ਦੇਸ਼ ਦਾ ਮੂਡ ਆਰ. ਐੱਸ. ਐੱਸ. ਦੇ ਇਰਾਦਿਆਂ ਨਾਲ ਮੇਲ ਨਹੀਂ ਖਾਂਦਾ
Wednesday, Aug 08, 2018 - 06:41 AM (IST)

ਅਲਵਰ ਹੱਤਿਆ ਕਾਂਡ ਦੀਆਂ ਘਿਨਾਉਣੀਆਂ ਜਾਣਕਾਰੀਆਂ ਸਾਹਮਣੇ ਆਈਆਂ ਹਨ। ਜੇ ਪੁਲਸ ਨੇ ਸਮੇਂ ਸਿਰ ਕਦਮ ਚੁੱਕਿਆ ਹੁੰਦਾ ਤਾਂ ਪੀੜਤ ਰਕਬਰ ਖਾਨ ਦੀ ਜਾਨ ਬਚਾਈ ਜਾ ਸਕਦੀ ਸੀ। ਅਸਲ ਵਿਚ ਪੁਲਸ ਚਾਹ ਪੀਣ ਲਈ ਰੁਕੀ ਅਤੇ ਉਸ ਨੇ ਪੀੜਤ ਨੂੰ ਹਸਪਤਾਲ ਪਹੁੰਚਾਉਣ 'ਚ ਸਾਢੇ ਤਿੰਨ ਘੰਟੇ ਬਰਬਾਦ ਕਰ ਦਿੱਤੇ ਤੇ ਉਹ ਜ਼ਿਆਦਾ ਖੂਨ ਵਗਣ ਕਰਕੇ ਮਰ ਗਿਆ। ਜੇ ਸਾਰੇ ਤੱਥਾਂ ਨੂੰ ਜੋੜਾਂਗੇ ਤਾਂ ਇਹੋ ਸਿੱਟਾ ਨਿਕਲੇਗਾ ਕਿ ਪੁਲਸ ਨੇ ਜਾਣਬੁੱਝ ਕੇ ਦੇਰ ਲਾਈ।
ਪੀੜਤ ਦਾ ਧਰਮ (ਉਸ ਦਾ ਮੁਸਲਮਾਨ ਹੋਣਾ) ਹੀ ਉਸ ਦੀ ਮੌਤ ਦਾ ਕਾਰਨ ਬਣਿਆ। ਇਸ ਦੀ ਜ਼ਿਆਦਾ ਜਾਣਕਾਰੀ ਤਾਂ ਜਾਂਚ ਨਾਲ ਹੀ ਸਾਹਮਣੇ ਆਵੇਗੀ ਪਰ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਪੁਲਸ ਦੀ ਜ਼ਿਆਦਾ ਦਿਲਚਸਪੀ 2 ਗਊਆਂ ਨੂੰ ਬਰਾਮਦ ਕਰਨ ਵਿਚ ਸੀ, ਨਾ ਕਿ ਉਸ ਦੀ ਜਾਨ ਬਚਾਉਣ ਵਿਚ। ਗਊਆਂ ਨੂੰ 10 ਕਿਲੋਮੀਟਰ ਦੂਰ ਗਊਸ਼ਾਲਾ ਲਿਜਾਇਆ ਗਿਆ ਤੇ ਰਕਬਰ ਖਾਨ ਨੂੰ ਹਮਲੇ ਵਾਲੀ ਜਗ੍ਹਾ ਤੋਂ 6 ਕਿਲੋਮੀਟਰ ਦੂਰ ਕਮਿਊਨਿਟੀ ਹੈਲਥ ਸੈਂਟਰ ਪਹੁੰਚਾਉਣ ਤੋਂ ਪਹਿਲਾਂ ਇਕ ਘੰਟਾ ਇਸ ਕੰਮ 'ਤੇ ਬਰਬਾਦ ਕੀਤਾ ਗਿਆ।
ਘੱਟਗਿਣਤੀਆਂ ਦਰਮਿਆਨ ਖੌਫ਼ ਪੈਦਾ ਕਰਨ ਵਾਲੀਆਂ ਖੂਨ ਦੀਆਂ ਪਿਆਸੀਆਂ ਭੀੜਾਂ ਬਾਰੇ ਜੋ ਅੰਕੜੇ ਸਾਹਮਣੇ ਆਏ ਹਨ, ਉਹ ਦੱਸਦੇ ਹਨ ਕਿ 2010 ਤੋਂ ਬਾਅਦ ਗਊ ਹੱਤਿਆ ਨਾਲ ਸਬੰਧਤ ਹਿੰਸਾ ਦੇ 86 ਫੀਸਦੀ ਮਾਮਲਿਆਂ ਵਿਚ ਪੀੜਤਾਂ ਦੀ ਮੌਤ ਹੋਈ ਤੇ 97 ਫੀਸਦੀ ਘਟਨਾਵਾਂ 2014 ਤੋਂ ਬਾਅਦ ਹੋਈਆਂ। ਹੱਤਿਆ ਜਾਂ ਹਮਲੇ ਸਮੇਤ, ਜਦੋਂ ਵੀ ਅਜਿਹੀਆਂ ਘਟਨਾਵਾਂ ਹੋਈਆਂ ਹਨ, ਅਖੌਤੀ ਗਊ ਰੱਖਿਆ ਦੇ ਇਨ੍ਹਾਂ ਮਾਮਲਿਆਂ ਵਿਚ ਹਮੇਸ਼ਾ ਮੁਸਲਮਾਨਾਂ ਜਾਂ ਦਲਿਤਾਂ ਨੂੰ ਹੀ ਚੋਟ ਸਹਿਣੀ ਪਈ ਹੈ।
ਸਮਾਜ ਨੂੰ ਵੰਨ-ਸੁਵੰਨਤਾਵਾਦੀ ਬਣਾਉਣ ਦੇ ਸਾਡੇ ਯਤਨਾਂ 'ਤੇ ਇਹ ਇਕ ਦੁਖਦਾਈ ਟਿੱਪਣੀ ਹੈ। ਮਹਾਤਮਾ ਗਾਂਧੀ ਆਪਣੀਆਂ ਪ੍ਰਾਰਥਨਾ ਸਭਾਵਾਂ ਵਿਚ ਹਿੰਦੂ-ਮੁਸਲਿਮ ਏਕਤਾ 'ਤੇ ਜ਼ੋਰ ਦਿੰਦੇ ਸਨ। ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰ. ਜਵਾਹਰ ਲਾਲ ਨਹਿਰੂ ਨੇ ਵੀ ਇਸ ਗੱਲ 'ਤੇ ਜ਼ੋਰ ਦਿੱਤਾ ਤੇ ਏਕਤਾ ਦੀ ਦਲੀਲ ਨੂੰ ਮਜ਼ਬੂਤ ਕਰਨ ਲਈ ਕਦਮ ਚੁੱਕੇ, ਜਿਸ ਤਹਿਤ ਅਦਾਰਿਆਂ ਵਿਚ ਦਾਖਲੇ ਜਾਂ ਨੌਕਰੀ ਲਈ ਭਰੇ ਜਾਣ ਵਾਲੇ ਅਰਜ਼ੀ ਫਾਰਮ 'ਚੋਂ ਧਰਮ ਦਾ ਕਾਲਮ ਹਟਾ ਦੇਣਾ ਸ਼ਾਮਿਲ ਸੀ।
ਧਰਮ ਦੇ ਆਧਾਰ 'ਤੇ ਖਿੱਚੀ ਗਈ ਰੇਖਾ ਸਾਨੂੰ ਵਾਰ-ਵਾਰ ਤੰਗ ਕਰਦੀ ਹੈ। ਆਪਣੀ 17 ਕਰੋੜ ਆਬਾਦੀ ਹੋਣ ਦੇ ਬਾਵਜੂਦ ਮੁਸਲਮਾਨਾਂ ਦਾ ਸਰਕਾਰ ਦੇ ਪ੍ਰਸ਼ਾਸਨਿਕ ਮਾਮਲਿਆਂ ਵਿਚ ਕੋਈ ਮਹੱਤਵ ਨਹੀਂ ਹੈ। ਉਹ ਵੱਖਰੀ ਜਗ੍ਹਾ 'ਤੇ ਰਹਿੰਦੇ ਹਨ ਅਤੇ ਇਨ੍ਹਾਂ ਦੇ ਝੁੱਗੀਆਂ ਵਿਚ ਤਬਦੀਲ ਹੋ ਜਾਣ ਤੋਂ ਬਾਅਦ ਵੀ ਉਹ ਇਥੇ ਇਕੱਠੇ ਰਹਿਣ ਵਿਚ ਹੀ ਸੁਰੱਖਿਅਤ ਮਹਿਸੂਸ ਕਰਦੇ ਹਨ।
ਜਦੋਂ ਦਿੱਲੀ ਵਿਚ ਦੰਗੇ ਹੋਏ ਸਨ ਤਾਂ ਮੈਂ ਇਕ ਵਰਕਰ ਵਜੋਂ ਭਾਈਚਾਰੇ ਦੀ ਮਦਦ ਕਰ ਰਿਹਾ ਸੀ। ਉਦੋਂ ਇਕ ਜੱਜ ਨੇ ਝੁੱਗੀ ਵਿਚ ਹੀ ਰਹਿਣਾ ਪਸੰਦ ਕੀਤਾ ਤੇ ਕਿਹਾ ਕਿ ਉਹ ਉਥੇ ਸੁਰੱਖਿਅਤ ਮਹਿਸੂਸ ਕਰਦੇ ਹਨ। ਜ਼ਾਹਿਰ ਹੈ ਕਿ ਪੁਲਸ ਦੀ ਸਿਖਲਾਈ ਵਿਚ ਕਮੀ ਹੈ। ਸਰਕਾਰ ਨੇ ਲੰਮੇ ਸਮੇਂ ਤਕ ਮੰਦਰ, ਮਸਜਿਦ ਅਤੇ ਗੁਰਦੁਆਰੇ ਨੂੰ ਪੁਲਸ ਲਾਈਨ ਤੋਂ ਬਾਹਰ ਰੱਖਿਆ ਪਰ ਵੱਖ-ਵੱਖ ਨੇਤਾਵਾਂ ਨੇ ਲੋਕਾਂ ਨੂੰ ਧਾਰਮਿਕ ਸਮੂਹ ਵਜੋਂ ਹੀ ਦੇਖਿਆ ਅਤੇ ਉਨ੍ਹਾਂ ਦੇ ਸੌੜੇ ਰੁਝਾਨਾਂ ਦਾ ਹੀ ਲਾਹਾ ਲੈਂਦੇ ਰਹੇ।
ਸਾਨੂੰ ਖ਼ੁਦ ਨੂੰ ਇਹ ਸਵਾਲ ਕਰਨਾ ਚਾਹੀਦਾ ਹੈ ਕਿ ਕਾਨੂੰਨ ਦੇ ਰੱਖਿਅਕ ਹੀ ਇਸ ਨੂੰ ਤੋੜਨ ਵਾਲੇ ਕਿਉਂ ਬਣ ਰਹੇ ਹਨ। ਹੁਣ ਮਸਜਿਦ, ਮੰਦਿਰ ਤੇ ਗੁਰਦੁਆਰੇ ਨੂੰ ਉਥੇ ਇਜਾਜ਼ਤ ਦੇ ਦਿੱਤੀ ਜਾਂਦੀ ਹੈ, ਜਿਥੇ ਭਾਈਚਾਰੇ ਦੇ ਲੋਕ ਰਹਿੰਦੇ ਹਨ। ਭਾਈਚਾਰਿਆਂ ਲਈ ਵੱਖ-ਵੱਖ ਸਕੂਲ ਹਨ। ਮਦਰੱਸਿਆਂ ਵਿਚ ਭਰੋਸਾ ਵਧ ਗਿਆ ਹੈ ਕਿਉਂਕਿ ਮੁਸਲਮਾਨ ਆਪਣੀ ਪਛਾਣ ਬਚਾਉਣਾ ਚਾਹੁੰਦੇ ਹਨ।
ਮੈਂ ਇਹ ਸਾਰੇ ਸਵਾਲ ਰਾਜ ਸਭਾ ਵਿਚ ਵੀ ਉਠਾਏ ਸਨ, ਜਦੋਂ 90 ਦੇ ਦਹਾਕੇ ਵਿਚ ਮੈਂ ਇਸ ਦਾ ਮੈਂਬਰ ਸੀ। ਮੇਰੇ ਸਵਾਲਾਂ ਦਾ ਨਿਸ਼ਾਨਾ ਕਾਂਗਰਸ ਸੀ ਕਿਉਂਕਿ ਆਜ਼ਾਦੀ ਤੋਂ ਬਾਅਦ ਇਸੇ ਨੇ ਜ਼ਿਆਦਾ ਸਮੇਂ ਦੇਸ਼ 'ਤੇ ਰਾਜ ਕੀਤਾ ਸੀ। ਮੇਰੇ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਇਸ ਮੁੱਦੇ ਪ੍ਰਤੀ ਆਪਣੀ ਗੈਰ-ਦਿਲਚਸਪੀ ਦਰਸਾਉਣ ਲਈ ਕਾਂਗਰਸ ਦੇ ਉਸ ਵੇਲੇ ਦੇ ਚੋਟੀ ਦੇ ਨੇਤਾ ਪ੍ਰਣਬ ਮੁਖਰਜੀ ਸਦਨ 'ਚੋਂ ਬਾਹਰ ਚਲੇ ਗਏ ਸਨ।
ਸ਼ਾਇਦ ਰਾਸ਼ਟਰ ਨੂੰ ਪ੍ਰੇਰਿਤ ਕਰਨ ਵਿਚ ਅਸਫਲ ਹੋਣ ਲਈ ਮੇਰੀ ਸਿੱਧੀ ਆਲੋਚਨਾ ਨੂੰ ਇਹ ਕਾਂਗਰਸ ਦਾ ਜਵਾਬ ਸੀ। ਪਾਕਿਸਤਾਨ ਦੀ ਇਸਲਾਮਿਕ ਵਿਵਸਥਾ ਦੇ ਉਲਟ ਅਸੀਂ ਸੈਕੁਲਰਿਜ਼ਮ ਨੂੰ ਆਪਣੀ ਵਿਚਾਰਧਾਰਾ ਵਜੋਂ ਗ੍ਰਹਿਣ ਕੀਤਾ। ਬਦਕਿਸਮਤੀ ਨਾਲ ਮੁਸਲਿਮ ਭਾਈਚਾਰਾ ਦੂਰ ਖੜ੍ਹਾ ਹੈ। ਅਜਿਹਾ ਮਹਿਸੂਸ ਹੁੰਦਾ ਹੈ ਕਿ ਇਹ ਵੰਡ ਲਈ ਕੁਝ ਹੱਦ ਤਕ ਜ਼ਿੰਮੇਵਾਰ ਹੈ ਪਰ ਇਹ ਪੂਰੀ ਤਰ੍ਹਾਂ ਸੱਚ ਨਹੀਂ ਹੈ। ਮੁਸਲਮਾਨਾਂ ਵਿਚ ਭਰੋਸਾ ਪੈਦਾ ਕਰਨ ਵਿਚ ਹਿੰਦੂ ਨਾਕਾਮ ਰਹੇ ਹਨ। ਕੁਝ ਕੱਟੜਪੰਥੀ ਉਨ੍ਹਾਂ ਵਿਚਾਰਾਂ ਦਾ ਪ੍ਰਚਾਰ ਕਰਦੇ ਰਹੇ, ਜੋ ਉਨ੍ਹਾਂ ਨੇ ਅਪਣਾਏ ਹੋਏ ਸਨ।
ਅੱਜ ਦੀ ਸੱਤਾਧਾਰੀ ਭਾਜਪਾ ਦਾ ਆਜ਼ਾਦੀ ਦੇ ਅੰਦੋਲਨ ਨਾਲ ਕੋਈ ਲੈਣਾ-ਦੇਣਾ ਨਹੀਂ ਸੀ, ਇਸ ਲਈ ਉਸ ਦੀ ਵਿਚਾਰਧਾਰਾ ਉਹੀ ਰਹੀ, ਜਿਸ ਦਾ ਪ੍ਰਚਾਰ ਉਸ ਵੇਲੇ ਦੇ ਵੱਡੇ ਨੇਤਾ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੇ ਕੀਤਾ। ਇਹ ਹਿੰਦੂ ਰਾਸ਼ਟਰ ਬਣਾਉਣ ਦਾ ਦਰਸ਼ਨ ਸੀ। ਜੈਪ੍ਰਕਾਸ਼ ਨਾਰਾਇਣ ਨੇ ਕੱਟੜ ਹਿੰਦੂਆਂ ਨੂੰ ਵੀ ਜਨਤਾ ਪਾਰਟੀ ਵਿਚ ਲਿਆਉਣ ਅਤੇ ਉਨ੍ਹਾਂ ਦੇ ਕਹੇ ਮੁਤਾਬਿਕ ਚਲਾਉਣ ਵਿਚ ਸਫਲਤਾ ਹਾਸਿਲ ਕੀਤੀ। ਉਨ੍ਹਾਂ ਨੇ ਆਪਣੀ ਟੋਪੀ ਵੀ ਛੱਡ ਦਿੱਤੀ, ਜੋ ਉਨ੍ਹਾਂ ਦਾ ਪ੍ਰਤੀਕ ਸੀ ਪਰ ਆਰ. ਐੱਸ. ਐੱਸ. ਨਾਲ ਸਬੰਧ ਇਸ 'ਚ ਰੁਕਾਵਟ ਸੀ।
ਜਦੋਂ ਜੈਪ੍ਰਕਾਸ਼ ਨਾਰਾਇਣ ਨੇ ਉਸ ਵੇਲੇ ਦੇ ਜਨਸੰਘ ਦੇ ਨੇਤਾਵਾਂ ਨੂੰ ਆਰ. ਐੱਸ. ਐੱਸ. ਨਾਲੋਂ ਸਬੰਧ ਤੋੜਨ ਲਈ ਕਿਹਾ ਤਾਂ ਉਨ੍ਹਾਂ ਨੇ ਆਪਣੀ ਵੱਖਰੀ ਪਾਰਟੀ ਬਣਾਉਣਾ ਬਿਹਤਰ ਸਮਝਿਆ। ਲਾਲ ਕ੍ਰਿਸ਼ਨ ਅਡਵਾਨੀ ਨੇ ਭਾਜਪਾ ਦੀ ਸਥਾਪਨਾ ਕੀਤੀ ਤੇ ਕੁਝ ਵਚਨਬੱਧ ਮੈਂਬਰ ਆਰ. ਐੱਸ. ਐੱਸ. ਦੇ ਪੱਖ ਵਿਚ ਗਏ ਤੇ ਬਾਕੀ ਜੈਪ੍ਰਕਾਸ਼ ਨਾਲ ਰਹਿ ਗਏ। ਆਖਿਰ ਵਿਚ ਮਾਮਲਾ ਕੇਂਦਰੀ ਲੀਡਰਸ਼ਿਪ ਸਾਹਮਣੇ ਪਹੁੰਚਿਆ ਤੇ ਉਥੇ ਜਨਸੰਘ ਹਾਰ ਗਿਆ।
ਇਹੋ ਸਮਾਂ ਸੀ ਕਿ ਅਟਲ ਬਿਹਾਰੀ ਵਾਜਪਾਈ ਨੇਤਾ ਵਜੋਂ ਉੱਭਰੇ ਕਿਉਂਕਿ ਉਨ੍ਹਾਂ ਦੇ ਨਾਂ 'ਤੇ ਸਾਰੇ ਸਹਿਮਤ ਸਨ। ਉਨ੍ਹਾਂ ਨੇ ਲੋਕਾਂ ਦਾ ਭਰੋਸਾ ਬਣਾਈ ਰੱਖਿਆ ਕਿਉਂਕਿ ਉਹ ਬੱਸ ਲੈ ਕੇ ਲਾਹੌਰ ਗਏ ਸਨ, ਜਿਸ ਵਿਚ ਹਰੇਕ ਸਿਆਸੀ ਪਾਰਟੀ ਦੇ ਮੈਂਬਰ ਸਨ। ਆਪਣੇ ਨਾਗਰਿਕ ਸਨਮਾਨ ਵਿਚ ਉਨ੍ਹਾਂ ਦਾ ਭਾਸ਼ਣ ਇੰਨਾ ਜ਼ੋਰਦਾਰ ਅਤੇ ਆਪਣੇ ਵੱਲ ਖਿੱਚਣ ਵਾਲਾ ਸੀ ਕਿ ਕੁਝ ਲੋਕ ਮੇਰੀ ਸੇਵਾ ਲੈਣ ਆਏ ਕਿ ਮੈਂ ਨਵਾਜ਼ ਸ਼ਰੀਫ ਨੂੰ ਭਾਸ਼ਣ ਨਾ ਦੇਣ ਦੀ ਅਪੀਲ ਕਰਾਂ ਕਿਉਂਕਿ ਮਾਹੌਲ ਪੂਰੀ ਤਰ੍ਹਾਂ ਵਾਜਪਾਈ ਦੇ ਪੱਖ ਵਿਚ ਸੀ। ਨਵਾਜ਼ ਸ਼ਰੀਫ ਨੇ ਕਿਹਾ ਕਿ ਉਹ ਮੂਰਖ ਨਹੀਂ ਹਨ, ਜੋ ਵਾਜਪਾਈ ਦੇ ਭਾਸ਼ਣ ਤੋਂ ਬਾਅਦ ਬੋਲਣ। ਇਸ ਦੀ ਬਜਾਏ ਉਨ੍ਹਾਂ ਕਿਹਾ ਕਿ ਜੇ ਵਾਜਪਾਈ ਪਾਕਿਸਤਾਨ ਵਿਚ ਚੋਣਾਂ ਲੜਨ ਤਾਂ ਉਹ ਭਾਰੀ ਬਹੁਮਤ ਨਾਲ ਜਿੱਤਣਗੇ।
ਭਾਜਪਾ ਉਸ ਤੋਂ ਬਾਅਦ ਕਾਫੀ ਲੰਮਾ ਰਸਤਾ ਤਹਿ ਕਰ ਚੁੱਕੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੂਜਾ ਵਾਜਪਾਈ ਬਣਨ ਦੀ ਕੋਸ਼ਿਸ਼ ਵਿਚ ਹਨ ਪਰ ਸਫਲ ਨਹੀਂ ਹੋ ਸਕੇ। ਵਾਜਪਾਈ ਇਕ ਆਦਰਸ਼ ਹਨ ਕਿਉਂਕਿ ਉਹ ਕਾਂਗਰਸ ਦੇ ਸਮਰਥਕਾਂ ਨੂੰ ਵੀ ਪ੍ਰਭਾਵਿਤ ਕਰ ਦਿੰਦੇ ਸਨ। ਮੈਨੂੰ ਯਾਦ ਹੈ ਕਿ ਜਦੋਂ ਮੈਂ ਹਾਈ ਕਮਿਸ਼ਨਰ ਸੀ ਤਾਂ ਉਹ ਲੰਡਨ ਆਏ ਸਨ, ਉਦੋਂ ਬਾਬਰੀ ਮਸਜਿਦ ਚਰਚਾ ਵਿਚ ਸੀ। ਸ਼੍ਰੀ ਵਾਜਪਾਈ ਨੇ ਕਿਹਾ ਸੀ, ''ਰਾਮ ਭਗਤ ਅਯੁੱਧਿਆ ਗਏ ਹਨ ਅਤੇ ਜੋ ਦੇਸ਼ ਨਾਲ ਪਿਆਰ ਕਰਦੇ ਹਨ, ਉਹ ਇਥੇ ਆ ਗਏ ਹਨ।''
ਹਾਲਾਂਕਿ ਮੋਦੀ 'ਸਬ ਕਾ ਸਾਥ, ਸਬ ਕਾ ਵਿਕਾਸ' ਉੱਤੇ ਜ਼ੋਰ ਦੇ ਰਹੇ ਹਨ ਅਤੇ ਲੱਗਦਾ ਹੈ ਕਿ ਆਰ. ਐੱਸ. ਐੱਸ. ਦੇ ਮੁਖੀ ਮੋਹਨ ਭਾਗਵਤ ਨੇ ਇਕ ਸਮਾਨਾਂਤਰ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਕਿ ਵੱਧ ਤੋਂ ਵੱਧ ਉਮੀਦਵਾਰ ਉਨ੍ਹਾਂ ਦੇ ਹੋਣ ਤਾਂ ਕਿ ਜਦੋਂ ਚੋਣਾਂ ਤੋਂ ਬਾਅਦ ਪ੍ਰਧਾਨ ਮੰਤਰੀ ਚੁਣਨ ਦਾ ਸਮਾਂ ਆਵੇ ਤਾਂ ਉਸ 'ਤੇ ਆਰ. ਐੱਸ. ਐੱਸ. ਦੀ ਛਾਪ ਹੋਵੇ।
ਅਲਵਰ ਹੱਤਿਆ ਕਾਂਡ ਵਰਗੀਆਂ ਮਿਸਾਲਾਂ ਆਰ. ਐੱਸ. ਐੱਸ. ਅਤੇ ਭਾਜਪਾ ਨੂੰ ਹੇਠਾਂ ਉਤਾਰ ਦੇਣਗੀਆਂ ਕਿਉਂਕਿ ਦੇਸ਼ ਦਾ ਮੂਡ ਆਰ. ਐੱਸ. ਐੱਸ. ਦੇ ਇਰਾਦਿਆਂ ਨਾਲ ਮੇਲ ਨਹੀਂ ਖਾਂਦਾ। ਰਾਸ਼ਟਰ ਵੰਨ-ਸੁਵੰਨਤਾਵਾਦੀ ਬਣਿਆ ਰਹਿਣਾ ਚਾਹੁੰਦਾ ਹੈ।