ਵਾਰ-ਵਾਰ ਦਿੱਲੀ ਦੀਆਂ ਹੱਦਾਂ ਕਿਉਂ ਟੱਪਣਾ ਚਾਹੁੰਦੇ ਨੇ ਕੇਜਰੀਵਾਲ

09/26/2017 7:24:58 AM

'ਆਮ ਆਦਮੀ ਪਾਰਟੀ' (ਆਪ) ਦੇ ਸਰਵੇ-ਸਰਵਾ ਅਰਵਿੰਦ ਕੇਜਰੀਵਾਲ ਇਕ ਵਾਰ ਫਿਰ ਦੇਸ਼ 'ਚ ਜੜ੍ਹਾਂ ਲੱਭਣ ਨਿਕਲ ਪਏ ਹਨ। ਪਿਛਲੇ ਦਿਨੀਂ ਉਨ੍ਹਾਂ ਨੇ 2 ਅਜਿਹੇ ਵੱਡੇ ਫੈਸਲੇ ਲਏ ਹਨ, ਜਿਨ੍ਹਾਂ ਤੋਂ ਲੱਗਦਾ ਹੈ ਕਿ ਉਹ ਮੁੜ ਉਸ ਜ਼ਮੀਨ ਨੂੰ ਲੱਭਣ 'ਚ ਜੁਟ ਗਏ ਹਨ, ਜਿਹੜੀ ਪਿਛਲੇ ਕਈ ਮੌਕਿਆਂ 'ਤੇ ਉਨ੍ਹਾਂ ਨੂੰ ਨਹੀਂ ਮਿਲ ਸਕੀ। ਕੇਜਰੀਵਾਲ ਬਾਰੇ ਕਿਹਾ ਜਾਂਦਾ ਹੈ ਕਿ ਉਹ ਬਹੁਤ ਜ਼ਿੱਦੀ ਹਨ ਤੇ ਉਨ੍ਹਾਂ ਦੀ ਜ਼ਿੱਦ ਇਹ ਹੈ ਕਿ 'ਆਪ' ਨੂੰ ਕੌਮੀ ਪੱਧਰ ਦੀ ਪਾਰਟੀ ਬਣਾਉਣਾ ਹੈ। ਇਸੇ ਜ਼ਿੱਦ ਅਤੇ ਕੋਸ਼ਿਸ਼ ਵਿਚ ਉਨ੍ਹਾਂ ਨੇ 2 ਵੱਡੇ ਫੈਸਲੇ ਲਏ। ਪਹਿਲਾ ਫੈਸਲਾ ਤਾਂ ਇਹ ਹੈ ਕਿ 'ਆਮ ਆਦਮੀ ਪਾਰਟੀ' ਇਸ ਸਾਲ ਦੇ ਅਖੀਰ ਵਿਚ ਹੋਣ ਵਾਲੀਆਂ ਗੁਜਰਾਤ ਵਿਧਾਨ ਸਭਾ ਦੀਆਂ ਚੋਣਾਂ ਲੜੇਗੀ ਤੇ ਦੂਜਾ ਫੈਸਲਾ ਹੈ ਕਮਲ ਹਸਨ 'ਤੇ ਡੋਰੇ ਪਾਉਣਾ। ਇਹ ਦੋਵੇਂ ਕਦਮ ਅਜਿਹੇ ਹਨ, ਜਿਨ੍ਹਾਂ ਤੋਂ ਲੱਗਦਾ ਹੈ ਕਿ 'ਆਪ' ਮੁੜ ਦਿੱਲੀ ਦੀਆਂ ਹੱਦਾਂ ਟੱਪਣਾ ਚਾਹੁੰਦੀ ਹੈ। 
'ਆਮ ਆਦਮੀ ਪਾਰਟੀ' ਦਿੱਲੀ ਤੋਂ ਪੰਜਾਬ ਤਕ ਦਾ ਸਫਰ ਪੂਰਾ ਕਰ ਨਹੀਂ ਸਕੀ ਪਰ ਹੁਣ ਇਕ ਹੋਰ ਸਫਰ 'ਤੇ ਨਿਕਲਣਾ ਚਾਹੁੰਦੀ ਹੈ। ਇਸ 'ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋ ਸਕਦਾ ਤੇ ਹੋਣਾ ਵੀ ਨਹੀਂ ਚਾਹੀਦਾ ਕਿ 'ਆਪ' ਵਾਰ-ਵਾਰ ਕੋਸ਼ਿਸ਼ਾਂ ਕਰ ਰਹੀ ਹੈ ਪਰ ਜਦੋਂ ਕੇਜਰੀਵਾਲ ਕੋਸ਼ਿਸ਼ ਕਰਦੇ ਹਨ ਤਾਂ ਅਜਿਹਾ ਲੱਗਦਾ ਹੈ ਕਿ ਉਹ ਖੁਸ਼ਫਹਿਮੀ ਦਾ ਸ਼ਿਕਾਰ ਹੋ ਗਏ ਹਨ। ਇਸੇ ਖੁਸ਼ਫਹਿਮੀ ਕਾਰਨ ਉਨ੍ਹਾਂ ਨੂੰ ਕਈ ਵਾਰ ਨਾਕਾਮੀਆਂ ਦਾ ਮੂੰਹ ਵੀ ਦੇਖਣਾ ਪਿਆ। ਇਹ ਚੰਗੀ ਗੱਲ ਹੋ ਸਕਦੀ ਹੈ ਕਿ ਨਾਕਾਮੀਆਂ ਦੇ ਬਾਵਜੂਦ ਕੇਜਰੀਵਾਲ ਦਾ ਹੌਸਲਾ 'ਬੁਲੰਦ' ਹੈ ਪਰ ਅਜਿਹਾ ਜ਼ਰੂਰ ਲੱਗਦਾ ਹੈ ਕਿ ਜਾਂ ਤਾਂ ਉਹ ਆਪਣੇ ਆਪ ਨੂੰ ਬਹੁਤ ਜ਼ਿਆਦਾ 'ਵੱਡਾ ਖਿਡਾਰੀ' ਮੰਨ ਲੈਂਦੇ ਹਨ ਜਾਂ ਅਜਿਹਾ ਲੱਗਦਾ ਹੈ ਕਿ ਜਾਣਬੁੱਝ ਕੇ ਸੱਚਾਈ ਤੋਂ ਮੂੰਹ ਮੋੜ ਰਹੇ ਹਨ। ਇਸ ਨਾਲ ਇਹ ਸੋਚ ਵੀ ਬਣਦੀ ਹੈ ਕਿ ਕਿਤੇ ਉਹ ਸਿਆਸਤ 'ਚ ਅਨਾੜੀ ਤਾਂ ਸਿੱਧ ਨਹੀਂ ਹੋ ਰਹੇ? ਕੇਜਰੀਵਾਲ ਦੀ ਖੁਸ਼ਫਹਿਮੀ 2013 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਸ਼ੁਰੂ ਹੋਈ। ਉਨ੍ਹਾਂ ਚੋਣਾਂ ਤਕ ਕੋਈ ਵੀ ਇਹ ਨਹੀਂ ਮੰਨਦਾ ਸੀ ਕਿ 'ਆਪ' ਦਿੱਲੀ ਦੀ ਸਿਆਸਤ ਵਿਚ ਪੈਠ ਬਣਾ ਸਕੇਗੀ ਪਰ ਜਦੋਂ ਨਤੀਜੇ ਆਏ ਤਾਂ ਹਰ ਕੋਈ ਹੈਰਾਨ ਰਹਿ ਗਿਆ। ਕਿਸੇ ਨੂੰ ਇਸ ਗੱਲ 'ਤੇ ਯਕੀਨ ਨਹੀਂ ਆ ਰਿਹਾ ਸੀ ਕਿ 15 ਸਾਲ ਦਿੱਲੀ 'ਤੇ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਸਿਰਫ 8 ਸੀਟਾਂ 'ਤੇ ਸਿਮਟ ਜਾਵੇਗੀ ਤੇ ਸ਼ੀਲਾ ਦੀਕਸ਼ਿਤ ਖ਼ੁਦ ਚੋਣ ਹਾਰ ਜਾਵੇਗੀ। ਕੇਜਰੀਵਾਲ ਨੇ ਉਥੇ 28 ਸੀਟਾਂ ਜਿੱਤ ਕੇ ਵਾਕਈ ਕ੍ਰਿਸ਼ਮਾ ਕੀਤਾ ਸੀ ਪਰ ਇਸ ਕ੍ਰਿਸ਼ਮੇ ਨੇ ਕੇਜਰੀਵਾਲ ਅੰਦਰ ਆਪਣੇ ਪੈਰ ਹੋਰ ਪਸਾਰਨ ਦੀ ਇੱਛਾ ਪੈਦਾ ਕਰ ਦਿੱਤੀ। ਇਹੋ ਵਜ੍ਹਾ ਹੈ ਕਿ ਜਦੋਂ ਉਨ੍ਹਾਂ ਨੂੰ ਲੱਗਾ ਕਿ ਦਿੱਲੀ ਛੱਡ ਕੇ 2014 ਦੀਆਂ ਅਪ੍ਰੈਲ-ਮਈ ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਕਿਸਮਤ ਅਜ਼ਮਾਈ ਜਾ ਸਕਦੀ ਹੈ, ਤਾਂ ਉਨ੍ਹਾਂ ਨੇ ਬੇਵਜ੍ਹਾ ਹੀ 49 ਦਿਨਾਂ ਵਿਚ ਦਿੱਲੀ ਦੀ ਗੱਦੀ ਛੱਡ ਦਿੱਤੀ। ਉਹ ਪਹਿਲਾਂ ਹੀ ਕਹਿ ਚੁੱਕੇ ਸਨ ਕਿ 100 ਸੀਟਾਂ ਤੋਂ ਜ਼ਿਆਦਾ 'ਤੇ ਚੋਣ ਨਹੀਂ ਲੜਨਗੇ ਪਰ ਅਚਾਨਕ 400 ਤੋਂ ਜ਼ਿਆਦਾ ਉਮੀਦਵਾਰ ਖੜ੍ਹੇ ਕਰ ਦਿੱਤੇ ਤੇ ਖ਼ੁਦ ਵੀ ਨਰਿੰਦਰ ਮੋਦੀ ਵਿਰੁੱਧ ਲੜਨ ਲਈ ਲੰਗੋਟ ਕੱਸ ਲਿਆ। 
ਨਤੀਜਾ ਕੀ ਨਿਕਲਿਆ? ਸਿਰਫ 4 ਸੀਟਾਂ ਮਿਲੀਆਂ ਤੇ ਖ਼ੁਦ ਵੀ ਹਾਰ ਗਏ। ਉਦੋਂ ਉਨ੍ਹਾਂ ਨੂੰ ਮੰਨਣਾ ਪਿਆ ਕਿ ਸਵੈ-ਪੜਚੋਲ ਕਰਨ ਦੀ ਲੋੜ ਹੈ। 
ਉਦੋਂ ਕੇਜਰੀਵਾਲ ਨੇ ਕੰਨ ਫੜ ਕੇ ਦਿੱਲੀ ਦੇ ਲੋਕਾਂ ਤੋਂ ਮੁਆਫੀ ਮੰਗੀ ਸੀ, ਸੌ ਕਸਮਾਂ ਖਾਧੀਆਂ ਸਨ ਕਿ ਉਹ ਦਿੱਲੀ ਛੱਡ ਕੇ ਨਹੀਂ ਜਾਣਗੇ। ਉਸ ਤੋਂ ਬਾਅਦ ਉਨ੍ਹਾਂ ਨੇ ਸਾਰਾ ਧਿਆਨ ਦਿੱਲੀ 'ਤੇ ਦੇਣਾ ਸ਼ੁਰੂ ਕਰ ਦਿੱਤਾ। ਦਿੱਲੀ ਦੇ ਲੋਕਾਂ ਨੇ ਉਨ੍ਹਾਂ 'ਚ ਅਥਾਹ ਭਰੋਸਾ ਵੀ ਜਤਾਇਆ ਤੇ 2015 ਵਿਚ ਜੋ ਕੁਝ ਹੋਇਆ, ਉਹ 2013 ਦੀਆਂ ਕਲਪਨਾਵਾਂ ਤੋਂ ਵੀ ਅੱਗੇ ਸੀ। 
ਦਿੱਲੀ ਦੀਆਂ 70 'ਚੋਂ 67 ਵਿਧਾਨ ਸਭਾ ਸੀਟਾਂ ਜਿੱਤਣ ਦਾ ਸੁਪਨਾ ਤਾਂ ਖ਼ੁਦ ਕੇਜਰੀਵਾਲ ਨੇ ਵੀ ਨਹੀਂ ਦੇਖਿਆ ਸੀ। ਉਦੋਂ ਵੀ ਕੇਜਰੀਵਾਲ ਨੇ ਦਿੱਲੀ ਨਾ ਛੱਡ ਕੇ ਜਾਣ ਦੀਆਂ ਕਸਮਾਂ ਖਾਧੀਆਂ ਸਨ ਪਰ ਉਨ੍ਹਾਂ ਦਾ ਦਿਲ ਹੋਰਨਾਂ ਸੂਬਿਆਂ ਦੀਆਂ ਵਿਧਾਨ ਸਭਾਵਾਂ 'ਤੇ ਆ ਗਿਆ ਤੇ ਉਨ੍ਹਾਂ ਨੇ ਗੋਆ, ਪੰਜਾਬ ਵੱਲ ਕਦਮ ਵਧਾਉਣੇ ਸ਼ੁਰੂ ਕਰ ਦਿੱਤੇ।
ਉਨ੍ਹਾਂ ਨੂੰ ਲੱਗਾ ਕਿ ਦਿੱਲੀ ਵਾਂਗ ਜਿਥੇ ਵੀ ਕਾਂਗਰਸ ਤੇ ਭਾਜਪਾ ਦਾ ਸਿੱਧਾ ਮੁਕਾਬਲਾ ਹੈ, ਉਥੇ ਉਨ੍ਹਾਂ ਦੀ ਪਾਰਟੀ (ਆਪ) ਆਸਾਨੀ ਨਾਲ ਪੈਰ ਪਸਾਰ ਸਕਦੀ ਹੈ। ਗੋਆ ਤੇ ਪੰਜਾਬ ਲਈ ਬਹੁਤ ਮਿਹਨਤ ਕੀਤੀ, ਦਿਨ-ਰਾਤ ਇਕ ਕਰ ਦਿੱਤਾ, ਇਥੋਂ ਤਕ ਕਿ ਦਿੱਲੀ ਨਾ ਛੱਡਣ ਦੀਆਂ ਖਾਧੀਆਂ ਕਸਮਾਂ ਦੀ ਵੀ ਪਰਵਾਹ ਨਹੀਂ ਕੀਤੀ ਪਰ ਜਦੋਂ ਗੋਆ ਤੇ ਪੰਜਾਬ ਦੇ ਨਤੀਜੇ ਆਏ ਤਾਂ ਕੇਜਰੀਵਾਲ ਨੂੰ ਕਰਾਰਾ ਝਟਕਾ ਲੱਗਾ। ਉਨ੍ਹਾਂ ਦਾ ਮਨ ਇਹ ਮੰਨਣ ਲਈ ਤਿਆਰ ਹੀ ਨਹੀਂ ਕਿ ਲੋਕਾਂ ਨੇ ਉਨ੍ਹਾਂ ਨੂੰ ਹਰਾਇਆ ਹੈ। ਉਹ ਹੁਣ ਤਕ ਈ. ਵੀ. ਐੱਮ. (ਵੋਟਿੰਗ ਮਸ਼ੀਨਾਂ) ਉੱਤੇ ਹੀ ਦੋਸ਼ ਮੜ੍ਹ ਰਹੇ ਹਨ। 
ਸਵਾਲ ਹੈ ਕਿ ਜੇ ਈ. ਵੀ. ਐੱਮ. ਵਿਚ ਗੜਬੜ ਹੋਈ ਸੀ ਤਾਂ 22 ਸੀਟਾਂ ਕਿਵੇਂ ਜਿੱਤ ਗਏ? ਕੇਜਰੀਵਾਲ ਨੂੰ ਲੱਗ ਰਿਹਾ ਸੀ ਕਿ ਰਾਜੌਰੀ ਗਾਰਡਨ ਉਪ-ਚੋਣ ਤੇ ਉਸ ਤੋਂ ਬਾਅਦ ਨਗਰ ਨਿਗਮ ਦੀਆਂ ਚੋਣਾਂ ਵਿਚ ਤਾਂ ਦਿੱਲੀ ਦੇ ਲੋਕ ਉਨ੍ਹਾਂ ਨੂੰ ਚੁਣਨਗੇ ਹੀ। ਪਿਛਲੇ 10 ਸਾਲਾਂ ਵਿਚ ਨਗਰ ਨਿਗਮ ਵਿਚ ਭਾਜਪਾ ਦੀ ਨਾਕਾਮੀ ਕੇਜਰੀਵਾਲ ਨੂੰ ਜਿੱਤ ਦਾ ਭਰੋਸਾ ਦਿਵਾ ਰਹੀ ਸੀ ਪਰ ਇਨ੍ਹਾਂ ਦੋਹਾਂ ਚੋਣਾਂ ਵਿਚ ਵੀ ਜਦੋਂ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਉਨ੍ਹਾਂ ਨੇ ਇਕ ਵਾਰ ਫਿਰ ਐਲਾਨ ਕਰ ਦਿੱਤਾ ਕਿ ਹੁਣ ਦਿੱਲੀ ਨੂੰ ਹੀ ਆਪਣੇ ਦਿਲ ਵਿਚ ਵਸਾਉਣਗੇ ਤੇ ਸਾਰਾ ਧਿਆਨ ਦਿੱਲੀ 'ਤੇ ਹੀ ਕੇਂਦ੍ਰਿਤ ਕਰਨਗੇ। ਪਰ ਹੁਣ ਕੇਜਰੀਵਾਲ ਦਾ ਦਿਲ ਫਿਰ ਡੋਲ ਗਿਆ ਹੈ। ਵਜ੍ਹਾ ਇਹ ਹੈ ਕਿ ਪਿਛਲੇ ਮਹੀਨੇ ਬਵਾਨਾ ਵਿਚ ਹੋਈ ਵਿਧਾਨ ਸਭਾ ਉਪ-ਚੋਣ ਆਮ ਆਦਮੀ ਪਾਰਟੀ ਨੇ ਜਿੱਤ ਲਈ, ਜਿਸ ਨਾਲ ਕੇਜਰੀਵਾਲ ਵਿਚ 2013 ਵਰਗਾ ਹੌਸਲਾ ਪੈਦਾ ਹੋ ਗਿਆ, ਜਦੋਂ 'ਆਪ' ਨੇ 28 ਸੀਟਾਂ ਜਿੱਤੀਆਂ ਸਨ। 
ਹੁਣ ਉਹ ਗੁਜਰਾਤ ਵਿਚ ਵੀ ਚੋਣਾਂ ਲੜਨ ਲਈ ਤਿਆਰ ਹਨ ਅਤੇ ਨਾਲ ਹੀ ਕਮਲ ਹਸਨ ਨਾਲ ਤਾਮਿਲਨਾਡੂ ਵਿਚ ਪਿਆਰ ਦੀਆਂ ਪੀਂਘਾਂ ਵਧਾਉਣਾ ਚਾਹੁੰਦੇ ਹਨ। ਕੇਜਰੀਵਾਲ ਸ਼ਾਇਦ ਭੁੱਲ ਗਏ ਹਨ ਕਿ ਬਵਾਨਾ ਦੀ ਜਿੱਤ ਸਿਰਫ ਇਕ ਵਿਧਾਨ ਸਭਾ ਸੀਟ ਦੀ ਜਿੱਤ ਹੈ। ਬਵਾਨਾ ਨੂੰ ਜਿੱਤਣ ਲਈ ਉਨ੍ਹਾਂ ਨੇ ਆਪਣੇ ਮੰਤਰੀਆਂ ਨੂੰ 4 ਮਹੀਨਿਆਂ ਤੋਂ ਇਸੇ ਇਲਾਕੇ ਵਿਚ ਡੇਰਾ ਲਾਈ ਰੱਖਣ ਲਈ ਕਹਿ ਦਿੱਤਾ ਸੀ। ਉਥੇ ਸੜਕਾਂ, ਨਾਲੀਆਂ ਆਦਿ ਸਭ ਕੁਝ ਬਣਵਾਇਆ ਗਿਆ। 
ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਬਵਾਨਾ ਵਿਚ 2.90 ਲੱਖ ਵੋਟਰਾਂ 'ਚੋਂ ਲੱਗਭਗ 40 ਫੀਸਦੀ ਤਾਂ ਪੂਰਵਾਂਚਲ ਖੇਤਰ ਦੇ ਹਨ, ਜਿਨ੍ਹਾਂ ਨੇ 2015 ਵਿਚ ਕੇਜਰੀਵਾਲ ਦੀ ਝੋਲੀ ਵੋਟਾਂ ਨਾਲ ਭਰ ਦਿੱਤੀ ਸੀ। ਇਸ ਤੋਂ ਇਲਾਵਾ ਕੇਜਰੀਵਾਲ ਖ਼ੁਦ ਵੀ ਅੱਧਾ ਦਰਜਨ ਵਾਰ ਬਵਾਨਾ ਹੋ ਕੇ ਆਏ ਸਨ। ਪਿਛਲੀ ਵਾਰ 'ਆਪ' ਉਥੋਂ 50 ਹਜ਼ਾਰ ਤੋਂ ਜ਼ਿਆਦਾ ਵੋਟਾਂ ਨਾਲ ਜਿੱਤੀ ਸੀ ਤੇ ਇਸ ਵਾਰ 25 ਹਜ਼ਾਰ ਵੋਟਾਂ ਨਾਲ। ਕੇਜਰੀਵਾਲ ਇਹ ਕਿਵੇਂ ਭੁੱਲ ਸਕਦੇ ਹਨ ਕਿ ਰਾਜੌਰੀ ਗਾਰਡਨ ਵਿਚ ਹਾਰਨ 'ਤੇ ਉਨ੍ਹਾਂ ਨੇ ਕਿਹਾ ਸੀ ਕਿ ਇਕ ਵੀ ਸੀਟ 'ਤੇ ਹਾਰ ਦਾ ਮਤਲਬ 'ਆਮ ਆਦਮੀ ਪਾਰਟੀ' ਦੀ ਸਰਕਾਰ ਵਿਰੁੱਧ ਲੋਕ ਰਾਏ ਨਹੀਂ ਪਰ ਬਵਾਨਾ ਸੀਟ ਜਿੱਤਣ ਤੋਂ ਬਾਅਦ ਕੇਜਰੀਵਾਲ ਇਹੋ ਮੰਨ ਰਹੇ ਹਨ ਕਿ ਇਸ ਜਿੱਤ ਦਾ ਮਤਲਬ ਇਹ ਹੈ ਕਿ ਸਿਰਫ ਬਵਾਨਾ ਜਾਂ ਦਿੱਲੀ ਹੀ ਨਹੀਂ, ਸਗੋਂ ਗੁਜਰਾਤ ਤੇ ਤਾਮਿਲਨਾਡੂ ਦੇ ਲੋਕ ਵੀ 'ਕੇਜਰੀਵਾਲ, ਕੇਜਰੀਵਾਲ' ਦੇ ਨਾਅਰੇ ਲਾਉਣ ਲਈ ਉਤਾਵਲੇ ਹਨ। 
ਕਹਿਣ ਦਾ ਮਤਲਬ ਇਹ ਨਹੀਂ ਹੈ ਕਿ ਕੇਜਰੀਵਾਲ ਨੂੰ ਗੁਜਰਾਤ ਜਾਂ ਤਾਮਿਲਨਾਡੂ ਵਿਚ ਆਪਣੀ ਪਾਰਟੀ ਦੇ ਪੈਰ ਪਸਾਰਨ ਦਾ ਹੱਕ ਨਹੀਂ। ਲੋਕਤੰਤਰ ਦੀ ਖੂਬਸੂਰਤੀ ਦਾ ਇਸ ਤੋਂ ਵੱਡਾ ਸਬੂਤ ਹੋਰ ਕੀ ਹੋਵੇਗਾ ਕਿ ਖ਼ੁਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਹਨ। 
ਹੈਰਾਨੀ ਇਸ ਲਈ ਹੁੰਦੀ ਹੈ ਕਿ ਉਹ ਵਾਰ-ਵਾਰ ਦਿੱਲੀ ਤੋਂ ਬਾਹਰ ਪੈਰ ਪਸਾਰਨ ਦੇ ਚੱਕਰ ਵਿਚ ਹੇਠਾਂ ਡਿਗ ਰਹੇ ਹਨ। ਇਸ ਨਾਲ ਦਿੱਲੀ ਵਿਚ ਵੀ ਉਨ੍ਹਾਂ ਦੀ ਹਰਮਨਪਿਆਰਤਾ 'ਤੇ ਅਸਰ ਪੈਂਦਾ ਹੈ। ਪੰਜਾਬ ਤੇ ਗੋਆ ਦੀ ਹਾਰ ਦਾ ਉਨ੍ਹਾਂ 'ਤੇ ਇੰਨਾ ਵੱਡਾ ਅਸਰ ਪਿਆ ਕਿ ਉਹ ਰਾਜੌਰੀ ਗਾਰਡਨ ਤੇ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਵੀ ਹਾਰ ਗਏ।
ਜੇ ਕੇਜਰੀਵਾਲ ਲਗਾਤਾਰ ਇਸੇ ਤਰ੍ਹਾਂ ਹੇਠਾਂ ਖਿਸਕਦੇ ਰਹੇ ਤਾਂ ਉਨ੍ਹਾਂ ਲਈ ਦਿੱਲੀ ਵਿਚ ਖੜ੍ਹੇ ਰਹਿ ਸਕਣਾ ਵੀ ਮੁਸ਼ਕਿਲ ਹੋ ਸਕਦਾ ਹੈ।                       dilbargothi@gmail.com


Related News