ਇਤਿਹਾਸ ਅਟਲ ਜੀ ਨੂੰ ਇਕ ਨਿਮਰ ਮਹਾਪੁਰਸ਼ ਦੇ ਤੌਰ ''ਤੇ ਯਾਦ ਕਰੇਗਾ
Sunday, Aug 19, 2018 - 06:38 AM (IST)

ਬੀਮਾਰੀ ਦੇ ਨਾਲ ਲੰਮੀ ਲੜਾਈ ਤੋਂ ਬਾਅਦ ਬੀਤੇ ਵੀਰਵਾਰ ਨੂੰ 93 ਸਾਲਾ ਅਟਲ ਬਿਹਾਰੀ ਵਾਜਪਾਈ ਦਾ ਦਿਹਾਂਤ ਹੋ ਗਿਆ। ਉਨ੍ਹਾਂ ਨੇ ਆਪਣਾ ਸਿਆਸੀ ਜੀਵਨ ਇਕ ਸਵੈਮ-ਸੇਵਕ ਦੇ ਤੌਰ 'ਤੇ ਸ਼ੁਰੂ ਕੀਤਾ, ਜਨਤਾ ਪਾਰਟੀ ਵਿਚ ਰਲੇਵਾਂ ਹੋਣ ਤਕ ਉਹ ਜਨਸੰਘ ਦੇ ਮੈਂਬਰ ਬਣੇ ਰਹੇ, ਲਾਲ ਕ੍ਰਿਸ਼ਨ ਅਡਵਾਨੀ ਦੇ ਨਾਲ 1980 ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਥਾਪਨਾ ਕੀਤੀ ਅਤੇ ਆਪਣੇ ਆਖਰੀ ਦਿਨ ਤਕ ਆਪਣੀ ਪਾਰਟੀ ਪ੍ਰਤੀ ਵਫ਼ਾਦਾਰ ਰਹੇ।
ਆਪਣੇ ਜ਼ਿਆਦਾਤਰ ਪਾਰਟੀ ਸਹਿਯੋਗੀਆਂ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਲਈ ਉਹ ਇਕ 'ਸਹੀ' ਪਾਰਟੀ ਦੀ ਅਗਵਾਈ ਕਰਨ ਵਾਲੇ ਸਹੀ ਵਿਅਕਤੀ ਸਨ। ਹੋਰਨਾਂ ਪਾਰਟੀਆਂ ਨਾਲ ਸਬੰਧਤ ਬਹੁਤ ਸਾਰੇ ਲੋਕਾਂ ਲਈ ਉਹ ਇਕ ਗਲਤ ਪਾਰਟੀ 'ਚ ਸਹੀ ਵਿਅਕਤੀ ਸਨ।
ਮੈਂ ਵਾਜਪਾਈ ਜੀ ਨੂੰ ਇਕ ਸਨਮਾਨਯੋਗ ਦੂਰੀ ਤੋਂ ਦੇਖਿਆ ਹੈ। ਜਦੋਂ ਮੈਂ 1984 ਵਿਚ ਸੰਸਦ 'ਚ ਪਹੁੰਚਿਆ ਤਾਂ ਉਹ ਭਾਜਪਾ ਨਾਲ ਸਬੰਧਤ 2 ਮੈਂਬਰਾਂ 'ਚੋਂ ਇਕ ਸਨ। ਬੋਫਰਜ਼ ਸੌਦੇ ਨੇ ਬਹੁਤ ਸਾਰੀਆਂ ਪਾਰਟੀਆਂ ਨੂੰ ਜੀਵਨ ਦਾਨ ਦਿੱਤਾ, ਜੋ ਪਹਿਲਾਂ ਦੀਆਂ ਚੋਣਾਂ ਵਿਚ ਖਤਮ ਹੋ ਗਿਆ ਸੀ ਅਤੇ ਕਿਸੇ ਨੂੰ ਵੀ ਭਾਜਪਾ ਤੋਂ ਜ਼ਿਆਦਾ ਲਾਭ ਨਹੀਂ ਹੋਇਆ। ਹਾਲਾਂਕਿ ਗੈਰ-ਸੰਭਾਵਿਤ ਜੇਤੂ ਵੀ. ਪੀ. ਸਿੰਘ ਸਨ। 1989 ਅਤੇ 1991 ਵਿਚਾਲੇ ਵਾਜਪਾਈ ਜੀ ਅਤੇ ਮੈਂ ਵਿਰੋਧੀ ਬੈਂਚਾਂ 'ਤੇ ਬੈਠਦੇ ਸੀ। ਬਸ ਫਰਕ ਇਹ ਸੀ ਕਿ ਉਨ੍ਹਾਂ ਦੀ ਪਾਰਟੀ ਨੇ ਵੀ. ਪੀ. ਸਿੰਘ ਸਰਕਾਰ ਦਾ ਸਮਰਥਨ ਕੀਤਾ, ਜਦਕਿ ਮੇਰੀ ਪਾਰਟੀ ਨੇ ਉਸ ਦਾ ਵਿਰੋਧ। ਇਸ ਵਿਚ ਕੋਈ ਹੈਰਾਨੀ ਨਹੀਂ ਹੋਈ, ਜਦੋਂ 11 ਮਹੀਨਿਆਂ ਵਿਚ ਹੀ ਕਾਂਗਰਸੀ ਤੋਂ ਕਾਂਗਰਸ ਵਿਰੋਧੀ ਬਣੇ (ਵੀ. ਪੀ. ਸਿੰਘ) ਅਤੇ ਭਾਜਪਾ ਵਿਚਾਲੇ ਮੱਤਭੇਦ ਉੱਭਰ ਆਏ, ਜਿਸ ਦਾ ਨਤੀਜਾ ਮੰਡਲ ਬਨਾਮ ਕਮੰਡਲ ਦੇ ਮਜ਼ਾਕ ਦੇ ਰੂਪ 'ਚ ਨਿਕਲਿਆ।
ਭਾਜਪਾ ਦਾ ਨਿਡਰ ਚਿਹਰਾ
ਅਗਲੇ 6 ਸਾਲਾਂ ਤਕ ਭਾਰਤੀ ਰਾਜਨੀਤੀ 'ਚ ਕਮਜ਼ੋਰ ਕਾਂਗਰਸ ਅਤੇ ਮੁੜ ਤਰੱਕੀਸ਼ੀਲ ਭਾਜਪਾ ਵਿਚਾਲੇ ਸ੍ਰੇਸ਼ਠਤਾ ਨੂੰ ਲੈ ਕੇ ਸਖਤ ਸੰਘਰਸ਼ ਚੱਲਦਾ ਰਿਹਾ। ਜਿਥੇ ਉਤਸ਼ਾਹ ਦੇਣ ਵਾਲੀ ਤਾਕਤ ਐੱਲ. ਕੇ. ਅਡਵਾਨੀ ਸਨ, ਉਥੇ ਪਾਰਟੀ ਦਾ ਨਿਡਰ ਚਿਹਰਾ ਵਾਜਪਾਈ ਜੀ ਸਨ।
ਅਟਲ ਬਿਹਾਰੀ ਵਾਜਪਾਈ ਨੇ 3 ਵਾਰ ਪ੍ਰਧਾਨ ਮੰਤਰੀ ਦੇ ਤੌਰ 'ਤੇ ਸਹੁੰ ਚੁੱਕੀ। ਉਨ੍ਹਾਂ ਦੀ ਪਹਿਲੀ ਸਰਕਾਰ, ਜੋ ਇਕ ਬਹੁਤ ਵੱਡੀ ਮਿੱਥਗਣਨਾ ਸੀ, 13 ਦਿਨਾਂ ਤਕ ਚੱਲੀ। ਉਨ੍ਹਾਂ ਦੀ ਦੂਜੀ ਸਰਕਾਰ ਹੱਥ ਦੇ ਹੱਥ ਹੀ ਅਖੀਰ 13 ਮਹੀਨਿਆਂ ਬਾਅਦ ਹੀ ਡਿੱਗ ਗਈ, ਜੋ ਸਿਰਫ 1 ਵੋਟ ਨਾਲ ਹਾਰ ਗਈ ਸੀ। ਮੇਰਾ ਨਿੱਜੀ ਵਿਚਾਰ ਇਹ ਸੀ ਕਿ ਕਾਂਗਰਸ ਵਲੋਂ ਵਾਜਪਾਈ ਸਰਕਾਰ ਨੂੰ ਵੋਟ ਰਾਹੀਂ ਬਾਹਰ ਦਾ ਰਸਤਾ ਦਿਖਾਉਣ ਦੀ ਬਜਾਏ ਚੱਲਣ ਦਿੱਤਾ ਜਾਣਾ ਚਾਹੀਦਾ ਸੀ, ਜਦੋਂ ਤਕ ਕਿ ਉਹ ਖ਼ੁਦ ਨਾ ਡਿੱਗ ਜਾਂਦੀ, ਜਿਵੇਂ ਕਿ ਹੋਣਾ ਹੀ ਸੀ।
ਆਪਣੇ 13 ਮਹੀਨਿਆਂ ਦੇ ਕਾਰਜਕਾਲ ਦੌਰਾਨ ਵਾਜਪਾਈ ਜੀ ਨੇ ਪੋਖਰਣ-2 ਅਤੇ ਅਮਰੀਕੀ ਪਾਬੰਦੀਆਂ ਦਾ ਡਟ ਕੇ ਮੁਕਾਬਲਾ ਕਰ ਕੇ ਆਪਣੀ ਦਿੱਖ ਚਮਕਾਈ। ਇਕ ਵੋਟ ਤੋਂ ਹਾਰਨ ਨਾਲ ਉਨ੍ਹਾਂ ਲਈ ਹਮਦਰਦੀ ਦਾ ਹੜ੍ਹ ਆ ਗਿਆ। ਇਹ 1999 ਦੀਆਂ ਚੋਣਾਂ ਵਿਚ ਭਾਜਪਾ ਦੀਆਂ ਸੀਟਾਂ ਨੂੰ 182 ਤਕ ਪਹੁੰਚਾਉਣ ਅਤੇ ਵਾਜਪਾਈ ਜੀ ਨੂੰ ਵਾਪਿਸ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਬਿਠਾਉਣ ਲਈ ਭਾਜਪਾ ਦਾ ਮਨੋਬਲ ਵਧਾਉਣ ਲਈ ਕਾਫੀ ਸੀ।
ਸਾਰੇ ਮਿੱਤਰ, ਕੋਈ ਦੁਸ਼ਮਣ ਨਹੀਂ
ਜਿਥੋਂ ਤਕ ਵਾਜਪਾਈ ਜੀ ਦੀ ਗੱਲ ਹੈ, ਉਹ ਉਨ੍ਹਾਂ ਦਾ ਬਿਹਤਰੀਨ ਸਮਾਂ ਸੀ। ਨਾ ਸਿਰਫ ਖ਼ੁਦ ਉਨ੍ਹਾਂ ਲਈ, ਸਗੋਂ ਉਨ੍ਹਾਂ ਦੀ ਪਾਰਟੀ ਲਈ ਵੀ। ਉਨ੍ਹਾਂ ਨੇ ਭਾਜਪਾ ਲਈ ਉੱਬੜ-ਖਾਬੜ ਰਸਤਿਆਂ ਨੂੰ ਵੀ ਆਸਾਨ ਬਣਾ ਦਿੱਤਾ। ਮਿੱਤਰ ਬਣਾਏ, ਸਹਿਯੋਗੀਆਂ ਨੂੰ ਆਕਰਸ਼ਿਤ ਕੀਤਾ, ਝਗੜਿਆਂ 'ਚ ਵਿਚੋਲਗੀ ਕੀਤੀ, ਰਾਜਧਰਮ ਸਿਖਾਇਆ, ਆਪਣੇ ਸਹਿਯੋਗੀਆਂ ਨੂੰ ਅਧਿਕਾਰ ਸੌਂਪੇ, ਕੁਝ ਆਰਥਿਕ ਸੁਧਾਰ ਕੀਤੇ ਅਤੇ ਹੈਰਾਨੀਜਨਕ ਢੰਗ ਨਾਲ 2 ਤੋਂ 4 ਸਾਲਾਂ ਵਿਚ ਆਪਣੀ ਰਿਟਾਇਰਮੈਂਟ ਦੇ ਸੰਕੇਤ (ਦਸੰਬਰ 2002) ਦਿੱਤੇ।
6 ਸਾਲਾਂ ਦੌਰਾਨ ਉਨ੍ਹਾਂ ਨੇ ਬਹੁਤ ਸਾਰੇ ਮਿੱਤਰ ਬਣਾਏ ਪਰ ਕੋਈ ਵੀ ਦੁਸ਼ਮਣ ਨਹੀਂ। ਇਹ ਵਾਜਪਾਈ ਜੀ ਦੀ ਇਕ ਵਰਣਨਯੋਗ ਉਪਲੱਬਧੀ ਸੀ। ਜਦੋਂ ਮਈ 2004 ਵਿਚ ਉਨ੍ਹਾਂ ਨੇ ਆਪਣਾ ਅਹੁਦਾ ਛੱਡਿਆ ਅਤੇ ਪਿਛਲੇ ਹਫਤੇ ਜਦੋਂ ਉਨ੍ਹਾਂ ਦਾ ਦਿਹਾਂਤ ਹੋਇਆ, ਹਰ ਕਿਸੇ ਕੋਲ ਉਨ੍ਹਾਂ ਲਈ ਚੰਗੇ ਅਤੇ ਨਿਮਰ ਸ਼ਬਦ ਕਹਿਣ ਤੋਂ ਇਲਾਵਾ ਹੋਰ ਕੁਝ ਨਹੀਂ ਸੀ। ਮੈਂ ਦੋ ਘਟਨਾਵਾਂ ਨੂੰ ਯਾਦ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਵਿਚ ਵਾਜਪਾਈ ਜੀ ਅਤੇ ਮੈਂ ਸ਼ਾਮਿਲ ਸੀ।
ਪਹਿਲੀ ਸੀ 1988-89 'ਚ। ਬੋਫਰਜ਼ ਮਾਮਲੇ ਨੇ ਰਾਜੀਵ ਗਾਂਧੀ ਸਰਕਾਰ ਨੂੰ ਲੜਖੜਾ ਕੇ ਰੱਖ ਦਿੱਤਾ ਸੀ। ਸੰਸਦ ਵਿਚ ਕਈ ਮੰਤਰੀਆਂ ਨੇ ਇਸ ਮੁੱਦੇ 'ਤੇ ਆਪਣੀ ਟਿੱਪਣੀ ਕੀਤੀ ਅਤੇ ਮਾਮਲਾ 1988 ਦੇ ਅਖੀਰ ਵਿਚ ਮੇਰੇ ਕੋਲ ਆ ਗਿਆ। ਸਾਰਾ ਰਿਕਾਰਡ ਧਿਆਨ ਨਾਲ ਪੜ੍ਹਨ ਤੋਂ ਬਾਅਦ ਮੈਂ ਇਸ ਸਿੱਟੇ 'ਤੇ ਪਹੁੰਚਿਆ ਕਿ ਕਰਾਰ ਹਾਸਿਲ ਕਰਨ ਲਈ ਏ. ਬੀ. ਬੋਫਰਜ਼ ਵਲੋਂ ਨਿਸ਼ਚਿਤ ਤੌਰ 'ਤੇ ਧਨ ਦਿੱਤਾ ਗਿਆ ਸੀ ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਸੀ ਕਿ ਕਿਸੇ ਭਾਰਤੀ ਮੰਤਰੀ ਜਾਂ ਅਧਿਕਾਰੀ ਨੇ ਧਨ ਪ੍ਰਾਪਤ ਕੀਤਾ ਸੀ। ਮੈਂ ਅਗਲੇ ਉਪਲੱਬਧ ਮੌਕੇ 'ਤੇ ਇਹ ਮਹੱਤਵਪੂਰਨ ਬਿਆਨ ਦੇਣ ਲਈ ਰਾਜੀਵ ਗਾਂਧੀ ਦੀ ਮਨਜ਼ੂਰੀ ਚਾਹੀ ਅਤੇ ਮੈਨੂੰ ਮਿਲ ਵੀ ਗਈ।
ਇਹ ਮੌਕਾ ਕੁਝ ਹੀ ਦਿਨਾਂ 'ਚ ਮਿਲ ਗਿਆ। ਵਾਜਪਾਈ ਜੀ ਨੇ ਬੋਫਰਜ਼ 'ਤੇ ਹੋਰ ਜ਼ਿਆਦਾ ਚਰਚਾ ਸ਼ੁਰੂ ਕੀਤੀ। ਸਰਕਾਰ ਵਲੋਂ ਜਵਾਬ ਦਿੰਦੇ ਹੋਏ ਮੈਂ ਆਪਣੇ ਸਿੱਟੇ ਦੇ ਆਧਾਰ 'ਤੇ ਬਿਆਨ ਦਿੱਤਾ। ਮੈਨੂੰ ਅਜੇ ਵੀ ਵਾਜਪਾਈ ਜੀ ਦੇ ਚਿਹਰੇ 'ਤੇ ਦੁਚਿੱਤੀ ਦੀ ਝਲਕ ਯਾਦ ਹੈ। ਉਹ ਮੈਨੂੰ ਕੋਸਣ ਲਈ ਉੱਠੇ ਅਤੇ ਕਿਹਾ ਕਿ ਉਨ੍ਹਾਂ ਨੂੰ ਆਸ ਨਹੀਂ ਸੀ ਕਿ ਚਿਦਾਂਬਰਮ ਰਿਸ਼ਵਤ ਲੈਣ ਵਾਲਿਆਂ ਨੂੰ ਨਿਰਦੋਸ਼ ਸਾਬਿਤ ਕਰਨ ਲਈ ਬਿਆਨ ਦੇਣਗੇ ਜਾਂ ਅਜਿਹੇ ਹੀ ਸ਼ਬਦ ਕਹਿਣਗੇ। ਮੈਂ ਜ਼ੋਰ ਦੇ ਕੇ ਕਿਹਾ ਕਿ ਮੈਂ ਸੱਚ ਕਹਿ ਰਿਹਾ ਹਾਂ। (4 ਫਰਵਰੀ 2004 ਨੂੰ ਦਿੱਲੀ ਹਾਈਕੋਰਟ ਦੇ ਇਕ ਜੱਜ ਨੇ ਰਾਜੀਵ ਗਾਂਧੀ ਵਿਰੁੱਧ ਸੀ. ਬੀ. ਆਈ. ਦੇ ਦੋਸ਼ਾਂ ਨੂੰ ਬਾਹਰ ਸੁੱਟ ਦਿੱਤਾ ਸੀ।)
ਇਕ ਮਾਣਯੋਗ ਵਿਅਕਤੀ
ਦੂਜੀ ਘਟਨਾ 1997-98 ਦੀ ਹੈ। ਮੈਂ ਸੰਯੁਕਤ ਮੋਰਚਾ ਸਰਕਾਰ ਵਿਚ ਵਿੱਤ ਮੰਤਰੀ ਸੀ ਅਤੇ ਬੀਮਾ ਖੇਤਰ ਨੂੰ ਨਿੱਜੀ ਖੇਤਰ ਲਈ ਖੋਲ੍ਹਣ, ਜਿਸ ਵਿਚ ਵਿਦੇਸ਼ੀ ਨਿਵੇਸ਼ਕ ਵੀ ਸ਼ਾਮਿਲ ਸਨ, ਲਈ ਇਕ ਬਿੱਲ ਲਿਆਉਣ ਦੀ ਤਿਆਰੀ ਕਰ ਰਿਹਾ ਸੀ। ਇਸ ਦਾ ਮੁੱਖ ਵਿਰੋਧ ਭਾਜਪਾ ਵਲੋਂ ਆਇਆ ਅਤੇ ਉਨ੍ਹਾਂ ਦਾ ਮੁੱਖ ਮੁੱਦਾ ਵਿਦੇਸ਼ੀ ਨਿਵੇਸ਼ ਦੀ ਮਨਜ਼ੂਰੀ ਦੇਣ ਵਾਲੀ ਧਾਰਾ ਸੀ। ਸਮਝੌਤਾ ਕਰਨ ਲਈ ਮੈਂ ਵਿਦੇਸ਼ੀ ਨਿਵੇਸ਼ ਨੂੰ 20 ਫੀਸਦੀ ਤਕ ਸੀਮਤ ਕਰਨ ਦਾ ਪ੍ਰਸਤਾਵ ਦਿੱਤਾ। ਵਾਜਪਾਈ ਜੀ ਸਹਿਮਤ ਹੋ ਗਏ। ਸਭ ਤੋਂ ਵੱਡਾ ਅੜਿੱਕਾ ਮੁਰਲੀ ਮਨੋਹਰ ਜੋਸ਼ੀ ਸਨ ਪਰ ਵਾਜਪਾਈ ਜੀ ਨੇ ਮੇਰੇ ਨਾਲ ਵਾਅਦਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਬਿੱਲ ਦਾ ਸਮਰਥਨ ਕਰੇਗੀ। ਚਰਚਾ ਖਤਮ ਹੋਣ ਤੋਂ ਬਾਅਦ ਵੋਟਿੰਗ ਸ਼ੁਰੂ ਹੋਈ। 2 ਤੋਂ 12 ਤਕ ਧਾਰਾਵਾਂ ਪਾਸ ਹੋ ਗਈਆਂ ਪਰ ਜੋਸ਼ੀ ਜੀ ਨੇ ਧਾਰਾ-13 ਦਾ ਵਿਰੋਧ ਕੀਤਾ, ਜੋ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਦੀ ਆਗਿਆ ਦਿੰਦੀ ਸੀ। ਵਾਜਪਾਈ ਜੀ ਮੈਨੂੰ ਸਪੀਕਰ ਦੀ ਕੁਰਸੀ ਦੇ ਪਿੱਛੇ ਲੈ ਗਏ ਅਤੇ ਆਪਣਾ ਵਾਅਦਾ ਨਾ ਨਿਭਾਅ ਸਕਣ ਲਈ ਮੇਰੇ ਕੋਲ ਅਫਸੋਸ ਜਤਾਇਆ। ਬਿੱਲ ਪਾਸ ਹੋ ਗਿਆ ਪਰ ਮੈਂ ਉਸ ਨੂੰ ਵਾਪਿਸ ਲੈਣ ਤੋਂ ਇਨਕਾਰ ਕਰ ਦਿੱਤਾ। (ਕਾਵਿਆਤਮਕ ਨਿਆਂ ਕੁਝ ਸਾਲ ਹੀ ਦੂਰ ਸੀ। 1999 ਵਿਚ ਵਾਜਪਾਈ ਸਰਕਾਰ ਨੇ ਐੱਫ. ਡੀ. ਆਈ. 'ਤੇ ਉਹੋ ਜਿਹੀ ਹੀ ਧਾਰਾ ਦੇ ਨਾਲ ਉਹੋ ਜਿਹੇ ਹੀ ਬਿੱਲ ਨੂੰ ਪਾਸ ਕਰ ਦਿੱਤਾ)।
1999-2004 ਦੌਰਾਨ ਮੈਂ ਸੰਸਦ ਮੈਂਬਰ ਨਹੀਂ ਸੀ। ਮੈਂ ਕਾਲਮਨਵੀਸ ਬਣ ਗਿਆ ਅਤੇ ਵਾਜਪਾਈ ਸਰਕਾਰ ਨੂੰ ਬਖਸ਼ਿਆ ਨਹੀਂ। ਮੈਨੂੰ ਕਈ ਵਾਰ ਇਹ ਅਹਿਸਾਸ ਹੋਇਆ ਕਿ ਵਾਜਪਾਈ ਸਰਕਾਰ ਵਿਚ ਕੋਈ ਮੇਰੇ 'ਤੇ ਨਜ਼ਰ ਰੱਖ ਰਿਹਾ ਹੈ ਅਤੇ ਆਲੋਚਨਾਵਾਂ ਦੀ ਗਿਣਤੀ ਕਰ ਰਿਹਾ ਹੈ। ਵਾਜਪਾਈ ਜੀ ਇਕ ਸੱਚੇ ਲੋਕਤੰਤਰਿਕ ਸਨ, ਜਿਨ੍ਹਾਂ ਨੇ ਅਪੋਜ਼ੀਸ਼ਨ ਦੀ ਨਿਆਂਸੰਗਤ ਭੂਮਿਕਾ ਨੂੰ ਪਛਾਣਿਆ। ਇਤਿਹਾਸ ਉਨ੍ਹਾਂ ਨੂੰ ਇਕ ਚੰਗੇ ਤੇ ਸੱਜਣ ਵਿਅਕਤੀ, ਇਕ ਨਿਮਰ ਮਹਾਪੁਰਸ਼ ਦੇ ਤੌਰ 'ਤੇ ਯਾਦ ਕਰੇਗਾ।