ਬ੍ਰਿਟੇਨ ''ਚ ਸਰਗਰਮ ਚਰਚਾ ਦਾ ਵਿਸ਼ਾ : ''ਇਹ 20 ਪੌਂਡ ਦਾ ਨੋਟ ਕਿਸ ਦਾ ਹੈ?''

03/23/2017 8:10:13 AM

ਤੁਸੀਂ ਕਿਸੇ ਦੁਕਾਨ ''ਤੇ ਜਾਂਦੇ ਹੋ, ਉਥੇ ਫਰਸ਼ ''ਤੇ ਡਿਗਿਆ ਕੋਈ ਕਰੰਸੀ ਨੋਟ ਦੇਖਦੇ ਹੋ ਤੇ ਉਸ ਨੂੰ ਚੁੱਕ ਲੈਂਦੇ ਹੋ। ਉਹ ਨੋਟ ਕਿਸ ਦਾ ਹੈ? ਤੁਹਾਡਾ ਕਿਉਂਕਿ ਉਹ ਤੁਹਾਨੂੰ ਮਿਲਿਆ ਹੈ ਜਾਂ ਫਿਰ ਉਸ ਵਿਅਕਤੀ ਦਾ ਜਿਸ ਦੇ ਹੱਥੋਂ ਜਾਂ ਜੇਬ ''ਚੋਂ ਇਹ ਨੋਟ ਹੇਠਾਂ ਡਿਗਿਆ ਸੀ?
ਤੁਸੀਂ ਉਸ ਨੋਟ ਦਾ ਕੀ ਕਰੋਗੇ? ਆਪਣੀ ਜੇਬ ''ਚ ਪਾ ਲਓਗੇ, ਦੁਕਾਨਦਾਰ ਦੇ ਹਵਾਲੇ ਕਰ ਦਿਓਗੇ ਤਾਂ ਕਿ ਉਸ ਦੀ ਭਾਲ ''ਚ ਜੇ ਕੋਈ ਆਵੇ ਤਾਂ ਉਸ ਨੂੰ ਦੇ ਦਿੱਤਾ ਜਾਵੇ ਜਾਂ ਫਿਰ ਪੁਲਸ ਥਾਣੇ ਜਾ ਕੇ ਨੋਟ ਜਮ੍ਹਾ ਕਰਵਾ ਦਿਓਗੇ?
ਇਹ ਸਵਾਲ ਅੱਜਕਲ ਬ੍ਰਿਟੇਨ ''ਚ ਬਹੁਤ ਸਰਗਰਮ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਛੇ ਮਹੀਨੇ ਪਹਿਲਾਂ ਇਹ ਘਟਨਾ ਵਾਪਰੀ, ਜਿਸ ਦਾ ਸੰਬੰਧ ਇਕ 23 ਸਾਲਾ ਅੰਗਰੇਜ਼ ਮੁਟਿਆਰ ਨਾਲ ਸੀ। ਕੁਝ ਦਿਨ ਪਹਿਲਾਂ ਅਦਾਲਤ ਨੇ ਉਸ ਘਟਨਾ ਦੇ ਮੁਕੱਦਮੇ ਦਾ ਫੈਸਲਾ ਸੁਣਾਇਆ, ਜਿਸ ਤੋਂ ਬਾਅਦ ਦੇਸ਼ ਭਰ ਦੇ ਮੀਡੀਆ ''ਚ ਖੂਬ ਬਹਿਸ ਛਿੜੀ ਰਹੀ ਕਿ ਉਸ ਮੁਟਿਆਰ ਬਾਰੇ ਅਦਾਲਤ ਦਾ ਫੈਸਲਾ ਸਹੀ ਹੈ ਜਾਂ ਨਹੀਂ ਤੇ ਦੂਜਾ ਇਹ ਕਿ ਜੇ ਕੋਈ ਗੁੰਮਸ਼ੁਦਾ ਚੀਜ਼ ਕਿਸੇ ਨੂੰ ਮਿਲਦੀ ਹੈ ਤਾਂ ਉਸ ''ਤੇ ਕਿਸ ਦਾ ਹੱਕ ਸਮਝਿਆ ਜਾਵੇਗਾ? ਬਹੁਤ ਸਾਰੇ ਲੋਕਾਂ ਨੇ ਇਸ ਬਹਿਸ ''ਚ ਹਿੱਸਾ ਲਿਆ ਤੇ ਹਰ ਰੋਜ਼ ਨਵੀਆਂ-ਨਵੀਆਂ ਤੇ ਦਿਲਚਸਪ ਦਲੀਲਾਂ ਦਿੱਤੀਆਂ ਜਾਂਦੀਆਂ ਰਹੀਆਂ।
ਹੋਇਆ ਇਹ ਸੀ ਕਿ ਇੰਗਲੈਂਡ ਦੇ ਸਟੈਫੋਰਡਸ਼ਾਇਰ ਇਲਾਕੇ ਦੇ ਬਲੁਰਟਨ ਨਾਮੀ ਕਸਬੇ ਦੀ ਮੁਟਿਆਰ ਨਿਕਲ ਬੇਲੀ ਕੁਝ ਖਰੀਦਣ ਲਈ ਜਦੋਂ ਇਕ ਸਟੋਰ ''ਚ ਗਈ ਤਾਂ ਉਸ ਨੇ ਫਰਸ਼ ''ਤੇ 20 ਪੌਂਡ ਦਾ ਇਕ ਨੋਟ ਡਿਗਿਆ ਦੇਖਿਆ, ਜੋ ਉਸ ਨੇ ਚੁੱਕ ਕੇ ਆਪਣੇ ਪਰਸ ''ਚ ਪਾ ਲਿਆ।
ਮਾਮਲਾ ਉਲਟਾ ਹੋ ਗਿਆ : ਅੰਗਰੇਜ਼ੀ ਦੀ ਇਕ ਬਹੁਤ ਪ੍ਰਚੱਲਿਤ ਕਹਾਵਤ ਹੈ 6inders keepers, loosers weepers ਭਾਵ ਗੁੰਮਸ਼ੁਦਾ ਚੀਜ਼ ਜਿਸ ਨੂੰ ਮਿਲ ਜਾਵੇ, ਉਹ ਉਸੇ ਦੀ ਪਰ ਜਿਸ ਦੀ ਚੀਜ਼ ਗੁਆਚੀ ਹੋਵੇ, ਉਹ ਬੈਠਾ ਰੋਂਦਾ ਰਹੇ ਪਰ ਇਥੇ ਮਾਮਲਾ ਉਲਟਾ ਹੋ ਗਿਆ। ਜਿਸ ਦਾ ਨੋਟ ਗੁਆਚਾ ਸੀ, ਉਸ ਨੂੰ ਤਾਂ ਨਹੀਂ ਸਗੋਂ ਡਿਗਿਆ ਨੋਟ ਚੁੱਕਣ ਵਾਲੀ ਮੁਟਿਆਰ ਨੂੰ ਰੋਣਾ ਪੈ ਗਿਆ। ਅਦਾਲਤ ਨੇ ਉਸ ਨੂੰ ਚੋਰ ਠਹਿਰਾਇਆ ਹੈ ਤੇ ਨਾਲ ਹੀ 175 ਪੌਂਡ ਜੁਰਮਾਨਾ ਵੀ ਕੀਤਾ ਹੈ। ਉਸ ਨੂੰ ਇਹ ਵੀ ਸਜ਼ਾ ਸੁਣਾਈ ਗਈ ਹੈ ਕਿ 6 ਮਹੀਨਿਆਂ ਅੰਦਰ ਜੇ ਉਸ ਨੇ ਕੋਈ ਜੁਰਮ ਕੀਤਾ ਤਾਂ ਉਸ ਨੂੰ ਜੇਲ ਜਾਣਾ ਪਵੇਗਾ।
20 ਪੌਂਡ ਦਾ ਉਹ ਨੋਟ ਵ੍ਹੀਲਚੇਅਰ ਵਾਲੇ ਇਕ ਅਪਾਹਿਜ ਦਾ ਸੀ, ਜਿਸ ਨੇ ਉਸ ਨੂੰ ਸਟੋਰ ਦੇ ਬਾਹਰ ਲੱਗੇ ਏ. ਟੀ. ਐੱਮ. ''ਚੋਂ ਕੁਝ ਹੀ ਦੇਰ ਪਹਿਲਾਂ ਕਢਵਾਇਆ ਸੀ। ਨੋਟ ਗੁਆਚਣ ਦੀ ਖਬਰ ਉਸ ਨੇ ਸਟੋਰ ਦੇ ਸਟਾਫ ਨੂੰ ਦਿੱਤੀ ਤਾਂ ਸਟਾਫ ਨੇ ਇਧਰ-ਉਧਰ ਲੱਭਣ ਤੋਂ ਬਾਅਦ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਟੇਪ ਚਲਾ ਕੇ ਦੇਖੀ, ਜਿਸ ''ਚ ਨਿਕਲ ਬੇਲੀ ਨੂੰ ਨੋਟ ਚੁੱਕਦਿਆਂ ਦੇਖਿਆ ਗਿਆ। ਸਟੋਰ ਦੇ ਸਟਾਫ ਨੇ ਉਸ ਨੂੰ ਪਛਾਣ ਲਿਆ ਕਿਉਂਕਿ ਉਹ ਅਕਸਰ ਖਰੀਦਦਾਰੀ ਲਈ ਉਥੇ ਆਉਂਦੀ ਸੀ। ਜਦੋਂ ਟੇਪ ਦੇਖੀ ਗਈ, ਉਦੋਂ ਤਕ ਉਹ ਸਟੋਰ ''ਚੋਂ ਜਾ ਚੁੱਕੀ ਸੀ।
ਫਿਰ ਪੁਲਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਸ ਨੇ ਪੁੱਛਗਿੱਛ ਲਈ ਬੇਲੀ ਨੂੰ ਸੱਦ ਲਿਆ। ਪਹਿਲਾਂ ਤਾਂ ਬੇਲੀ ਨੇ ਨੋਟ ਬਾਰੇ ਕਿਸੇ ਤਰ੍ਹਾਂ ਦੀ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ ਪਰ ਕੈਮਰੇ ਦੀ ਰਿਕਾਰਡਿੰਗ ਦਿਖਾਉਣ ''ਤੇ ਉਸ ਨੇ ਮੰਨ ਲਿਆ ਕਿ ਨੋਟ ਉਸ ਨੇ ਹੀ ਚੁੱਕਿਆ ਸੀ। ਉਸ ਨੇ 20 ਪੌਂਡ ਪੁਲਸ ਨੂੰ ਦੇ ਦਿੱਤੇ ਅਤੇ ਬਿਨਾਂ ਕੋਈ ਕਾਰਵਾਈ ਕੀਤਿਆਂ ਪੁਲਸ ਨੇ ਵੀ ਉਸ ਨੂੰ ਘਰ ਜਾਣ ਦਿੱਤਾ। ਕੁਝ ਹਫਤਿਆਂ ਬਾਅਦ ਉਸ ਨੂੰ ਮੁੜ ਪੁਲਸ ਥਾਣੇ ਸੱਦਿਆ ਗਿਆ ਤੇ ਕੁਝ ਪੁੱਛਗਿੱਛ ਤੋਂ ਬਾਅਦ ਫਿਰ ਛੱਡ ਦਿੱਤਾ।
ਦੋਨੋਂ ਵਾਰ ਪੁਲਸ ਨੇ ਉਸ ਨੂੰ ਕਿਹਾ ਕਿ ਚਿੰਤਾ ਵਾਲੀ ਕੋਈ ਗੱਲ ਨਹੀਂ ਪਰ ਕੁਝ ਹਫਤਿਆਂ ਬਾਅਦ ਅਦਾਲਤ ਤੋਂ ਸੰਮਨ ਆ ਗਏ, ਜਿਨ੍ਹਾਂ ਨੂੰ ਦੇਖ ਕੇ ਉਹ ਦੰਗ ਰਹਿ ਗਈ। ਉਸ ਵਿਰੁੱਧ ਚੋਰੀ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ।
ਉਸ ਨੇ ਅਦਾਲਤ ਨੂੰ ਸਫਾਈ ਦਿੱਤੀ ਕਿ ਡਿਗਿਆ ਹੋਇਆ ਨੋਟ ਕਿਸ ਦਾ ਹੈ, ਇਸ ਬਾਰੇ ਉਸ ਨੂੰ ਕੁਝ ਨਹੀਂ ਪਤਾ ਸੀ ਤੇ ਉਸ ਨੇ ਚੁੱਕ ਲਿਆ ਪਰ ਇਸ ''ਚ ਚੋਰੀ ਦਾ ਕੋਈ ਇਰਾਦਾ ਨਹੀਂ ਸੀ ਤੇ ਨਾ ਹੀ ਇਹ ਪਤਾ ਸੀ ਕਿ ਅਜਿਹੀ ਕੋਈ ਚੀਜ਼ ਜੇਕਰ ਕਿਤੇ ਡਿਗੀ ਮਿਲੇ ਤਾਂ ਕਾਨੂੰਨ ਮੁਤਾਬਕ ਉਸ ਦਾ ਕੀ ਕੀਤਾ ਜਾਣਾ ਚਾਹੀਦਾ ਹੈ?
ਸਰਕਾਰੀ ਵਕੀਲ ਨੇ ਇਸ ਨੂੰ ''ਚੋਰੀ'' ਕਰਾਰ ਦਿੱਤਾ ਪਰ ਨਿਕਲ ਬੇਲੀ ਦੇ ਵਕੀਲ ਨੇ ਸਪੱਸ਼ਟ ਕੀਤਾ ਕਿ ਉਸ ਮੁਟਿਆਰ ਨੂੰ ਪਤਾ ਹੀ ਨਹੀਂ ਸੀ ਕਿ ਨੋਟ ਕਿਸ ਦਾ ਹੈ। ਆਮ ਲੋਕਾਂ ਨੂੰ ਤਾਂ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੁੰਦਾ ਕਿ ਇਸ ਤਰ੍ਹਾਂ ਕਿਸੇ ਦੀ ਡਿਗੀ ਚੀਜ਼ ਚੁੱਕਣਾ ਚੋਰੀ ਹੈ। ਨਿਕਲ ਬੇਲੀ ਨੇ ਜੋ ਕੁਝ ਕੀਤਾ, ਉਹ ਬਿਲਕੁਲ ਨਾਦਾਨੀ ''ਚ ਕੀਤਾ। ਪੁਲਸ ਨੂੰ ਚਾਹੀਦਾ ਸੀ ਕਿ ਉਹ ਉਸ ਨੂੰ ਸਮਝਾਉਂਦੀ ਕਿ ਅਜਿਹੀ ਸਥਿਤੀ ''ਚ ਆਮ ਨਾਗਰਿਕ ਨੂੰ ਕੀ ਕਰਨਾ ਚਾਹੀਦਾ ਹੈ? ਉਸ ਨੂੰ ਭਵਿੱਖ ਲਈ ਇਕ ਚਿਤਾਵਨੀ ਦੇ ਕੇ ਛੱਡ ਦਿੱਤਾ ਜਾਣਾ ਚਾਹੀਦਾ ਸੀ।
ਕਾਨੂੰਨ ਦਾ ਤਕਾਜ਼ਾ ਕੀ ਹੈ : ਕਾਨੂੰਨ ਕਹਿੰਦਾ ਹੈ ਕਿ ਜੇ ਕਿਸੇ ਨੂੰ ਕਿਤੇ ਡਿਗੀ ਕੋਈ ਚੀਜ਼ ਮਿਲਦੀ ਹੈ ਤਾਂ ਉਸ ਚੀਜ਼ ਨੂੰ ਉਸ ਦੇ ਮਾਲਕ ਦੇ ਹਵਾਲੇ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਪੁਲਸ ਨੇ ਖੁਲਾਸਾ ਕੀਤਾ ਕਿ ਜੇ ਕਿਸੇ ਨੂੰ ਕਿਤਿਓਂ ਕੋਈ ਨਕਦ ਰਕਮ ਮਿਲਦੀ ਹੈ ਤਾਂ ਉਹ ਪੁਲਸ ਥਾਣੇ ''ਚ ਜਮ੍ਹਾ ਕਰਵਾਈ ਜਾਣੀ ਚਾਹੀਦੀ ਹੈ ਅਤੇ 28 ਦਿਨਾਂ ਤਕ ਜੇਕਰ ਉਸ ਦਾ ''ਅਸਲੀ ਮਾਲਕ'' ਨਹੀਂ ਆਉਂਦਾ ਤਾਂ ਉਹ ਰਕਮ ਉਸ ਵਿਅਕਤੀ ਨੂੰ ਦੇ ਦਿੱਤੀ ਜਾਂਦੀ ਹੈ, ਜਿਸ ਨੇ ਥਾਣੇ ''ਚ ਜਮ੍ਹਾ ਕਰਵਾਈ ਹੁੰਦੀ ਹੈ।
ਪਰ 2013 ''ਚ ਇਕ ਬਿਲਡਰ ਜਦੋਂ ਕਿਸੇ ਸੜੇ ਹੋਏ ਮਕਾਨ ਦੀ ਮੁਰੰਮਤ ਕਰਨ ਗਿਆ ਤਾਂ ਉਸ ਨੂੰ ਉਥੋਂ 18 ਹਜ਼ਾਰ ਪੌਂਡ ਨਕਦ ਮਿਲੇ, ਜੋ ਉਸ ਨੇ ਪੁਲਸ ਹਵਾਲੇ ਕਰ ਦਿੱਤੇ ਪਰ 28 ਦਿਨਾਂ ਬਾਅਦ ਉਹ ਰਕਮ ਉਸ ਨੂੰ ਨਹੀਂ ਮਿਲੀ। ਅਦਾਲਤ ਨੇ ਰਕਮ ਜ਼ਬਤ ਕਰਨ ਦਾ ਹੁਕਮ ਇਹ ਕਹਿੰਦਿਆਂ ਦਿੱਤਾ ਕਿ ਹੋ ਸਕਦਾ ਹੈ ਇਸ ਨੂੰ ਅਪਰਾਧੀ ਤਰੀਕਿਆਂ ਨਾਲ ਜੁਟਾਇਆ ਗਿਆ ਹੋਵੇ।
2013 ''ਚ ਹੀ ਯਾਰਕਸ਼ਾਇਰ ਦੀ ਇਕ ਚਰਚ ਦੇ ਗੇਟ ''ਤੇ ਰੱਖਿਆ ਇਕ ਥੈਲਾ ਮਿਲਿਆ ਸੀ, ਜਿਸ ''ਚ ਇਕ ਲੱਖ ਪੌਂਡ ਨਕਦ ਸਨ, ਜੋ ਚਰਚ ਨੂੰ ਹੀ ਰੱਖ ਲੈਣ ਦੀ ਇਜਾਜ਼ਤ ਦੇ ਦਿੱਤੀ ਗਈ।
ਇਸ ਮਾਮਲੇ ''ਚ ਅਦਾਲਤੀ ਖਰਚ ਵਜੋਂ ਨਿਕਲ ਬੇਲੀ ਨੂੰ 175 ਪੌਂਡ ਜੁਰਮਾਨਾ ਭੁਗਤਣ ਤੇ 6 ਮਹੀਨਿਆਂ ਤਕ ਕਾਨੂੰਨ ਦੀ ਉਲੰਘਣਾ ਤੋਂ ਸਾਵਧਾਨੀ ਵਰਤਣ ਲਈ ਕਿਹਾ ਗਿਆ। ਇਸ ਤੋਂ ਇਲਾਵਾ ਉਸ ਨੂੰ ਇਕ ਹੋਰ ਪੀੜ ਦਾ ਸਾਹਮਣਾ ਕਰਨਾ ਪਵੇਗਾ। ਉਹ ਇਹ ਕਿ ਉਸ ਦੇ ਰਿਕਾਰਡ ''ਚ ਇਹ ਫੈਸਲਾ ਇਕ ''ਅਪਰਾਧਿਕ ਹਰਕਤ'' ਵਜੋਂ ਦਰਜ ਹੋਵੇਗਾ, ਜਿਸ ਦਾ ਮਤਲਬ ਇਹ ਹੋਵੇਗਾ ਕਿ ਭਵਿੱਖ ''ਚ ਜੇ ਉਸ ਨੇ ਕੋਈ ਨੌਕਰੀ ਹਾਸਿਲ ਕਰਨੀ ਹੈ, ਕੋਈ ਜਾਇਦਾਦ ਖਰੀਦਣੀ ਹੈ ਜਾਂ ਕੋਈ ਕਾਰੋਬਾਰ ਸ਼ੁਰੂ ਕਰਨਾ ਹੈ ਤਾਂ ਇਸ ਰਿਕਾਰਡ ਦਾ ਉਸ ''ਤੇ ਉਲਟਾ ਅਸਰ ਪਵੇਗਾ।
ਮੀਡੀਆ ਅਤੇ ਆਮ ਲੋਕਾਂ ਨੇ ਨਿਕਲ ਬੇਲੀ ਨਾਲ ਹਮਦਰਦੀ ਪ੍ਰਗਟਾਈ ਹੈ ਤੇ ਸਜ਼ਾ ਨੂੰ ਸਖਤ ਦੱਸਿਆ ਹੈ। ਇਸ ਫੈਸਲੇ ਵਿਰੁੱਧ ਅਪੀਲ ਕਰਨ ਦੇ ਵੀ ਕਈ ਸੁਝਾਅ ਦਿੱਤੇ ਗਏ ਹਨ। ਦੂਜੇ ਪਾਸੇ ਨਿਕਲ ਬੇਲੀ ਨੇ ਚਿੰਤਾ ਪ੍ਰਗਟਾਈ ਹੈ ਕਿ ਇਸ ਫੈਸਲੇ ਦਾ ਉਸ ਦੇ ਭਵਿੱਖ ਅਤੇ ਨੌਕਰੀ ''ਤੇ ਅਸਰ ਪੈ ਸਕਦਾ ਹੈ। ਉਸ ਨੇ ਕਿਹਾ, ''''ਇਹ ਸਾਰੀ ਘਟਨਾ ਮੇਰੇ ਲਈ ਬਹੁਤ ਦੁਖਦਾਈ ਹੈ। ਜਿੰਨੀ ਛੇਤੀ ਹੋ ਸਕੇ ਮੈਂ ਇਸ ਨੂੰ ਭੁੱਲ ਜਾਣਾ ਚਾਹੁੰਦੀ ਹਾਂ।''''
(krishanbhatia@btconnect.com)


Related News