‘ਮਹਾਗੱਠਜੋੜ’ ਦੇ ਅਸਲੀਅਤ ਬਣਨ ਨੂੰ ਲੈ ਕੇ ਰਾਹੁਲ ਗਾਂਧੀ ਆਸਵੰਦ ਪਰ...

Wednesday, Oct 10, 2018 - 07:04 AM (IST)

ਕੀ 2019 ਦੀਅਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਦਾ ਮਹਾਗੱਠਜੋੜ ਹੋਵੇਗਾ? ਫਿਲਹਾਲ ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਅਾਂ ਮਹਿਸੂਸ ਕਰਦੀਅਾਂ ਹਨ ਕਿ  ਇਹ ਸਿਰਫ ਇਕ ਚੋਣ ਤੋਂ ਬਾਅਦ ਦੀ ਵਿਵਸਥਾ ਹੋ ਸਕਦੀ ਹੈ। ਮਿਸਾਲ ਵਜੋਂ ਰਾਕਾਂਪਾ ਮੁਖੀ ਸ਼ਰਦ ਪਵਾਰ ਨੇ ਪਿਛਲੇ ਦਿਨੀਂ ਇਕ ਨਿਊਜ਼ ਚੈਨਲ ਨੂੰ ਕਿਹਾ ਸੀ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਕ ਮਹਾਗੱਠਜੋੜ ਵਿਵਹਾਰਿਕ ਨਹੀਂ ਹੈ। 
ਮਾਕਪਾ ਨੇ ਵਿਧਾਨ ਸਭਾ ਚੋਣਾਂ ਵਾਲੇ 5 ਸੂਬਿਅਾਂ ’ਚ ਗੱਠਜੋੜ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਤੇ ਪਾਰਟੀ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਕਿਹਾ ਹੈ ਕਿ ‘ਮਹਾਗੱਠਜੋੜ’ ਸਿਰਫ ਚੋਣਾਂ ਤੋਂ ਬਾਅਦ ਹੋ ਸਕਦਾ ਹੈ। ‘ਆਮ ਆਦਮੀ ਪਾਰਟੀ’ ਨੇ 2019 ’ਚ ਕਿਸੇ ਵੀ ਗੱਠਜੋੜ ਵਿਚ ਸ਼ਾਮਿਲ ਨਾ ਹੋਣ ਦਾ ਫੈਸਲਾ ਕੀਤਾ ਹੈ ਤਾਂ ਸਪਾ ਮੁਖੀ ਅਖਿਲੇਸ਼ ਯਾਦਵ ਨੇ ਐਲਾਨ ਕੀਤਾ ਹੈ ਕਿ ਉਹ ਮੱਧ ਪ੍ਰਦੇਸ਼ ’ਚ ਗੱਠਜੋੜ ਲਈ ਕਾਂਗਰਸ ਦੀ ਉਡੀਕ ਨਹੀਂ ਕਰ ਸਕਦੇ। ਹਾਲਾਂਕਿ ਬਸਪਾ ਮੁਖੀ ਮਾਇਆਵਤੀ ਵਲੋਂ ਆਖਰੀ ਸ਼ਬਦ ਆਉਣੇ ਬਾਕੀ ਹਨ। ਉਨ੍ਹਾਂ ਨੇ ਆਉਣ ਵਾਲੀਅਾਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨਾਲ ਕੋਈ ਗੱਠਜੋੜ ਨਹੀਂ ਕੀਤਾ ਪਰ ਲੋਕ ਸਭਾ ਚੋਣਾਂ ਬਾਰੇ ਅਜੇ ਉਨ੍ਹਾਂ ਵਲੋਂ ਕੋਈ ਬਿਆਨ ਨਹੀਂ ਆਇਆ।
ਇਹ ਤੇਵਰ ਬੀਤੀ 23 ਮਈ ਨੂੰ ਕਰਨਾਟਕ ਦੇ ਮੁੱਖ ਮੰਤਰੀ ਕੁਮਾਰਸਵਾਮੀ ਦੇ ਸਹੁੰ-ਚੁੱਕ ਸਮਾਗਮ ’ਚ ਵਿਰੋਧੀ ਧਿਰ ਦੀ ਏਕਤਾ ਦੀ ਤਾਕਤ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਦੇ ਹਨ। ਉਸ ਸਮਾਗਮ ’ਚ ਵਿਰੋਧੀ ਧਿਰ ਦੀ ਏਕਤਾ ਦੇ ਨਾਅਰੇ ਲਾਉਣ ਵਾਲਿਅਾਂ ’ਚ ਕਾਂਗਰਸੀ ਨੇਤਾ ਸੋਨੀਆ ਗਾਂਧੀ, ਰਾਹੁਲ ਗਾਂਧੀ, ਮਮਤਾ ਬੈਨਰਜੀ, ਅਰਵਿੰਦ ਕੇਜਰੀਵਾਲ, ਚੰਦਰਬਾਬੂ ਨਾਇਡੂ, ਅਖਿਲੇਸ਼ ਯਾਦਵ, ਮਾਇਆਵਤੀ, ਸ਼ਰਦ ਪਵਾਰ ਤੇ ਰਾਸ਼ਟਰੀ ਲੋਕਦਲ ਦੇ ਨੇਤਾ ਅਜਿਤ ਸਿੰਘ ਸ਼ਾਮਿਲ ਸਨ। 
ਪਰ ਉਸ ਤੋਂ ਬਾਅਦ ‘ਮਹਾਗੱਠਜੋੜ’ ਦੇ ਵਿਚਾਰ ’ਚ ਫਿਲਹਾਲ ਖਟਾਸ ਆ ਗਈ ਹੈ। ਇਸ ਦਰਮਿਆਨ ਕੀ ਗਲਤ ਹੋਇਆ? ਵਿੱਤ ਮੰਤਰੀ ਅਰੁਣ ਜੇਤਲੀ ਨੇ ਇਸ ਨੂੰ ਅਰਾਜਕ ਮਿਸ਼ਰਣ ਦੱਸਿਆ ਹੈ ਤੇ ਅਜਿਹੇ ਗੱਠਜੋੜ ਭਾਰਤ ’ਚ ਪਹਿਲਾਂ ਵੀ ਅਜ਼ਮਾਏ ਜਾ ਚੁੱਕੇ ਹਨ, ਜੋ ਅਸਫਲ ਰਹੇ ਹਨ। ਅਸਲ ’ਚ ਇਨ੍ਹਾਂ  ਪਾਰਟੀਅਾਂ ਵਿਚਾਲੇ ਬੁਨਿਆਦੀ ਅੰਤਰ-ਵਿਰੋਧ ਹੈ। 
ਵਿਰੋਧੀ ਪਾਰਟੀਅਾਂ ਗਣਿਤ ਦੀ  ਬਜਾਏ ਕੈਮਿਸਟਰੀ ਜਾਂ ਤਾਲਮੇਲ ’ਤੇ ਜ਼ਿਆਦਾ ਧਿਆਨ ਕੇਂਦ੍ਰਿਤ ਕਰਦੀਅਾਂ ਹਨ। ਕਾਂਗਰਸ ਕੀ ਭੂਮਿਕਾ ਨਿਭਾਏਗੀ? ਇਹ ਪਾਰਟੀ, ਜਿਸ ਨੇ 70 ਸਾਲਾਂ ’ਚੋਂ 49 ਸਾਲ ਦੇਸ਼ ’ਤੇ ਰਾਜ ਕੀਤਾ, ਅਜੇ ਵੀ ਆਪਣੇ ਸ਼ਕਤੀਸ਼ਾਲੀ ਅਤੀਤ ਦੀਅਾਂ ਯਾਦਾਂ ਭੁਲਾ ਨਹੀਂ ਸਕੀ। ਸੀਟਾਂ ਦੀ ਵੰਡ ਦੇ ਮਾਮਲੇ ’ਚ ਇਸ ਨੂੰ ਹੋਰ ਜ਼ਿਆਦਾ ਲਚਕੀਲਾਪਣ ਦਿਖਾਉਣਾ ਪਵੇਗਾ। 
ਕਾਂਗਰਸ ਨੂੰ ਖੇਤਰੀ ਸਹਿਯੋਗੀਅਾਂ ਨੂੰ ਹੋਰ ਜ਼ਿਆਦਾ ਜਗ੍ਹਾ ਦੇਣ ਦੀ ਲੋੜ ਹੈ, ਜਿਥੇ ਉਹ ਮਜ਼ਬੂਤ ਹਨ ਤੇ ਵਿਰੋਧੀ ਪਾਰਟੀਅਾਂ ਨੂੰ ਵੀ ਸੀਟਾਂ ਦੀ ਵੰਡ ਦੀ ਆਪਣੀ ਮੰਗ ਨੂੰ ਲੈ ਕੇ ਯਥਾਰਥਵਾਦੀ ਹੋਣਾ ਚਾਹੀਦਾ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਗੱਠਜੋੜਾਂ ਦੇ ਦੋ ਪੱਧਰਾਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਹੈ–ਇਕ ਸੂਬਾ ਪੱਧਰ ’ਤੇ ਅਤੇ ਦੂਜਾ ਕੌਮੀ ਪੱਧਰ ’ਤੇ, ਜੋ ਜ਼ਿਆਦਾ ਅਹਿਮ ਹੈ। ਜਿਵੇਂ ਕਿ ਉਮੀਦ ਕੀਤੀ ਜਾ ਰਹੀ ਸੀ, ਸੂਬਾ ਪੱਧਰੀ ਗੱਠਜੋੜਾਂ ਲਈ ਅਜੇ ਸ਼ੁਰੂਆਤ ਨਹੀਂ ਹੋਈ ਹੈ। ਅਸਲ ’ਚ ਆਉਣ ਵਾਲੀਅਾਂ ਵਿਧਾਨ ਸਭਾ ਚੋਣਾਂ ’ਚ ਵਿਰੋਧੀ ਪਾਰਟੀਅਾਂ ਅਜੇ ਇਕੱਠੀਅਾਂ ਨਹੀਂ ਹੋਈਅਾਂ ਹਨ। 
ਹੋਰ ਤਾਂ ਹੋਰ, ਵਿਰੋਧੀ ਪਾਰਟੀਅਾਂ ਦੇ ਨੇਤਾ ਕਾਂਗਰਸ ਦੀ ਲੀਡਰਿਸ਼ਪ ਸਮਰੱਥਾ ’ਚ ਵੀ ਭਰੋਸਾ ਗੁਆਉਂਦੇ ਜਾ ਰਹੇ ਹਨ। ਮਾਇਆਵਤੀ ਦਾ ਕਹਿਣਾ ਹੈ ਕਿ ਕਾਂਗਰਸ ਅਜੇ ‘ਯੁੱਧ’ ਲਈ ਤਿਆਰ ਨਹੀਂ ਹੈ। 
ਇਸ ਤੋਂ ਇਲਾਵਾ ਕਾਂਗਰਸ ‘ਆਮ ਆਦਮੀ  ਪਾਰਟੀ’ ਨੂੰ ਨਹੀਂ ਚਾਹੁੰਦੀ, ਸ਼ਿਵ ਸੈਨਾ ਮਹਾਰਾਸ਼ਟਰ ਧੜੇ ’ਚ ਸਵੀਕਾਰ ਨਹੀਂ ਹੈ, ਪੱਛਮੀ ਬੰਗਾਲ ’ਚ ਤ੍ਰਿਣਮੂਲ ਕਾਂਗਰਸ ਦਾ ਖੱਬੀਅਾਂ ਪਾਰਟੀਅਾਂ ਨਾਲ ਕੋਈ ਮੇਲ ਨਹੀਂ ਹੈ ਤਾਂ ਡੀ. ਐੱਮ. ਕੇ. ਤੇ ਅੰਨਾ ਡੀ. ਐੱਮ. ਕੇ. ਦੋ ਵੱਖ-ਵੱਖ ਸਿਰਿਅਾਂ ’ਤੇ ਹਨ। 
ਮਜ਼ੇ ਦੀ ਗੱਲ ਇਹ ਹੈ ਕਿ ਸਪਾ ਅਤੇ ਬਸਪਾ ਇਕੱਠੀਅਾਂ ਹੋ ਗਈਅਾਂ ਹਨ। ਤ੍ਰਿਣਮੂਲ ਕਾਂਗਰਸ, ਤੇਲੰਗਾਨਾ ਰਾਸ਼ਟਰ ਸਮਿਤੀ (ਟੀ. ਆਰ. ਐੱਸ.), ਬੀਜੂ ਜਨਤਾ ਦਲ (ਬੀਜਦ), ਸਮਾਜਵਾਦੀ ਪਾਰਟੀ (ਸਪਾ) ਤੇ ਬਹੁਜਨ ਸਮਾਜਵਾਦੀ ਪਾਰਟੀ (ਬਸਪਾ) ਵਰਗੀਅਾਂ ਕੁਝ ਖੇਤਰੀ ਪਾਰਟੀਅਾਂ ਕਾਂਗਰਸ ਨੂੰ ਅਲੱਗ-ਥਲੱਗ ਕਰ ਕੇ ਇਕ ਤੀਜਾ ਮੋਰਚਾ ਬਣਾਉਣਾ ਚਾਹੁਣਗੀਅਾਂ  ਪਰ ਕਾਂਗਰਸ ਤੋਂ ਬਿਨਾਂ ਕੋਈ ਮਹਾਗੱਠਜੋੜ ਨਹੀਂ ਹੋ ਸਕਦਾ ਕਿਉਂਕਿ ਇਸ ਦਾ ਫਾਇਦਾ ਭਾਜਪਾ ਨੂੰ ਹੋਵੇਗਾ। 
ਵਿਰੋਧੀ ਧਿਰ ਨੂੰ ਇਕ ਨਵੇਂ ਨਾਅਰੇ ਦੇ ਨਾਲ-ਨਾਲ ਇਕ ਮਜ਼ਬੂਤ ਨੇਤਾ ਦੀ ਵੀ ਲੋੜ ਹੈ, ਜੋ ਵਿਰੋਧੀ ਪਾਰਟੀਅਾਂ ਨੂੰ ਇਕਜੁੱਟ ਕਰ ਸਕੇ। ਇਕ ਅਜ਼ਮਾਈ ਹੋਈ ਨੇਤਾ ਵਜੋਂ ਸੋਨੀਆ ਗਾਂਧੀ ਇਕ ਬਿਹਤਰ ਚੋਣ ਹੋ ਸਕਦੀ ਹੈ ਕਿਉਂਕਿ ਉਨ੍ਹਾਂ ਦੀ ਅਗਵਾਈ ਹੇਠ ਚੱਲਣ ਲਈ ਸਭ ਤਿਆਰ ਹਨ ਪਰ ਉਹ ਖ਼ੁਦ ਅੱਗੇ ਨਹੀਂ ਆਉਣਾ ਚਾਹੁੰਦੀ ਤੇ ਉਨ੍ਹਾਂ ਨੇ ਕਮਾਨ ਆਪਣੇ ਬੇਟੇ ਰਾਹੁਲ ਗਾਂਧੀ ਨੂੰ ਸੌਂਪ ਦਿੱਤੀ ਹੈ। ਜੇ ਹੁਣ ਵੀ ਸੋਨੀਆ ਗਾਂਧੀ ਵਿਰੋਧੀ ਧਿਰ ਦੀ ਏਕਤਾ ਲਈ ਅੱਗੇ ਆ  ਜਾਵੇ ਤਾਂ ਸ਼ਾਇਦ ਵਿਰੋਧੀ ਧਿਰ ਦਾ ਮਹਾਗੱਠਜੋੜ ਸਫਲ ਹੋ ਸਕੇ। 
ਮਜ਼ੇ ਦੀ ਗੱਲ ਇਹ ਹੈ ਕਿ ਏ. ਬੀ. ਪੀ. ਨਿਊਜ਼-ਸੀ ਵੋਟਰ ਵਲੋਂ ਹੁਣੇ ਜਿਹੇ ਕਰਵਾਏ ਗਏ ਇਕ ਚੋਣ ਸਰਵੇਖਣ ’ਚ ਦਾਅਵਾ ਕੀਤਾ ਗਿਆ ਸੀ ਕਿ ਰਾਜਗ ਬਹੁਤੇ ਸੂਬਿਅਾਂ ’ਚ ਕਾਫੀ ਸੀਟਾਂ ਜਿੱਤ ਲਵੇਗਾ ਪਰ ਜੇ ਵਿਰੋਧੀ ਧਿਰ ਇਕਜੁੱਟ ਹੋ ਜਾਂਦੀ ਹੈ ਤਾਂ ਪੰਜਾਬ, ਮਹਾਰਾਸ਼ਟਰ ਤੇ ਯੂ. ਪੀ. ਵਰਗੇ ਸੂਬੇ ਉਸ ਨੂੰ ਫਸਵੀਂ ਟੱਕਰ ਦੇ ਸਕਦੇ ਹਨ। 
ਸਰਵੇਖਣ ’ਚ ਭਵਿੱਖਬਾਣੀ ਕੀਤੀ ਗਈ ਹੈ ਕਿ ਰਾਜਗ ਨੂੰ 38 ਫੀਸਦੀ ਵੋਟ ਹਿੱਸੇਦਾਰੀ ਮਿਲੇਗੀ, ਜਦਕਿ ਯੂ. ਪੀ. ਏ. ਨੂੰ 25 ਫੀਸਦੀ ਤੇ ਹੋਰਨਾਂ ਪਾਰਟੀਅਾਂ ਨੂੰ 37 ਫੀਸਦੀ ਹਿੱਸੇਦਾਰੀ ਮਿਲੇਗੀ। ਸਰਵੇਖਣ ’ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਜੇ ਯੂ. ਪੀ. ’ਚ ਕਾਂਗਰਸ, ਸਪਾ ਤੇ ਬਸਪਾ ਦਾ ਗੱਠਜੋੜ ਹੋ ਜਾਂਦਾ ਹੈ ਤਾਂ ਭਾਜਪਾ ਨੂੰ ਭਾਰੀ ਨੁਕਸਾਨ ਉਠਾਉਣਾ ਪਵੇਗਾ। 
ਇਸੇ ਚੈਨਲ ਦੇ ਇਕ ਹੋਰ ਸਰਵੇਖਣ ਤੋਂ ਬਾਅਦ ਕਾਂਗਰਸ ਕਾਫੀ ਉਤਸ਼ਾਹ ’ਚ ਹੈ, ਜਿਸ ’ਚ ਭਵਿੱਖਬਾਣੀ ਕੀਤੀ ਗਈ ਹੈ ਕਿ ਇਹ ਪਾਰਟੀ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ  ਤੇ ਰਾਜਸਥਾਨ ’ਚ ਸੱਤਾ ਵਿਚ ਵਾਪਸੀ ਕਰ ਸਕਦੀ ਹੈ। ਇਨ੍ਹਾਂ ਵਿਧਾਨ ਸਭਾ ਚੋਣਾਂ ’ਚ ਹੋਣ ਵਾਲੀ ਜਿੱਤ 2019 ਦੀਅਾਂ ਚੋਣਾਂ ਲਈ ਇਕ ‘ਡ੍ਰੈੱਸ ਰਿਹਰਸਲ’ ਹੋਵੇਗੀ। 
ਜਦੋਂ ਤਕ ਭਾਜਪਾ ਤੇ ਸਾਂਝੀ ਵਿਰੋਧੀ ਧਿਰ ਵਿਚਾਲੇ ਸਿੱਧੀ ਲੜਾਈ ਨਹੀਂ ਹੁੰਦੀ, ਉਦੋਂ ਤਕ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨਾ ਮੁਸ਼ਕਿਲ ਹੋਵੇਗਾ। ਹਾਲਾਂਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਇਸ ਗੱਲ ਨੂੰ ਲੈ ਕੇ ਆਸਵੰਦ ਹਨ ਕਿ ‘ਮਹਾਗੱਠਜੋੜ’ ਇਕ ਅਸਲੀਅਤ ਬਣੇਗਾ ਪਰ ਉਸ ਤੋਂ ਪਹਿਲਾਂ ਇਸ ਵਿਚ ਕਈ ‘ਕਿੰਤੂ-ਪ੍ਰੰਤੂ’ ਹਨ। 
ਆਖਿਰ ਹੁਣ ਜਦੋਂ ਲੋਕ ਭਾਜਪਾ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ, ਉਹ ਇਕ ਬਦਲ ਦੀ ਭਾਲ ’ਚ ਹਨ ਪਰ ਉਹ ਬਦਲ ਅਜੇ ਉੱਭਰਨਾ ਹੈ ਕਿਉਂਕਿ ਵਿਰੋਧੀ ਧਿਰ ਖਿੰਡਰੀ ਹੋਈ ਹੈ ਤੇ ਇਸ ’ਚ ਵੱਡੀ ਗਿਣਤੀ ’ਚ ਖਾਹਿਸ਼ੀ ਨੇਤਾ ਹਨ। ਫਿਲਹਾਲ ਮੋਦੀ ਅਜੇ ਵੀ ਹਰਮਨਪਿਆਰੇ ਹਨ ਅਤੇ ‘ਟੀਨਾ ਫੈਕਟਰ’, ਭਾਵ ‘ਕਿਸੇ ਬਦਲ ਦਾ ਨਾ ਹੋਣਾ’ ਉਨ੍ਹਾਂ ਨੂੰ ਸੱਤਾ ’ਚ ਵਾਪਸੀ ਕਰਨ ’ਚ ਮਦਦ ਕਰ ਸਕਦਾ ਹੈ। 
ਹਾਲਾਂਕਿ ਸਿਆਸਤ ’ਚ ਇਕ ਹਫਤਾ ਵੀ ਕਾਫੀ ਲੰਮਾ ਸਮਾਂ ਮੰਨਿਆ ਜਾਂਦਾ ਹੈ ਅਤੇ ਆਮ ਚੋਣਾਂ ’ਚ ਤਾਂ ਘੱਟੋ-ਘੱਟ 6 ਮਹੀਨੇ ਬਾਕੀ ਹਨ।                     
 


Related News