ਰਾਜਕੁਮਾਰ ਵਾਂਗ ਜੰਮੇ-ਪਲੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਸਾਬਤ ਹੋਈ ਟਰੈਡਮਿਲ ਵਾਕ : ਤਰੁਣ ਚੁੱਘ

Monday, Apr 17, 2023 - 12:07 AM (IST)

ਰਾਜਕੁਮਾਰ ਵਾਂਗ ਜੰਮੇ-ਪਲੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਸਾਬਤ ਹੋਈ ਟਰੈਡਮਿਲ ਵਾਕ : ਤਰੁਣ ਚੁੱਘ

ਜਲੰਧਰ (ਅਨਿਲ ਪਾਹਵਾ) : ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਦਾਅਵਾ ਕੀਤਾ ਹੈ ਕਿ ਦੇਸ਼ ਵਿਚ ਵਿਰੋਧੀ ਧਿਰ ਦੇ ਲੋਕ ਮਜ਼ਬੂਤ ਸਰਕਾਰ ਨੂੰ ਹਟਾ ਕੇ ਮਜਬੂਰ ਸਰਕਾਰ ਬਣਾਉਣਾ ਚਾਹੁੰਦੇ ਹਨ ਅਤੇ ਲਗਭਗ 2 ਦਰਜਨ ਨੇਤਾ ਅਜਿਹੇ ਹਨ ਜੋ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਵੇਖ ਰਹੇ ਹਨ ਪਰ ਦੇਸ਼ ਦੀ ਜਨਤਾ ਪ੍ਰਧਾਨ ਮੰਤਰੀ ਦੇ ਤੌਰ ’ਤੇ ਨਰਿੰਦਰ ਮੋਦੀ ਤੋਂ ਇਲਾਵਾ ਕਿਸੇ ਨੂੰ ਨਹੀਂ ਵੇਖਣਾ ਚਾਹੁੰਦੀ ਕਿਉਂਕਿ ਪਿਛਲੇ 9 ਸਾਲਾਂ ’ਚ ਜੋ ਦੇਸ਼ ਦੀ ਅਰਥਵਿਵਸਥਾ ਮਜ਼ਬੂਤ ਹੋਈ ਹੈ, ਉਹ ਪਹਿਲਾਂ ਕਦੇ ਨਹੀਂ ਰਹੀ। ਤਰੁਣ ਚੁੱਘ ਨੇ ਰਾਹੁਲ ਗਾਂਧੀ ਸਬੰਧੀ ਕੇ. ਸੀ. ਆਰ. ਤੇ ਹੋਰ ਨੇਤਾਵਾਂ ’ਤੇ ਖੁੱਲ੍ਹ ਕੇ ਹਮਲਾ ਬੋਲਿਆ। ਪੇਸ਼ ਹੈ ਉਨ੍ਹਾਂ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼ :

–ਮੋਦੀ ਸਰਕਾਰ ਦੇ 9 ਸਾਲ ਕਿਵੇਂ ਬਿਹਤਰ ਹਨ?

ਦੇਸ਼ ਵਿਚ 9 ਸਾਲ ਤੋਂ ਵਾਗਡੋਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥਾਂ ਵਿਚ ਹੈ, ਜੋ ਕਿਸੇ ਰਾਜੇ ਦੇ ਬੇਟੇ ਨਹੀਂ, ਸਗੋਂ ਇਕ ਆਮ ਪਰਿਵਾਰ ਤੋਂ ਹਨ। ਲੋਕਾਂ ਨੇ ਉਨ੍ਹਾਂ ਨੂੰ ਬਹੁਮਤ ਦਿੱਤਾ ਅਤੇ ਦੇਸ਼ ਦਾ ਪ੍ਰਧਾਨ ਸੇਵਕ ਬਣਾਇਆ। 9 ਸਾਲ ਦੇ ਕਾਰਜਕਾਲ ’ਚ ਉਨ੍ਹਾਂ ਗਰੀਬਾਂ ਲਈ ਮੈਡੀਕਲ ਇੰਸ਼ੋਰੈਂਸ, ਭੋਜਨ ਅਤੇ ਘਰਾਂ ਵਿਚ ਟਾਇਲਟ ਵਰਗੀਆਂ ਸਹੂਲਤਾਂ ਤਾਂ ਦਿੱਤੀਆਂ ਹੀ, ਨਾਲ ਹੀ ਦੇਸ਼ ਦੀ ਅਰਥਵਿਵਸਥਾ ਨੂੰ ਦਰੁਸਤ ਕਰਨ ’ਚ ਕੋਈ ਕਮੀ ਨਹੀਂ ਛੱਡੀ।

ਕਦੇ ਹੱਥ ਫੈਲਾਅ ਕੇ ਖੜ੍ਹਾ ਰਹਿਣ ਵਾਲਾ ਭਾਰਤ ਅੱਜ ਦੁਨੀਆ ਦੀ ਕਈ ਤਰ੍ਹਾਂ ਮਦਦ ਕਰ ਰਿਹਾ ਹੈ। ਭਾਵੇਂ ਉਹ ਕੋਰੋਨਾ ਦੀ ਵੈਕਸੀਨ ਦਾ ਮਾਮਲਾ ਹੋਵੇ ਜਾਂ ਦੇਸ਼ ਕੋਲ ਮੌਜੂਦ ਲੇਟੈਸਟ ਤਕਨੀਕ, ਜਿਸ ਨੂੰ ਉਹ ਹੋਰ ਦੇਸ਼ਾਂ ਨਾਲ ਸ਼ੇਅਰ ਕਰ ਰਿਹਾ ਹੈ।

–ਰਾਹੁਲ ਗਾਂਧੀ ਦੀ ਸਿਆਸਤ ’ਤੇ ਕੀ ਕਹੋਗੇ?

ਰਾਹੁਲ ਗਾਂਧੀ ਇਕ ਜਨਮ ਤੋਂ ਪੈਦਾ ਰਾਜਾ ਹੈ, ਜਿਸ ਨੂੰ ਬਚਪਨ ਤੋਂ ਹੀ ਇਹ ਪੜ੍ਹਾਇਆ ਜਾਂਦਾ ਰਿਹਾ ਹੈ ਕਿ ਤੂੰ ਰਾਜਕੁਮਾਰ ਏਂ ਅਤੇ ਤੂੰ ਹੀ ਰਾਜਾ ਬਣੇਂਗਾ। ਰਾਹੁਲ ਗਾਂਧੀ ਖੁਦ ਨੂੰ ਰਾਜਾ ਹੀ ਸਮਝ ਬੈਠੇ ਪਰ ਇਹ ਭੁੱਲ ਗਏ ਕਿ ਭਾਰਤ ਲੋਕਤੰਤਰ ਦਾ ਦੇਸ਼ ਹੈ। ਉਹ ਦੌਰ ਖਤਮ ਹੋ ਗਿਆ ਜਦੋਂ ਇੱਥੇ ਰਾਜਾ-ਮਹਾਰਾਜਾ ਹੁੰਦੇ ਸਨ। ਹੁਣ ਤਾਂ ਪ੍ਰਧਾਨ ਸੇਵਕ ਦਾ ਦੌਰ ਹੈ। ਉਂਝ ਰਾਹੁਲ ਗਾਂਧੀ ਨੂੰ ਕਾਂਗਰਸ ਦਾ ਡਿਜ਼ਨੀ ਪ੍ਰਿੰਸ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ। ਉਨ੍ਹਾਂ ਨੂੰ ਦੇਸ਼ ਦੀ ਸਿਆਸਤ ’ਚ 4 ਵਾਰ ਲਾਂਚ ਕੀਤਾ ਗਿਆ ਅਤੇ ਹੈਰਾਨੀ ਦੀ ਗੱਲ ਹੈ ਕਿ ਉਹ ਸਫਲ ਨਹੀਂ ਹੋ ਸਕੇ ਕਿਉਂਕਿ ਉਨ੍ਹਾਂ ਦੀ ਪਰਵਰਿਸ਼ ਇਕ ਰਾਜਕੁਮਾਰ ਦੇ ਤੌਰ ’ਤੇ ਹੋਈ ਹੈ ਅਤੇ ਪਾਰਟੀ ਨੂੰ ਚਲਾਉਣ ਦੀ ਉਨ੍ਹਾਂ ਵਿਚ ਸਮਰੱਥਾ ਨਹੀਂ। ਉਨ੍ਹਾਂ ਦੀ ਤਾਂ ਭਾਰਤ ਜੋੜੋ ਯਾਤਰਾ ਵੀ ਟਰੈਡਮਿਲ ਵਾਕ ਹੀ ਸਾਬਤ ਹੋਈ ਕਿਉਂਕਿ ਉਸ ਦਾ ਉਨ੍ਹਾਂ ਨੂੰ ਕੋਈ ਫਾਇਦਾ ਨਹੀਂ ਮਿਲਿਆ।

–ਰਾਹੁਲ ਗਾਂਧੀ ਨੂੰ ਅਦਾਲਤ ਤੋਂ ਮਿਲੀ ਸਜ਼ਾ ’ਤੇ ਤੁਹਾਡਾ ਕੀ ਕਹਿਣਾ ਹੈ?

ਰਾਹੁਲ ਨੂੰ ਲੱਗਦਾ ਸੀ ਕਿ ਦੇਸ਼ ਵਿਚ ਨਹਿਰੂ, ਗਾਂਧੀ ਹੀ ਸਭ ਤੋਂ ਉੱਪਰ ਹਨ। ਇਸ ਤੋਂ ਇਲਾਵਾ ਦੇਸ਼ ਵਿਚ ਕੁਝ ਨਹੀਂ ਹੈ। ਅਦਾਲਤ ਦੇ ਫੈਸਲੇ ਨੇ ਉਨ੍ਹਾਂ ਦਾ ਭੁਲੇਖਾ ਦੂਰ ਕਰ ਦਿੱਤਾ ਹੈ ਅਤੇ ਅੱਜ ਹਾਲਤ ਇਹ ਹੋ ਗਈ ਹੈ ਕਿ ਉਨ੍ਹਾਂ ਨੂੰ ਅਦਾਲਤ ਨੇ ਸਜ਼ਾ ਤਾਂ ਸੁਣਾਈ ਹੀ, ਨਾਲ ਹੀ ਸੰਸਦ ਦੀ ਮੈਂਬਰੀ ਤੋਂ ਵੀ ਹੱਥ ਧੋਣਾ ਪਿਆ। ਰਾਹੁਲ ਗਾਂਧੀ ਨੂੰ ਬਚਪਨ ਤੋਂ ਹੀ ਰਾਜਕੁਮਾਰ ਵਾਲੀ ਫੀਲਿੰਗ ਆ ਰਹੀ ਸੀ ਅਤੇ ਉਨ੍ਹਾਂ ਨੂੰ ਲੱਗਦਾ ਸੀ ਕਿ ਕਾਨੂੰਨ ਉਨ੍ਹਾਂ ਦਾ ਕੁਝ ਵਿਗਾੜ ਨਹੀਂ ਸਕੇਗਾ ਪਰ ਦੇਸ਼ ਦੇ ਸੰਵਿਧਾਨ ਤੇ ਕਾਨੂੰਨ ਦੀ ਤਾਕਤ ਉਨ੍ਹਾਂ ਨੂੰ ਸ਼ਾਇਦ ਹੁਣ ਪਤਾ ਲੱਗੀ ਹੈ।

–ਅਡਾਨੀ ਦੇ ਨਾਂ ’ਤੇ ਭਾਜਪਾ ਨੂੰ ਘੇਰ ਰਹੀ ਹੈ ਵਿਰੋਧੀ ਧਿਰ?

ਇਹ ਕਾਂਗਰਸ ਦੀ ਗਲਤ ਤੇ ਝੂਠੀ ਮੂਵਮੈਂਟ ਸੀ ਅਤੇ ਖੁਦ ਕਾਂਗਰਸ ਦੇ ਲੋਕਾਂ ਨੇ ਇਸ ਨੂੰ ਗਲਤ ਕਰਾਰ ਦਿੱਤਾ ਹੈ। ਮੈਂ ਤਾਂ ਕਹਿੰਦਾ ਹਾਂ ਕਿ ਇਸ ਮਾਮਲੇ ’ਚ ਰਾਹੁਲ ਗਾਂਧੀ ਤੇ ਕਾਂਗਰਸ ਨੂੰ ਬਾਕਾਇਦਾ ਮੁਆਫੀ ਮੰਗਣੀ ਚਾਹੀਦੀ ਹੈ ਕਿ ਉਨ੍ਹਾਂ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਦੇ ਤੌਰ ’ਤੇ ਮੰਨੀ ਜਾਂਦੀ ਸੰਸਦ ਦਾ ਸਮਾਂ ਵਿਅਰਥ ਗੁਆਇਆ ਹੈ।

–ਜੰਮੂ-ਕਸ਼ਮੀਰ ’ਚ ਚੋਣਾਂ ਕਦੋਂ ਹੋਣਗੀਆਂ?

ਗਾਂਧੀ, ਨਹਿਰੂ, ਅਬਦੁੱਲਾ ਤੇ ਮੁਫਤੀ ਇਹ 4 ਪਰਿਵਾਰ ਹਨ, ਜਿਨ੍ਹਾਂ ਨੇ ਜੰਮੂ-ਕਸ਼ਮੀਰ ਨੂੰ ਖੂਬ ਲੁੱਟਿਆ ਅਤੇ ਵਿਕਾਸ ਨਹੀਂ ਹੋਣ ਦਿੱਤਾ। 1989 ’ਚ ਕਸ਼ਮੀਰੀ ਪੰਡਿਤਾਂ ਦਾ ਜੋ ਹਾਲ ਕੀਤਾ ਗਿਆ, ਉਹ ਸਭ ਨੂੰ ਪਤਾ ਹੈ। ਟੈਰੇਰਿਜ਼ਮ ਕਲਚਰ ਨੂੰੰ ਖੂਬ ਉਤਸ਼ਾਹ ਦਿੱਤਾ ਗਿਆ ਪਰ ਭਾਜਪਾ ਨੇ ਸੱਤਾ ਵਿਚ ਆਉਣ ਤੋਂ ਬਾਅਦ ਜੰਮੂ-ਕਸ਼ਮੀਰ ਸਬੰਧੀ ਜੋ ਯੋਜਨਾ ਬਣਾਈ, ਉਹ ਸਫਲ ਹੁੰਦੀ ਨਜ਼ਰ ਆ ਰਹੀ ਹੈ।

ਪੰਚਾਇਤ ਦੀਆਂ ਚੋਣਾਂ ਹੋ ਚੁੱਕੀਆਂ ਹਨ, ਹੱਦਾਂ ਤੈਅ ਹੋ ਰਹੀਆਂ ਹਨ, ਵੋਟਾਂ ਬਣ ਰਹੀਆਂ ਹਨ, ਮੈਨੂੰ ਲੱਗਦਾ ਹੈ ਕਿ 3-4 ਮਹੀਨਿਆਂ ’ਚ ਜੰਮੂ-ਕਸ਼ਮੀਰ ’ਚ ਚੋਣਾਂ ਦਾ ਦੌਰ ਦੇਖਣ ਨੂੰ ਮਿਲੇਗਾ।

–ਬਠਿੰਡਾ ਮਿਲਟਰੀ ਸਟੇਸ਼ਨ ’ਤੇ ਹਮਲਾ ਕਿਸ ਦੀ ਸਾਜ਼ਿਸ਼ ਸੀ?

ਬਠਿੰਡਾ ’ਚ ਮਿਲਟਰੀ ਸਟੇਸ਼ਨ ’ਤੇ ਜੋ ਹਮਲਾ ਹੋਇਆ, ਉਹ ਨਿੰਦਣਯੋਗ ਸੀ। ਕੇਂਦਰੀ ਜਾਂਚ ਏਜੰਸੀਆਂ ਇਸ ਦੀ ਜਾਂਚ ਕਰ ਰਹੀਆਂ ਹਨ। ਮੈਂ ਇਸ ’ਤੇ ਟਿੱਪਣੀ ਨਹੀਂ ਕਰਨੀ ਚਾਹੁੰਦਾ ਪਰ ਜਿੱਥੋਂ ਤਕ ਪੰਜਾਬ ਦੀ ਗੱਲ ਹੈ ਤਾਂ ਸੂਬੇ ’ਚ ਕਾਨੂੰਨ ਵਿਵਸਥਾ ਦੀ ਹਾਲਤ ਲਗਾਤਾਰ ਖਰਾਬ ਹੋ ਰਹੀ ਹੈ। ਗੈਂਗਸਟਰਾਂ ਤੇ ਰੰਗਦਾਰੀ ਦੀ ਨਵੀਂ ਇੰਡਸਟ੍ਰੀ ਬਣਨੀ ਸ਼ੁਰੂ ਹੋ ਗਈ ਹੈ, ਜਿਸ ਕਾਰਨ ਲੋਕਾਂ ਨੂੰ ਧਮਕੀਆਂ ਮਿਲ ਰਹੀਆਂ ਹਨ, ਉਨ੍ਹਾਂ ਕੋਲੋਂ ਪੈਸੇ ਠੱਗੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਕਤਲ ਕੀਤੇ ਜਾ ਰਹੇ ਹਨ।

ਪੰਜਾਬ ਦੀ ਬਹਾਦਰ ਪੁਲਸ ਨੂੰ ਇੱਥੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਬਾਅ ’ਚ ਰੱਖਿਆ ਹੋਇਆ ਹੈ ਅਤੇ ਉਸ ਨੂੰ ਆਪਣਾ ਕੰਮ ਕਰਨ ਨਹੀਂ ਦਿੱਤਾ ਜਾ ਰਿਹਾ। ਪਹਿਲਾਂ ਜੇਲਾਂ ’ਚੋਂ ਗੈਂਗਸਟਰ ਕਤਲ ਕਰਵਾਉਂਦੇ ਸਨ। ਹੁਣ ਤਾਂ ਜੇਲਾਂ ਵਿਚ ਸਟੂਡੀਓ ਬਣ ਗਏ ਹਨ ਜਿੱਥੋਂ ਸ਼ਰੇਆਮ ਇੰਟਰਵਿਊ ਚੱਲ ਰਹੇ ਹਨ।

–ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਇਕ ਸਾਲ ’ਤੇ ਤੁਸੀਂ ਕੀ ਕਹੋਗੇ?

ਮੈਨੂੰ ਯਾਦ ਹੈ ਕਿ ਸੂਬੇ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਸੰਸਦ ਮੈਂਬਰ ਹੁੰਦੇ ਸਨ ਤਾਂ ਬਾਕਾਇਦਾ ਚੁਟਕਲੇ ਸੁਣਾਇਆ ਕਰਦੇ ਸਨ ਕਿ ਕੋਠੀਆਂ ਵਿਚ ਅਟੈਚੀ ਪਹੁੰਚ ਰਹੇ ਹਨ। ਉਹ ਦਾਅਵਾ ਕਰਦੇ ਸਨ ਕਿ ਪੰਜਾਬ ’ਚ ਜਿੰਨਾ ਮਾਫੀਆ ਹੈ, ਉਹ ਸਭ ਆਮ ਆਦਮੀ ਪਾਰਟੀ ਖਤਮ ਕਰ ਦੇਵੇਗੀ ਪਰ ਮੇਰਾ ਸਿੱਧਾ ਸਵਾਲ ਹੈ ਕਿ ਅੱਜ ਪੰਜਾਬ ’ਚ ਕੇਬਲ, ਰੇਤ ਤੇ ਟਰਾਂਸਪੋਰਟ ਮਾਫੀਆ ਪਾਵਰਫੁਲ ਹੋ ਰਿਹਾ ਹੈ ਤਾਂ ਹੁਣ ਕਿਸ ਕੋਠੀ ਵਿਚ ਅਟੈਚੀ ਪਹੁੰਚ ਰਹੇ ਹਨ? ਸੀ. ਐੱਮ. ਮਾਨ ਦੇ ਰਾਜ ’ਚ ਮਾਫੀਆ ਪਾਵਰਫੁਲ ਕਿਵੇਂ ਹੋ ਗਿਆ?

–ਦਿੱਲੀ ਦੇ ਸੀ. ਐੱਮ. ਅਰਵਿੰਦ ਕੇਜਰੀਵਾਲ ਨੂੰ ਸੀ. ਬੀ. ਆਈ. ਦੇ ਨੋਟਿਸ ’ਤੇ ਤੁਸੀਂ ਕੀ ਕਹੋਗੇ?

ਕਾਨੂੰਨ ਆਪਣਾ ਕੰਮ ਕਰਦਾ ਹੈ। ਜਾਂਚ ਏਜੰਸੀ ਨੂੰ ਜੇ ਕੁਝ ਸਬੂਤ ਮਿਲੇ ਹੋਣਗੇ ਤਾਂ ਹੀ ਉਹ ਅੱਗੇ ਦੀ ਕਾਰਵਾਈ ਕਰਦੀ ਹੈ। ਕੇਜਰੀਵਾਲ ਨੂੰ ਵੀ ਜੇ ਸੱਦਿਆ ਗਿਆ ਹੈ ਤਾਂ ਕੁਝ ਤਾਂ ਕਾਰਨ ਹੋਵੇਗਾ ਹੀ। ਉਂਝ ਇਹ ਗੱਲ ਤਾਂ ਸਪਸ਼ਟ ਹੀ ਹੈ ਕਿ ਦਿੱਲੀ ਦੇ ਸ਼ਰਾਬ ਘਪਲਿਆਂ ’ਚ ਅਟੈਚੀ ਇੱਧਰੋਂ-ਇੱਧਰ ਹੋਈ, ਇਹ ਸਾਰੀਆਂ ਗੱਲਾਂ ਤਾਂ ਖੁਦ ਗਵਾਹ ਕਹਿ ਰਹੇ ਹਨ। ਮੋਬਾਇਲ ਤੋੜੇ ਜਾਣ ਤੋਂ ਲੈ ਕੇ ਅਟੈਚੀਆਂ ਦੇ ਅਦਾਨ-ਪ੍ਰਦਾਨ ਦੇ ਸਬੂਤ ਮਿਲ ਰਹੇ ਹਨ। ਮੇਰਾ ਤਾਂ ਇਕ ਸਵਾਲ ਹੈ ਕਿ ਜੇ ਜਾਂਚ ਏਜੰਸੀਆਂ ਕਿਤੇ ਧੱਕਾ ਕਰ ਰਹੀਆਂ ਸਨ ਤਾਂ ਫਿਰ ਦਿੱਲੀ ਦੇ ਸਾਬਕਾ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਸਤੇਂਦਰ ਜੈਨ ਨੂੰ ਅਦਾਲਤ ਤੋਂ ਜ਼ਮਾਨਤ ਕਿਉਂ ਨਹੀਂ ਮਿਲ ਰਹੀ। ਕੁਝ ਤਾਂ ਕਾਰਨ ਹੋਵੇਗਾ ਹੀ।

–ਜਲੰਧਰ ਚੋਣ ’ਤੇ ਤੁਸੀਂ ਕੀ ਕਹੋਗੇ?

ਜਲੰਧਰ ’ਚ ਲੋਕ ਸਭਾ ਦੀ ਉਪ-ਚੋਣ ਵਿਚ ਭਾਜਪਾ ਨੂੰ ਸਫਲਤਾ ਮਿਲਣੀ ਤੈਅ ਹੈ। ਕਾਰਨ ਇਹ ਹੈ ਕਿ ਕਾਂਗਰਸ ਤੇ ਅਕਾਲੀ ਦਲ ਦੇ ਨਾਲ-ਨਾਲ ਹੁਣ ਤਾਂ ਲੋਕ ਆਮ ਆਦਮੀ ਪਾਰਟੀ ਨੂੰ ਵੀ ਦੇਖ ਚੁੱਕੇ ਹਨ। ਸੰਗਰੂਰ ਦੀਆਂ ਚੋਣਾਂ ਨੇ ਇਹ ਸਾਬਤ ਕਰ ਦਿੱਤਾ ਸੀ ਕਿ ਪੰਜਾਬ ਦੇ ਲੋਕਾਂ ਨੇ ਜੋ ਦਾਅਵੇ ਦੇਖ ਕੇ ਵੋਟਾਂ ਦਿੱਤੀਆਂ ਸਨ, ਉਹ ਪੂਰੇ ਨਹੀਂ ਹੋਣ ਵਾਲੇ ਅਤੇ ਇਹੀ ਕਾਰਨ ਹੈ ਕਿ ਜਲੰਧਰ ਦੀ ਸੀਟ ’ਤੇ ਭਾਜਪਾ ਦੀ ਜਿੱਤ ਯਕੀਨੀ ਹੈ।


author

Mukesh

Content Editor

Related News