਾ ਸੁਨੀਲ ਕੁਮਾਰ ਸ਼ਿੰਦੇ ਅਤੇ ਆਨੰਦ ਸ਼ਰਮਾ ਵਰਗੇ ਸੀਨੀਅਰ ਨੇਤਾ ਰਾਹੁਲ ਗਾਂਧੀ ਦੇ ਪੱਖ 'ਚ ਭੁਗਤੇ ਹਨ। ਗੁਲਾਮ ਨਬੀ ਆਜ਼ਾਦ ਤੇ ਮਲਿਕਾਰਜੁਨ ਖੜਗੇ ਵਰਗੇ ਕਾਂਗਰਸ ਕਾਰਜ ਕਮੇਟੀ ਦੇ ਮੈਂਬਰ ਅਤੇ ਕੁਲਹਿੰਦ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸ਼ਾਇਦ ਨਾਮਜ਼ਦਗੀ ਪੱਤਰਾਂ ਦੇ 3 ਜਾਂ 4 ਸੈੱਟਾਂ 'ਤੇ ਦਸਤਖਤ ਕਰਨਗੇ।
ਅਜਿਹਾ ਨਹੀਂ ਕਿ ਇਹ ਨੇਤਾ ਖੁਦ ਮੌਕਾ ਨਹੀਂ ਹਥਿਆਉਣਾ ਚਾਹੁੰਦੇ ਅਤੇ ਇਹ ਯਕੀਨੀ ਨਹੀਂ ਬਣਾਉਣਾ ਚਾਹੁੰਦੇ ਕਿ ਕੁਝ ਨਾਮਜ਼ਦਗੀ ਪੱਤਰ ਰੱਦ ਹੋ ਜਾਣ ਤੇ ਰਾਹੁਲ ਦੀ ਉਮੀਦਵਾਰੀ ਅੱਧ-ਵਿਚਾਲੇ ਲਟਕ ਜਾਵੇ। ਹੁਣ ਤਕ ਨਾਮਜ਼ਦਗੀ ਦਸਤਾਵੇਜ਼ਾਂ ਦੇ ਕੁਲ 89 ਸੈੱਟ ਦਾਇਰ ਹੋਏ ਹਨ, ਜੋ ਆਪਣੇ ਆਪ 'ਚ ਇਕ ਰਿਕਾਰਡ ਹੈ। ਇਸ ਤੋਂ ਪਹਿਲਾਂ 2010 'ਚ ਜਦੋਂ ਸੋਨੀਆ ਗਾਂਧੀ ਨੂੰ ਪ੍ਰਧਾਨ 'ਚੁਣਿਆ' ਗਿਆ ਸੀ ਤਾਂ 56 ਸੈੱਟ ਦਾਇਰ ਹੋਏ ਸਨ, ਜੋ ਉਦੋਂ ਤਕ ਇਕ ਰਿਕਾਰਡ ਸੀ।
ਸੂਬਿਆਂ 'ਚ ਵੀ ਇਸੇ ਕਵਾਇਦ ਨੂੰ ਅਮਲ 'ਚ ਲਿਆਂਦਾ ਜਾ ਰਿਹਾ ਹੈ, ਜਿਥੇ ਇਕ ਵਾਰ ਫਿਰ ਸੀਨੀਅਰ ਆਗੂ ਰਾਹੁਲ ਦੇ ਪੱਖ 'ਚ ਦਸਤਖਤ ਕਰਨ ਲਈ ਇੰਝ ਦੌੜ-ਭੱਜ ਕਰ ਰਹੇ ਹਨ, ਜਿਵੇਂ ਅਗਲਾ ਦਿਨ ਹੀ ਨਾ ਚੜ੍ਹਨਾ ਹੋਵੇ ਅਤੇ ਸਭ ਕੁਝ ਅੱਜ ਹੀ ਕਰਨ ਦੀ ਮਜਬੂਰੀ ਹੋਵੇ। ਤ੍ਰਾਸਦੀ ਦੇਖੋ ਕਿ ਅਜੇ ਤਕ ਰਾਹੁਲ ਵਿਰੁੱਧ ਇਕ ਵੀ ਨੇਤਾ ਅਖਾੜੇ 'ਚ ਨਹੀਂ ਨਿੱਤਰਿਆ। ਜੇ ਕੋਈ ਅਜਿਹਾ ਕਰਨ ਦੀ ਹਿੰਮਤ ਕਰੇਗਾ ਤਾਂ ਸਮਝੋ, ਉਹ ਆਪਣੇ ਹੀ ਪੈਰਾਂ 'ਤੇ ਕੁਹਾੜੀ ਮਾਰ ਰਿਹਾ ਹੋਵੇਗਾ।
ਫਿਰ ਵੀ ਰਾਹੁਲ ਗਾਂਧੀ ਨੂੰ ਇਸ ਗੱਲ ਦਾ ਸਿਹਰਾ ਦੇਣਾ ਪਵੇਗਾ ਕਿ ਗੁਜਰਾਤ ਦੀ ਚੋਣ ਮੁਹਿੰਮ 'ਚ ਉਨ੍ਹਾਂ ਨੂੰ ਹੁਣ ਤਕ ਦੀ ਕਿਸੇ ਵੀ ਚੋਣ ਮੁਹਿੰਮ ਦੇ ਮੁਕਾਬਲੇ ਚੰਗੀ ਪ੍ਰਤੀਕਿਰਿਆ ਮਿਲ ਰਹੀ ਹੈ। ਜਿਥੇ ਕਿਸੇ ਮੁਹਿੰਮ ਦੀ ਅਗਵਾਈ ਕਰਨ ਦੀ ਉਨ੍ਹਾਂ ਦੀ ਕਾਬਲੀਅਤ ਅਤੇ ਹਰਮਨਪਿਆਰਤਾ 'ਤੇ ਗੁਜਰਾਤ ਦੇ ਚੋਣ ਨਤੀਜਿਆਂ ਨਾਲ ਹੀ ਮੋਹਰ ਲੱਗੇਗੀ, ਉਥੇ ਹੀ ਉਨ੍ਹਾਂ ਦੀ ਕਾਰਜਸ਼ੈਲੀ 'ਚ ਇਕ ਪ੍ਰਤੱਖ ਤਬਦੀਲੀ ਨਜ਼ਰ ਆ ਰਹੀ ਹੈ ਅਤੇ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਨੂੰ ਕੋਈ ਸਮਝਦਾਰ ਸਲਾਹਕਾਰ ਮਿਲ ਗਿਆ ਹੈ।
ਹੁਣ ਰਾਹੁਲ ਦਾ ਰਵੱਈਆ ਪਹਿਲਾਂ ਵਰਗਾ ਨਹੀਂ ਰਿਹਾ, ਜਦੋਂ ਉਹ ਗੱਲ-ਗੱਲ 'ਤੇ ਬਾਹਾਂ ਚੜ੍ਹਾਉਣਾ ਸ਼ੁਰੂ ਕਰ ਦਿੰਦੇ ਸਨ ਜਾਂ ਫਿਰ ਕਿਸੇ ਪ੍ਰੈੱਸ ਕਾਨਫਰੰਸ 'ਚ ਹਨੇਰੀ ਵਾਂਗ ਆਉਂਦਿਆਂ ਪ੍ਰਸਤਾਵਿਤ ਬਿੱਲ ਪਾੜ ਦਿੰਦੇ ਸਨ ਜਾਂ ਆਪਣੇ ਭਾਸ਼ਣ 'ਚ ਹੀ ਗੜਬੜ ਕਰ ਦਿੰਦੇ ਸਨ। ਬੇਸ਼ੱਕ ਇਹ ਅਟਕਲਾਂ ਲਾਉਣ ਵਾਲੀ ਗੱਲ ਹੋਵੇ ਪਰ ਅਜਿਹੇ ਸੰਕੇਤ ਹਨ ਕਿ ਹੁਣ ਰਾਹੁਲ ਦੀ ਕਾਰਜਸ਼ੈਲੀ 'ਚ 'ਪਰਸਨਲ ਟੱਚ' ਦਿਖਾਈ ਦੇਣ ਲੱਗਾ ਹੈ। ਸ਼ਾਇਦ ਉਨ੍ਹਾਂ ਦੇ ਸਲਾਹਕਾਰਾਂ ਅਤੇ ਭਾਸ਼ਣ ਲੇਖਕਾਂ ਦੀ ਟੋਲੀ 'ਚ ਕੋਈ ਤਬਦੀਲੀ ਹੋਈ ਹੈ।
ਉਂਝ ਇਕ ਸਿਆਸਤਦਾਨ ਵਜੋਂ ਰਾਹੁਲ ਨੂੰ ਅਜੇ ਵੀ ਖੁਦ ਨੂੰ ਸਿੱਧ ਕਰ ਕੇ ਦਿਖਾਉਣਾ ਪਵੇਗਾ। ਜੇ ਉਹ ਅਜਿਹਾ ਨਹੀਂ ਕਰਦੇ ਤਾਂ ਪਾਰਟੀ ਪ੍ਰਧਾਨ ਦੇ ਅਹੁਦੇ ਲਈ 'ਚੋਣ' ਦੀ ਡਰਾਮੇਬਾਜ਼ੀ ਕਰਨ ਦੀ ਕੋਈ ਲੋੜ ਹੀ ਨਹੀਂ।
vipinpubby@gmail.com