ਮਮਤਾ ਬੈਨਰਜੀ ਦੀ ਬੁਲੰਦ ਖਾਹਿਸ਼

Monday, Jul 30, 2018 - 06:57 AM (IST)

ਮਮਤਾ ਬੈਨਰਜੀ ਦੀ ਬੁਲੰਦ ਖਾਹਿਸ਼

ਆਖਿਰਕਾਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ 2019 ਦੀਆਂ ਚੋਣਾਂ 'ਚ ਆਪਣੇ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਜ਼ਾਹਿਰ ਕਰ ਹੀ ਦਿੱਤੀ। ਭਾਵੇਂ ਉਨ੍ਹਾਂ ਨੇ ਖ਼ੁਦ ਇਸ ਬਾਰੇ ਕੋਈ ਸ਼ਬਦ ਨਹੀਂ ਕਿਹਾ ਪਰ ਮਮਤਾ ਬੈਨਰਜੀ ਦੇ ਕਰੀਬੀ ਅਤੇ ਉਨ੍ਹਾਂ ਦੇ ਆਸ-ਪਾਸ ਰਹਿਣ ਵਾਲੇ ਲੋਕ ਹੁਣ ਖੁੱਲ੍ਹ ਕੇ ਇਸ ਦਾ ਐਲਾਨ ਕਰ ਰਹੇ ਹਨ। ਹਾਲ ਹੀ ਵਿਚ ਉਮਰ ਅਬਦੁੱਲਾ ਨੇ ਕੋਲਕਾਤਾ 'ਚ ਮਮਤਾ ਨਾਲ ਮੁਲਾਕਾਤ ਕੀਤੀ ਅਤੇ ਖੁੱਲ੍ਹ ਕੇ ਐਲਾਨ ਕਰ ਦਿੱਤਾ ਕਿ ਉਹ ਮੋਰਚੇ ਦੀ ਨੇਤਾ ਹੋਵੇਗੀ, ਜੋ ਭਾਜਪਾ ਦੇ ਵਿਰੁੱਧ ਲੜੇਗਾ। ਉਨ੍ਹਾਂ ਨੇ ਪੱਛਮੀ ਬੰਗਾਲ ਵਿਚ ਮਮਤਾ ਦੇ ਕੰਮ ਅਤੇ ਵਿਕਾਸ ਦੀ ਸ਼ਲਾਘਾ ਵੀ ਕੀਤੀ। ਇਸ ਦੌਰਾਨ ਮਮਤਾ ਬੈਨਰਜੀ ਵੀ 19 ਜਨਵਰੀ 2019 ਨੂੰ ਕੋਲਕਾਤਾ ਦੇ ਬ੍ਰਿਗੇਡ ਪਰੇਡ ਮੈਦਾਨ 'ਤੇ ਸਾਰੇ ਵਿਰੋਧੀ ਦਲਾਂ ਦੀ ਇਕ ਰੈਲੀ ਦਾ ਆਯੋਜਨ ਕਰ ਰਹੀ ਹੈ। 
ਉਨ੍ਹਾਂ ਦੀ ਯੋਜਨਾ ਨਵੰਬਰ ਅਤੇ ਦਸੰਬਰ ਵਿਚ ਦੇਸ਼ ਦਾ ਦੌਰਾ ਕਰ ਕੇ ਰੈਲੀ ਨੂੰ ਸਫਲ ਬਣਾਉਣ ਅਤੇ ਸੂਬਿਆਂ ਦੇ ਵਿਰੋਧੀ ਨੇਤਾਵਾਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਰੈਲੀ ਵਿਚ ਸੱਦਾ ਦੇਣ ਦੀ ਹੈ। ਉਹ ਛੇਤੀ ਹੀ ਸੋਨੀਆ ਤੇ ਰਾਹੁਲ ਗਾਂਧੀ ਨੂੰ ਰੈਲੀ ਵਿਚ ਸੱਦਾ ਦੇਣ ਲਈ ਦਿੱਲੀ ਦਾ ਦੌਰਾ ਕਰੇਗੀ ਅਤੇ ਜਲਦ ਹੀ ਰੈਲੀ ਵਿਚ ਸ਼ਾਮਿਲ ਹੋਣ ਲਈ ਸੱਦਾ ਦੇਣ ਲਈ ਲਾਲੂ ਪ੍ਰਸਾਦ ਯਾਦਵ ਦੇ ਬੇਟੇ ਤੇਜਸਵੀ ਯਾਦਵ, ਮੁਲਾਇਮ ਸਿੰਘ ਯਾਦਵ, ਅਖਿਲੇਸ਼ ਯਾਦਵ, ਮਾਇਆਵਤੀ ਅਤੇ ਕੇ. ਚੰਦਰਸ਼ੇਖਰ ਰਾਓ ਨੂੰ ਮਿਲੇਗੀ। ਇਸੇ ਦੌਰਾਨ ਉਨ੍ਹਾਂ ਨੂੰ 1 ਅਗਸਤ ਨੂੰ ਸੇਂਟ ਸਟੀਫਨ ਕਾਲਜ ਦਿੱਲੀ ਵਿਚ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਲਈ ਸੱਦਾ ਦਿੱਤਾ ਗਿਆ ਸੀ ਪਰ ਬਦਕਿਸਮਤੀ ਨਾਲ ਕਾਲਜ ਦੇ ਪਿੰ੍ਰਸੀਪਲ ਨੇ ਉਨ੍ਹਾਂ ਦਾ ਸੱਦਾ ਰੱਦ ਕਰ ਦਿੱਤਾ। ਪ੍ਰੋਗਰਾਮ ਦਾ ਆਯੋਜਨ ਕਾਲਜ ਦੀ ਸੋਸਾਇਟੀ ਨੇ ਹੀ ਕੀਤਾ ਸੀ। ਤ੍ਰਿਣਮੂਲ ਕਾਂਗਰਸ ਦਾ ਦਾਅਵਾ ਹੈ ਕਿ ਪਿੰ੍ਰਸੀਪਲ ਨੇ ਭਾਜਪਾ ਅਤੇ ਸੰਘ ਦੇ ਦਬਾਅ 'ਚ ਸੱਦੇ ਨੂੰ ਰੱਦ ਕੀਤਾ। 
ਮਾਇਆਵਤੀ ਅਤੇ ਕਾਂਗਰਸ : ਭਾਵੇਂ ਸੀਨੀਅਰ ਅਤੇ ਤਜਰਬੇਕਾਰ ਕਾਂਗਰਸੀ ਨੇਤਾ ਕਮਲਨਾਥ ਨੇ ਆਉਣ ਵਾਲੀਆਂ ਮੱਧ ਪ੍ਰਦੇਸ਼ ਚੋਣਾਂ 'ਚ ਮਾਇਆਵਤੀ ਨਾਲ ਹੱਥ ਮਿਲਾਉਣ ਦੀ ਇੱਛਾ ਇੰਨੀ ਪਹਿਲਾਂ ਹੀ ਜ਼ਾਹਿਰ ਕਰ ਦਿੱਤੀ ਹੈ, ਉਥੇ ਹੀ ਦੂਜੇ ਪਾਸੇ ਮਾਇਆਵਤੀ ਨੇ ਆਪਣੀ ਚਲਾਕੀ ਦਿਖਾਉਂਦੇ ਹੋਏ ਲੋਕ ਸਭਾ ਚੋਣਾਂ ਲਈ ਰਾਜਸਥਾਨ, ਮਹਾਰਾਸ਼ਟਰ, ਪੰਜਾਬ ਅਤੇ ਕਰਨਾਟਕ ਵਿਚ ਆਪਣੀ ਪਾਰਟੀ ਲਈ ਸੀਟਾਂ ਦੀ ਮੰਗ ਕੀਤੀ ਹੈ, ਜਦਕਿ ਉਹ ਛੱਤੀਸਗੜ੍ਹ ਵਿਚ ਅਜੀਤ ਜੋਗੀ, ਹਰਿਆਣਾ ਵਿਚ ਇਨੈਲੋ ਦੇ ਚੌਟਾਲਾ, ਮਹਾਰਾਸ਼ਟਰ ਵਿਚ ਸ਼ਰਦ ਪਵਾਰ ਅਤੇ ਬਿਹਾਰ ਵਿਚ ਤੇਜਸਵੀ ਯਾਦਵ ਨਾਲ ਸੀਟਾਂ ਨੂੰ ਲੈ ਕੇ ਵੱਖ-ਵੱਖ ਗੱਲ ਕਰ ਰਹੀ ਹੈ। ਮਾਇਆਵਤੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੂੰ 10 ਸੀਟਾਂ ਦੇਣ 'ਤੇ ਰਾਜ਼ੀ ਹੋ ਗਈ ਹੈ, ਜੇਕਰ ਕਾਂਗਰਸ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਅਤੇ ਇਨ੍ਹਾਂ ਸੂਬਿਆਂ ਵਿਚ ਲੋਕ ਸਭਾ ਚੋਣਾਂ ਵਿਚ ਉਨ੍ਹਾਂ ਦੀ ਪਾਰਟੀ ਬਸਪਾ ਨੂੰ ਕਾਫੀ ਸੀਟਾਂ ਦੇ ਦਿੰਦੀ ਹੈ। ਮਾਇਆਵਤੀ ਉੱਤਰ ਪ੍ਰਦੇਸ਼ ਵਿਚ ਕਾਂਗਰਸ ਨਾਲ ਜਦੋਂ ਗੱਠਜੋੜ ਵਿਚ ਸੀ ਤਾਂ ਉਸ ਨੇ ਦਲਿਤ ਵੋਟਾਂ ਚੋਰੀ ਕਰ ਲਈਆਂ ਅਤੇ ਉਨ੍ਹਾਂ ਦੇ ਪਿਛਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਅੰਤਿਮ ਸਮੇਂ 'ਤੇ ਅਕਾਲੀ ਦਲ ਨਾਲ ਅਤੇ ਕਰਨਾਟਕ ਵਿਧਾਨ ਸਭਾ ਚੋਣਾਂ ਵਿਚ ਐੱਚ. ਡੀ. ਕੁਮਾਰਸਵਾਮੀ ਨਾਲ ਗੱਠਜੋੜ ਬਣਾਉਣ ਦੇ ਰਵੱਈਏ ਕਾਰਨ  ਕਾਂਗਰਸ ਵਿਚ ਜ਼ਿਆਦਾਤਰ ਸੀਨੀਅਰ ਨੇਤਾ ਮਾਇਆਵਤੀ ਨਾਲ ਗੱਠਜੋੜ ਬਣਾਉਣ ਦਾ ਵਿਰੋਧ ਕਰ ਰਹੇ ਹਨ। 
ਕਾਂਗਰਸ 'ਚ ਪ੍ਰਿਅੰਕਾ ਦੀ ਭੂਮਿਕਾ : ਕਾਂਗਰਸ ਵਰਕਿੰਗ ਕਮੇਟੀ (ਸੀ. ਡਬਲਯੂ. ਸੀ.) ਦਾ ਐਲਾਨ ਹੋਣ ਤੋਂ ਬਾਅਦ ਜਿਹੜੇ ਸੀਨੀਅਰ ਨੇਤਾਵਾਂ ਨੂੰ ਸੀ. ਡਬਲਯੂ. ਸੀ. ਵਿਚ ਜਗ੍ਹਾ ਦਿੱਤੀ ਗਈ, ਪ੍ਰਿਅੰਕਾ ਵਢੇਰਾ ਗਾਂਧੀ ਨੇ ਉਨ੍ਹਾਂ ਨੂੰ ਕਮੇਟੀ ਦੀ ਮੀਟਿੰਗ 'ਚ ਸ਼ਾਮਿਲ ਹੋਣ ਲਈ ਮਨਾਇਆ। ਕਰਣ ਸਿੰਘ, ਬੀ. ਕੇ. ਹਰੀਪ੍ਰਸਾਦ ਅਤੇ ਸੀ. ਪੀ. ਜੋਸ਼ੀ ਬੈਠਕ ਵਿਚ ਸ਼ਾਮਿਲ ਹੋਏ। ਪ੍ਰਿਅੰਕਾ ਗਾਂਧੀ ਨੇ ਸੰਗਠਨ ਲਈ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਆਸਵੰਦ ਕੀਤਾ ਕਿ ਪਾਰਟੀ ਨਿਸ਼ਚਿਤ ਤੌਰ 'ਤੇ ਉਨ੍ਹਾਂ ਲਈ ਇਕ ਨਵੀਂ ਭੂਮਿਕਾ ਤਲਾਸ਼ੇਗੀ ਪਰ ਜਨਾਰਦਨ ਦਿਵੇਦੀ ਨੇ ਬੈਠਕ ਵਿਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਨ੍ਹਾਂ ਨੇ ਕਾਂਗਰਸ ਜਨਰਲ ਸਕੱਤਰ ਦਾ ਆਪਣਾ ਅਹੁਦਾ ਤੇ ਰਾਜ ਸਭਾ ਦੀ ਸੀਟ ਗੁਆ ਦਿੱਤੀ ਸੀ ਅਤੇ ਉਨ੍ਹਾਂ ਨੂੰ ਸੀ. ਡਬਲਯੂ. ਸੀ. ਵਿਚ ਸ਼ਾਮਿਲ ਨਹੀਂ ਕੀਤਾ ਗਿਆ। ਦਿੱਗਵਿਜੇ ਸਿੰਘ ਨੇ ਵੀ ਮੀਟਿੰਗ ਵਿਚ ਸ਼ਾਮਿਲ ਹੋਣ ਵਿਚ ਆਪਣੀ ਅਸਮਰੱਥਤਾ ਜਤਾਈ ਕਿਉਂਕਿ ਉਨ੍ਹਾਂ ਦਾ ਪਹਿਲਾਂ ਹੀ ਮੱਧ ਪ੍ਰਦੇਸ਼ ਵਿਚ ਕੋਈ ਪ੍ਰੋਗਰਾਮ ਸੀ। ਹਾਲਾਂਕਿ ਸਿੰਘ ਇਸ ਲਈ ਵੀ ਨਾਖੁਸ਼ ਹਨ ਕਿਉਂਕਿ ਰਾਹੁਲ ਗਾਂਧੀ ਉਨ੍ਹਾਂ ਦੇ ਤਜਰਬੇ ਅਤੇ ਸੀਨੀਆਰਟੀ ਦੀ ਵਰਤੋਂ ਨਹੀਂ ਕਰ ਰਹੇ। 
ਯੋਗ ਗੁਰੂ ਤੋਂ ਕਾਰੋਬਾਰੀ ਗੁਰੂ : 2014 ਦੀਆਂ ਲੋਕ ਸਭਾ ਚੋਣਾਂ ਵਿਚ ਯੋਗ ਗੁਰੂ ਰਾਮਦੇਵ ਨਰਿੰਦਰ ਮੋਦੀ ਦੀ ਸ਼ਲਾਘਾ ਕਰ ਰਹੇ ਸਨ ਅਤੇ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੇ ਆਸ਼ਰਮ ਵਿਚ ਸੱਦਾ ਦਿੱਤਾ ਸੀ ਤੇ ਉਨ੍ਹਾਂ ਨੂੰ ਆਉਣ ਵਾਲਾ ਪ੍ਰਧਾਨ ਮੰਤਰੀ ਐਲਾਨ ਦਿੱਤਾ ਸੀ ਪਰ ਹੁਣ ਅਜਿਹਾ ਦਿਖਾਈ ਦਿੰਦਾ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਖਫਾ ਹਨ ਕਿਉਂਕਿ ਮੋਦੀ ਨੇ ਰਾਮਦੇਵ ਦੇ ਸੰਕਲਪ ਪੂਰਤੀ ਸਮਾਪਨ ਸਮਾਰੋਹ ਵਿਚ ਜਾਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਯੋਗੀ ਨੂੰ ਪ੍ਰਧਾਨ ਮੰਤਰੀ ਦੇ ਸਹੁੰ-ਚੁੱਕ ਸਮਾਰੋਹ ਵਿਚ ਸੱਦਾ ਨਹੀਂ ਦਿੱਤਾ ਗਿਆ। ਇਨ੍ਹੀਂ ਦਿਨੀਂ ਉਹ ਮੁਲਾਇਮ ਸਿੰਘ ਯਾਦਵ, ਲਾਲੂ ਪ੍ਰਸਾਦ ਯਾਦਵ ਅਤੇ ਅਖਿਲੇਸ਼ ਯਾਦਵ ਨਾਲ ਮੁਲਾਕਾਤ ਕਰ ਰਹੇ ਹਨ ਅਤੇ ਜਦੋਂ ਵੀ ਉਨ੍ਹਾਂ ਨੂੰ ਕੋਈ ਮੰਚ ਮਿਲਦਾ ਹੈ, ਤਾਂ ਉਹ ਇਨ੍ਹਾਂ ਨੇਤਾਵਾਂ ਦੀ ਸ਼ਲਾਘਾ ਕਰਦੇ ਹਨ। ਹਾਲ ਹੀ ਵਿਚ ਕੌਮਾਂਤਰੀ ਯੋਗ ਦਿਵਸ 'ਤੇ ਰਾਮਦੇਵ ਨੇ ਮੁੱਖ ਮੰਤਰੀ ਵਸੁੰਧਰਾ ਰਾਜੇ ਦੀ ਸਹਾਇਤਾ ਨਾਲ ਰਾਜਸਥਾਨ ਦੇ ਕੋਟਾ 'ਚ ਇਕ ਯੋਗ ਕੈਂਪ ਦਾ ਆਯੋਜਨ ਕੀਤਾ ਸੀ, ਜਿਥੇ ਉਨ੍ਹਾਂ ਨੇ ਯੋਗ ਕਰਨ ਲਈ ਸੋਨੀਆ ਅਤੇ ਰਾਹੁਲ ਗਾਂਧੀ ਦੀ ਸ਼ਲਾਘਾ ਕੀਤੀ ਸੀ ਤੇ ਕਿਹਾ ਕਿ ਉਨ੍ਹਾਂ ਦੇ ਗਾਂਧੀਆਂ ਨਾਲ ਚੰਗੇ ਸਬੰਧ ਹਨ। ਇਸ ਤੋਂ ਬਾਅਦ ਉਨ੍ਹਾਂ ਦੇ ਪਤੰਜਲੀ ਮੈਗਾ ਫੂਡ ਪਾਰਕ ਨੂੰ ਜੀ. ਐੱਸ. ਟੀ. ਤੋਂ ਬਹੁਤ ਸਾਰੇ ਨੋਟਿਸ ਮਿਲੇ। ਇਕ ਬਿਜ਼ਨੈੱਸ ਗੁਰੂ ਹੋਣ ਦੇ ਨਾਤੇ ਉਨ੍ਹਾਂ ਨੇ ਇਨ੍ਹੀਂ ਦਿਨੀਂ ਰਾਜਨੀਤੀ ਬਾਰੇ ਗੱਲ ਕਰਨੀ ਬੰਦ ਕਰ ਦਿੱਤੀ ਹੈ ਕਿਉਂਕਿ ਉਹ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਵੱਖ-ਵੱਖ ਵਿਭਾਗਾਂ ਦੇ ਜਵਾਬ ਦੇਣ 'ਚ ਰੁੱਝੇ ਹੋਏ ਹਨ। ਚਰਚਾ ਇਹ ਹੈ ਕਿ ਆਗਾਮੀ ਲੋਕ ਸਭਾ ਚੋਣਾਂ ਵਿਚ ਬਾਬਾ ਰਾਮਦੇਵ ਕਿਸ ਦੀ ਹਮਾਇਤ ਕਰਨਗੇ? 
ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ : ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਰਾਹੁਲ ਗਾਂਧੀ ਨੇ ਕਾਂਗਰਸ ਵਰਕਿੰਗ ਕਮੇਟੀ ਦੇ 250 ਮੈਂਬਰਾਂ ਦੀ ਮੀਟਿੰਗ ਬੁਲਾਈ। ਇਹ ਕਮੇਟੀ ਦੀ ਇਕ ਵੱਡੀ ਮੀਟਿੰਗ ਸੀ, ਜਿਸ ਵਿਚ 239 ਮੈਂਬਰ ਸ਼ਾਮਿਲ ਹੋਏ। ਵਰਣਨਯੋਗ ਹੈ ਕਿ ਗ਼ੈਰ-ਹਾਜ਼ਰ ਰਹਿਣ ਵਾਲਿਆਂ ਵਿਚ ਦਿੱਗਵਿਜੇ ਸਿੰਘ ਅਤੇ ਜਨਾਰਦਨ ਦਿਵੇਦੀ ਸ਼ਾਮਿਲ ਸਨ। ਬੈਠਕ 'ਚ ਵਿਚਾਰ-ਵਟਾਂਦਰੇ ਦਾ ਏਜੰਡਾ ਮਿਸ਼ਨ 2019 ਦਾ ਸੀ ਅਤੇ 35 ਨੇਤਾਵਾਂ ਨੇ ਰਣਨੀਤੀ ਅਤੇ ਵਰਤਮਾਨ ਵਿਚ ਭਾਰਤ ਦੀ ਰਾਜਨੀਤਕ ਸਥਿਤੀ 'ਤੇ ਗੱਲ ਕੀਤੀ। ਬੈਠਕ ਵਿਚ ਰਾਹੁਲ ਗਾਂਧੀ ਨੂੰ ਰਾਸ਼ਟਰੀ ਪੱਧਰ ਦੇ ਨਾਲ-ਨਾਲ ਸੂਬਾਈ ਪੱਧਰ 'ਤੇ ਗੱਠਜੋੜ ਚੁਣਨ ਦੀ ਸ਼ਕਤੀ ਦਿੱਤੀ ਗਈ। ਸੀ. ਡਬਲਯੂ. ਸੀ. ਦੀ ਬੈਠਕ ਵਿਚ ਮੁੰਬਈ ਕਾਂਗਰਸ ਮੁਖੀ ਸੰਜੇ ਨਿਰੂਪਮ ਪੋਸਟਰ ਲਿਆਏ ਸਨ, ਜਿਸ ਵਿਚ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗਲ਼ੇ ਮਿਲਦੇ ਦਿਖਾਇਆ ਗਿਆ ਸੀ ਅਤੇ ਉਸ 'ਤੇ ਨਾਅਰਾ ਲਿਖਿਆ ਹੋਇਆ ਸੀ—'ਨਫਰਤ ਨਾਲ ਨਹੀਂ, ਪਿਆਰ ਨਾਲ ਜਿੱਤਾਂਗੇ।' ਜ਼ਿਆਦਾਤਰ ਬੁਲਾਰਿਆਂ ਦਾ ਵਿਚਾਰ ਸੀ ਕਿ ਜੇਕਰ ਕਾਂਗਰਸ 2019 ਦੀਆਂ ਲੋਕ ਸਭਾ ਚੋਣਾਂ ਵਿਚ ਇਕੱਲੀ ਸਭ ਤੋਂ ਵੱਡੀ ਪਾਰਟੀ ਦੇ ਰੂਪ 'ਚ ਉੱਭਰਦੀ ਹੈ ਤਾਂ ਰਾਹੁਲ ਗਾਂਧੀ ਭਾਰਤ ਦੇ ਪ੍ਰਧਾਨ ਮੰਤਰੀ ਹੋਣਗੇ। ਬੈਠਕ ਤੋਂ ਬਾਅਦ ਰਾਹੁਲ  ਗਾਂਧੀ ਨੇ ਪਾਰਟੀ ਦੀਆਂ ਸਾਰੀਆਂ ਇਕਾਈਆਂ, ਵਿਸ਼ੇਸ਼ ਤੌਰ 'ਤੇ ਮਹਿਲਾ ਕਾਂਗਰਸ, ਯੂਥ ਕਾਂਗਰਸ ਅਤੇ ਐੱਨ. ਐੱਸ. ਯੂ. ਆਈ. ਨੂੰ ਸੰਸਦ ਵਿਚ ਮਹਿਲਾ ਰਿਜ਼ਰਵੇਸ਼ਨ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੁੱਦੇ 'ਤੇ ਦੇਸ਼ ਭਰ 'ਚ ਰੈਲੀਆਂ ਆਯੋਜਿਤ ਕਰਨ ਦਾ ਨਿਰਦੇਸ਼ ਦਿੱਤਾ। 


Related News