ਆਖਰੀ ਸਾਹਾਂ ਤੱਕ ਸੱਤਾ ’ਤੇ ਕਾਬਜ਼ ਰਹਿਣਾ ਚਾਹੁੰਦੇ ਹਨ ਮੌਜੂਦਾ ਆਗੂ
Sunday, Jan 29, 2023 - 10:07 PM (IST)
ਇਸ ਵਿਸ਼ਵ ਅੰਦਰ ਗਲਬਾਵਾਦੀ, ਪਰਿਵਾਰਵਾਦੀ ਅਤੇ ਤਾਨਾਸ਼ਾਹੀ ਸੋਚ ਵਾਲੇ ਸਿਆਸੀ ਆਗੂ ਅਜੋਕੇ ਲੋਕਤੰਤਰੀ ਯੁੱਗ ਅੰਦਰ ਵੀ ਆਪਣੀ ਮੌਤ ਤਕ ਸੱਤਾ ’ਤੇ ਕਾਬਜ਼ ਰਹਿਣਾ ਚਾਹੁੰਦੇ ਹਨ। ਭਾਵੇਂ ਵਿਸ਼ਵ ਦੇ ਬਹੁਤ ਸਾਰੇ ਦੇਸ਼ਾਂ ਵਿਚ ਸੰਵਿਧਾਨਿਕ ਤੌਰ ’ਤੇ ਦੋ ਕਾਰਜਕਾਲਾਂ ਤੋਂ ਵੱਧ ਸੱਤਾ ਵਿਚ ਬਣੇ ਰਹਿਣ ’ਤੇ ਪਾਬੰਦੀ ਵੀ ਕਿਉਂ ਨਾ ਲਗਾਈ ਹੋਵੇ, ਤਾਕਤਵਰ ਸੱਤਾ ਦੇ ਭੁੱਖੇ ਸਿਆਸੀ ਆਗੂ ਸੱਤਾ ਸ਼ਕਤੀ ਦੇ ਬਲਬੂਤੇ ਅਜਿਹੇ ਕਾਨੂੰਨਾਂ ਵਿਚ ਸੋਧ ਕਰਵਾ ਕੇ ਆਪਣਾ ਕਾਰਜਕਾਲ ਵਧਾ ਲੈਂਦੇ ਹਨ। ਵਿਸ਼ਵ ਦੇ ਸਭ ਤੋਂ ਸ਼ਕਤੀਸ਼ਾਲੀ ਲੋਕਤੰਤਰ ਅਮਰੀਕਾ ਵਿਚ ਰਾਸ਼ਟਰਪਤੀ ਦੇ ਅਹੁਦੇ ’ਤੇ ਦੋ ਵਾਰ ਤੱਕ ਹੀ ਬਣੇ ਰਹਿਣ ਦੀ ਪ੍ਰੰਪਰਾ ਪਹਿਲੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਕਾਲ ਤੋਂ ਚਲੀ ਆ ਰਹੀ ਹੈ ਪਰ ਦੂਜੀ ਵਿਸ਼ਵ ਜੰਗ ਅਤੇ ਰਾਸ਼ਟਰ ਨੂੰ ਬਾਹਰੀ ਚੁਣੌਤੀਆਂ ਕਰਕੇ ਫਰੈਂਕਲਿਨ ਡੀ ਰੂਜ਼ਵੈਲਟ ਇਸ ਅਹੁਦੇ ’ਤੇ ਚਾਰ ਵਾਰ ਸੁਸ਼ੋਭਿਤ ਰਹੇ। ਚੀਨ ਦੇ ਰਾਸ਼ਟਰਪਤੀ ਸ਼ੀ ਜ਼ਿਨਪਿੰਗ ਨੇ ਸਾਰੀ ਉਮਰ ਸੱਤਾ ’ਚ ਬਣੇ ਲੈਣ ਦਾ ਸੰਵਿਧਾਨਿਕ ਪ੍ਰਬੰਧ ਕਮਿਊਨਿਸਟ ਪਾਰਟੀ ਦੀ ਮਨਜ਼ੂਰੀ ਰਾਹੀਂ ਕਰ ਲਿਆ ਹੈ।
ਤੁਰਕੀ ਦੇ ਰਾਸ਼ਟਰਪਤੀ ਰੇਸਿਪ ਅਰਡੋਗਨ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਆਦਿ ਸਮੇਤ ਇਸ ਵਿਸ਼ਵ ਦੇ ਕਈ ਤਾਕਤਵਰ ਸੱਤਾਧਾਰੀ ਆਗੂ ਜਿਊਂਦੇ ਜੀਅ ਸੱਤਾ ਨਾ ਛੱਡਣ ’ਤੇ ਅਡਿੱਗ ਲਗਦੇ ਹਨ। ਭਾਰਤ ਅੰਦਰ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੇ 75 ਸਾਲ ਤੋਂ ਵੱਧ ਉਮਰ ਵਾਲੇ ਆਗੂ ਰਿਟਾਇਰ ਕਰਨ ਅਤੇ ਸਿਆਸੀ ਪਰਿਵਾਰਵਾਦ ਖਾਤਮੇ ਦਾ ਸੰਕਲਪ ਲਿਆ ਸੀ ਪਰ ਸੱਤਾ ਭੁੱਖ ਕਰਕੇ ਇਹ ਬੁਰੀ ਤਰ੍ਹਾਂ ਟੁੱਟ ਰਿਹਾ ਹੈ। ਪਰ ਅਜਿਹੇ ਯੁੱਗ ਵਿਚ ਦੇਸ਼ ਦੀ ਸੇਵਾ ਉਦੋਂ ਤੱਕ ਕਰਨ ਜਦ ਤੱਕ ਸਰੀਰਕ, ਮਾਨਸਿਕ ਅਤੇ ਬੌਧਿਕ ਊਰਜਾ ਸ਼ਕਤੀ ਕਾਇਮ ਹੈ, ਜਦ ਤਕ ਸ਼ਿੱਦਤ ਭਰੀ ਸਰਗਰਮੀ ਕਾਇਮ ਹੈ, ਜਦ ਤੱਕ ਨਵੇਂ ਵਿਚਾਰਾਂ ਭਰੀ ਅਗਵਾਈ ਜ਼ਿੰਦਾ ਹੈ, ਤੱਕ ਸੀਮਤ ਰਹਿਣ ਦਾ ਜ਼ਬਰਦਸਤ ਸੁਨੇਹਾ ਦਿੰਦੇ ਹੋਏ ਨਿਊਜ਼ੀਲੈਂਡ ਦੀ 42 ਸਾਲਾ ਪ੍ਰਧਾਨ ਮੰਤਰੀ ਜੇਸਿੰਡਾ ਅਰਡਰਨ ਨੇ 19 ਜਨਵਰੀ, 2023 ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਆਪਣੀ (ਸੈਂਟਰ-ਲੈਫਟ) ਲੇਬਰ ਪਾਰਟੀ, ਦੇਸ਼ ਅਤੇ ਪੂਰੇ ਵਿਸ਼ਵ ਨੂੰ ਹੈਰਾਨ ਕਰਕੇ ਰਖ ਦਿੱਤਾ।
ਜੇਸਿੰਡਾ ਨੇ ਸਪਸ਼ਟ ਕੀਤਾ ਕਿ ‘‘ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਕਿ ਐਸਾ ਰੁਤਬਾ ਕੀ ਲੋਚਦਾ ਹੈ? ਮੇਰੇ ਵਿਚ ਹੁਣ ਇੰਨੀ ਸ਼ਕਤੀ ਨਹੀਂ ਹੈ ਕਿ ਮੈਂ ਇਸ ਨਾਲ ਇਨਸਾਫ ਕਰ ਸਕਾਂ। ਦਰਅਸਲ ਮੇਰੀ ਸ਼ਕਤੀ ਦਾ ਟੈਂਕ ਖਾਲੀ ਹੋ ਚੁੱਕਾ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਮੈਂ ਇਸ ਲਈ ਅਸਤੀਫਾ ਨਹੀਂ ਦੇ ਰਹੀ ਹਾਂ ਕਿ ਇਹ ਕੰਮ ਬਹੁਤ ਚੁਣੌਤੀ ਭਰਿਆ ਅਤੇ ਔਖਾ ਹੈ। ਜੇ ਅਜਿਹਾ ਹੁੰਦਾ ਤਾਂ ਮੈਂ ਸੱਤਾ ਸੰਭਾਲਣ ਤੋਂ ਦੋ ਮਹੀਨੇ ਬਾਅਦ ਹੀ ਆਪਣਾ ਅਸਤੀਫਾ ਦਾਗ ਦਿੰਦੀ।’’ ਜੇਸਿੰਡਾ ਨੇ ਅਜੋਕੇ ਯੁੱਗ ਵਿਚ ਵਿਸ਼ਵ ਅੰਦਰ ਸਭ ਤੋਂ ਘੱਟ 37 ਸਾਲ ਦੀ ਉਮਰ ਵਿਚ 26 ਅਕਤੂਬਰ, 2017 ਨੂੰ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ। ਵਾਤਾਵਰਣ ਨੂੰ ਸੰਭਾਲ ਅਤੇ ਗਲੋਬਲ ਨਾਰੀਵਾਦ ਦੀ ਜਾਨਦਾਰ ਪ੍ਰਤੀਕ ਬਣੀ ਰਹੀ। ਇਸੇ ਕਰਕੇ ਪੂਰੇ ਵਿਸ਼ਵ ਵਿਚ ਇਸ ਛੋਟੇ ਜਿਹੇ ਦੇਸ਼ ਦੀ ਪ੍ਰਧਾਨ ਮੰਤਰੀ ਦਾ ‘ਜੇਸਿੰਡਾ ਮਾਨੀਆ’ ਜਾਦੂ ਸਿਰ ਚੜ੍ਹ ਕੇ ਲੋਕਾਂ ਸਿਰ ਬੋਲਦਾ ਵੇਖਿਆ ਗਿਆ। ਸ਼ਾਇਦ ਪੂਰਾ ਵਿਸ਼ਵ ਉਸਦੀ ਭਰਪੂਰ ਸਿਆਸੀ ਇੱਛਾ ਸ਼ਕਤੀ, ਸੰਕਟ ਮੋਚਨ ਪ੍ਰਤਿਭਾ ਅਤੇ ਚੁਣੌਤੀਆਂ ਸਾਹਮਣੇ ਚੱਟਾਨ ਬਣ ਕੇ ਡਟਣ ਦੀ ਮਜ਼ਬੂਤੀ ਦਾ ਕਾਇਲ ਰਿਹਾ।
ਉਨ੍ਹਾਂ ਨੇ ਅਜਿਹੀ ਮਿਸਾਲ ਪੈਦਾ ਕੀਤੀ ਹੈ ਕਿ ਸਿਰਫ ਓਨਾ ਚਿਰ ਦੇਸ਼-ਕੌਮ ਦੀ ਅਗਵਾਈ ਕਰੋ ਜਿੰਨਾ ਚਿਰ ਤੁਹਾਡੀ ਸਰੀਰਕ, ਬੌਧਿਕ, ਮਾਨਸਿਕ ਅਤੇ ਕ੍ਰਿਆਤਮਿਕ ਸ਼ਕਤੀ ਇਜਾਜ਼ਤ ਦਿੰਦੀ ਹੈ, ਤੁਹਾਡੀ ਸਿਆਸੀ, ਡਿਪਲੋਮੈਟਿਕ, ਜੰਗੀ ਸਰਗਰਮੀ ਪ੍ਰਭਾਵਸ਼ਾਲੀ ਤੌਰ ’ਤੇ ਕਾਇਮ ਰਹਿੰਦੀ ਹੈ। ਐਵੇਂ ਡੰਗ ਟਪਾਈ, ਐਸ਼ੋ-ਇਸ਼ਰਤ, ਜੋੜ-ਤੋੜ, ਵਿਲਾਸਤਾ ਨਾਲ ਕੌਮ ਅਤੇ ਦੇਸ਼ ਦੇ ਵਿਕਾਸ ਵਿਚ ਅੜਿੱਕਾ ਬਣਨ, ਸਮੱਸਿਆਵਾਂ ਪੈਦਾ ਕਰਨ ਦੇ ਕਾਰਕ ਬਣਨ ਦੀ ਕੋਈ ਲੋੜ ਨਹੀਂ। ਬਿਹਤਰ ਹੈ ਕਿ ਸੱਤਾ ਛੱਡ ਕੇ ਲਾਂਭੇ ਹੋ ਜਾਓ। ਸੱਤਾ ਤੋਂ ਇਲਾਵਾ ਵੀ ਪਰਿਵਾਰ, ਸਮਾਜ, ਦੇਸ਼ ਅਤੇ ਮਨੁੱਖਤਾ ਦੀ ਸੇਵਾ ਲਈ ਬਹੁਤ ਕੁਝ ਹੈ।
ਜੇਸਿੰਡਾ ਨੂੰ ਦੇਸ਼ ਅੰਦਰ ਜੀਵ ਸੁਰੱਖਿਆ, ਘਰੇਲੂ ਹਿੰਸਾ, ਹਿਜਾਬ ਸਮੱਸਿਆ, ਕੁਦਰਤੀ ਆਫਤਾਂ, ਗਲੋਬਲ ਕੋਵਿਡ ਮਹਾਮਾਰੀ, ਆਰਥਿਕ ਸੰਕਟਾਂ ਦਾ ਸਾਹਮਣਾ ਕਰਨਾ ਪਿਆ। ਕੋਵਿਡ ਮਹਾਮਾਰੀ ਸਮੇਂ ਉਸ ਵਲੋਂ ਚੁੱਕੇ ਸਖਤ ਕਦਮਾਂ ਕਰ ਕੇ ਨਿਊਜ਼ੀਲੈਂਡ ਪਹਿਲਾ ਦੇਸ਼ ਸੀ ਜੋ ਕੋਰੋਨਾ ਮੁਕਤ ਬਣਿਆ। ਬਹੁਤ ਹੀ ਘੱਟ ਲੋਕਾਂ ਦੀ ਮੌਤ ਹੋਈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਅਮਰੀਕੀ ਪ੍ਰਧਾਨ ਜੋਅ ਬਾਈਡੇਨ ਵਾਂਗ ਉਹ ਔਰਤ ਬਰਾਬਰੀ, ਸਮਾਜਿਕ ਇਨਸਾਫ, ਸੱਤਾ ਭਾਈਵਾਲੀ ਦੀ ਵੱਡੀ ਆਲਮ ਬਰਦਾਰ ਰਹੀ ਹੈ।
ਸਿਆਸਤਦਾਨਾਂ ਨੂੰ ਸੰਦੇਸ਼ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਲਿੰਗ, ਜਾਤ, ਧਰਮ, ਵਰਗ, ਸਿਆਸੀ ਪਾਰਟੀ ਨਾਲ ਸਬੰਧਿਤ ਕਿਉਂ ਨਾ ਹੋਣ, ਉਨ੍ਹਾਂ ਨੂੰ ਬਗੈਰ ਕਿਸੇ ਵਿਤਕਰੇ ਦੇ ਜਨਤਕ ਸੇਵਾ ਪ੍ਰਤੀ ਸਮਰਪਿਤ ਹੋਣਾ ਚਾਹੀਦਾ ਹੈ। ਉਨ੍ਹਾਂ ਦਰਸਾਇਆ ਕਿ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਹੁੰਦੇ ਉਨ੍ਹਾਂ ਦਾ ਮੁੱਖ ਫਰਜ਼ ਸੀ ਕਿ ਉਨ੍ਹਾਂ ਲੱਖਾਂ ਲੋਕਾਂ ਦੇ ਮਸਲਿਆਂ ਵੱਲ ਧਿਆਨ ਕੇਂਦਰਿਤ ਕਰਨਾ ਅਤੇ ਉਨ੍ਹਾਂ ਨੂੰ ਹੱਲ ਕਰ ਕੇ ਉਨ੍ਹਾਂ ਦੀ ਭਲਾਈ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨਾ ਜਿਨ੍ਹਾਂ ਨੇ ਉਸ ਵਿਚ ਭਰੋਸਾ ਪ੍ਰਗਟ ਕੀਤਾ ਸੀ। ਉਨ੍ਹਾਂ ਆਪਣੇ ਦਿਲ ’ਤੇ ਹੱਥ ਰੱਖ ਕੇ ਕਿਹਾ ਕਿ ਮੈਂ ਆਪਣਾ ਸਭ ਕੁਝ ਸੱਤਾ ਵਿਚ ਹੁੰਦੇ ਨਿਊਜ਼ੀਲੈਂਡਰਾਂ ਦੀ ਬੇਹਤਰੀ ਲਈ ਸਮਰਪਿਤ ਕਰ ਦਿਤਾ।
ਸੰਨ, 2018 ਵਿਚ ਪ੍ਰਧਾਨ ਮੰਤਰੀ ਹੁੰਦੇ ਉਨ੍ਹਾਂ ਆਪਣੀ ਬੱਚੀ ਨੂੰ ਜਨਮ ਦਿੱਤਾ ਅਤੇ ਮਾਂ ਹੁੰਦੇ ਯੂ.ਐੱਸ. ਅਸੈਂਬਲੀ ਵਿਚ ਹਿੱਸਾ ਲੈਂਦੇ ਵਿਸ਼ਵ ਅੰਦਰ ਕੰਮ ਕਰਨ ਵਾਲੀਆਂ ਮਾਵਾਂ ਦੇ ਅਧਿਕਾਰਾਂ ਨੂੰ ਉਜਾਗਰ ਕੀਤਾ। ਅਕਤੂਬਰ, 2020 ਵਿਚ ਦੂਜੀ ਵਾਰ ਬਹੁਸੰਮਤੀ ਨਾਲ ਪਾਰਲੀਮੈਂਟ ਚੋਣਾਂ ਜਿੱਤਣ ਬਾਅਦ (ਨਿਊਜ਼ੀਲੈਂਡ ਵਿਚ ਹਰ ਤਿੰਨ ਸਾਲ ਬਾਅਦ ਪਾਰਲੀਮੈਂਟ ਚੋਣਾਂ ਹੁੰਦੀਆਂ ਹਨ) ਇਤਿਹਾਸ ਵਿਚ ਨਿਵੇਕਲੀ ਕੈਬਨਿਟ ਮੁਹੱਈਆ ਕੀਤੀ, ਜਿਸ ਵਿਚ 40 ਪ੍ਰਤੀਸ਼ਤ ਔਰਤਾਂ, 25 ਪ੍ਰਤੀਸ਼ਤ ਮਾਉਰੀਆਂ, 15 ਪ੍ਰਤੀਸ਼ਤ ਐੱਲ. ਜੀ. ਬੀ. ਟੀ. ਕਿਊ ਭਾਈਚਾਰੇ ਨੂੰ ਪ੍ਰਤੀਨਿੱਧਤਾ ਦਿੱਤੀ। ਜੇਸਿੰਡਾ ਅਰਡਰਨ ਵਾਲਿੰਗਟਨ ਨੇੜੇ ਇਕ ਰਟਾਨਾ ਨਾਮਕ ਕਸਬੇ ਵਿਚ ਬਸੇਰਾ ਕਰੇਗੀ ਜਿਥੇ ਆਪਣੀ ਬੱਚੀ, ਪਰਿਵਾਰ ਅਤੇ ਸਥਾਨਕ ਕਮਿਊਨਿਟੀ ਨੂੰ ਸਮਰਪਿਤ ਰਹੇਗੀ।
-ਦਰਬਾਰਾ ਸਿੰਘ ਕਾਹਲੋਂ