ਮੈਕਾਲੇ ਬਾਰੇ ਕਿਸੇ ਵੀ ਚਿੰਤਕ ਨੇ ਸਹੀ ਤੱਥ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ
Friday, Dec 01, 2017 - 07:36 AM (IST)

ਭਾਰਤ ਵਿਚ ਜਦੋਂ ਕੋਈ ਕਿਸੇ ਅੰਗਰੇਜ਼ੀ ਬੋਲਣ ਵਾਲੇ (ਖਾਸ ਕਰਕੇ ਕਿਸੇ ਅਫਸਰ ਨਾਲ) ਜਾਂ ਅਜਿਹੀ ਮਾਨਸਿਕਤਾ ਵਾਲੇ ਵਿਅਕਤੀ ਨਾਲ ਗੁੱਸੇ ਹੁੰਦਾ ਹੈ ਤਾਂ ਉਸ ਨੂੰ 'ਭੂਰਾ ਸਾਹਿਬ' ਹੀ ਨਹੀਂ, 'ਮੈਕਾਲੇ ਦਾ ਜਾਨਸ਼ੀਨ' ਵੀ ਕਹਿੰਦਾ ਹੈ। ਪਾਕਿਸਤਾਨ ਵਿਚ ਜਦੋਂ ਮਲਾਲਾ ਯੂਸਫਜ਼ੇਈ ਨੂੰ ਅਕਤੂਬਰ 2012 ਵਿਚ ਅੱਤਵਾਦੀਆਂ ਨੇ ਗੋਲੀ ਮਾਰੀ ਤਾਂ ਉਸ ਨੂੰ ਜਾਇਜ਼ ਠਹਿਰਾਉਣ ਲਈ ਇਕ ਲੰਮੀ-ਚੌੜੀ ਚਿੱਠੀ ਵਿਚ ਕਿਹਾ ਗਿਆ, ''ਮਲਾਲਾ ਵੀ ਮੈਕਾਲੇ ਦੀ ਪੈਰੋਕਾਰ ਬਣ ਗਈ ਸੀ।''
ਇਸ ਅੰਗਰੇਜ਼ ਸਮਾਜ ਸ਼ਾਸਤਰੀ, ਕਾਨੂੰਨ ਵਿਗਿਆਨੀ ਅਤੇ ਯੁੱਗ-ਦ੍ਰਿਸ਼ਟਾ ਨੂੰ 190 ਸਾਲਾਂ ਤੋਂ ਭਾਰਤ ਹੋਵੇ ਜਾਂ ਪਾਕਿਸਤਾਨ ਜਾਂ ਬੰਗਲਾਦੇਸ਼, ਵਿਚ ਹਿੰਦੂ, ਮੁਸਲਮਾਨ ਬਰਾਬਰ ਨਫਰਤ ਕਰਦੇ ਰਹੇ ਹਨ, ਜਦਕਿ ਮੈਕਾਲੇ ਵਲੋਂ ਬਣਾਈ ਗਈ ਦੰਡਾਵਲੀ, ਗਵਾਹੀ ਕਾਨੂੰਨ ਅਤੇ ਸਿਵਲ ਸੇਵਾਵਾਂ ਅੱਜ ਤਕ ਇਨ੍ਹਾਂ ਤਿੰਨਾਂ ਦੇਸ਼ਾਂ ਵਿਚ ਥੋੜ੍ਹੀਆਂ-ਬਹੁਤ ਤਬਦੀਲੀਆਂ ਨਾਲ ਜਿਉਂ ਦੀਆਂ ਤਿਉਂ ਲਾਗੂ ਹਨ।
ਕੀ ਅਸੀਂ ਕਦੇ ਸੋਚਿਆ ਹੈ ਕਿ ਜਿਸ ਵਿਅਕਤੀ ਦਾ ਅਸੀਂ 'ਦਾਨਵੀਕਰਨ' ਕਰ ਦਿੱਤਾ ਹੈ, ਉਸ ਦੀ ਹਕੀਕਤ ਕੀ ਹੈ? ਕਿਤੇ ਅਜਿਹਾ ਤਾਂ ਨਹੀਂ ਕਿ ਝੂਠ ਅਤੇ ਤੱਥਾਂ ਨੂੰ ਗਲਤ ਸੰਦਰਭ ਵਿਚ ਰੱਖਿਆ ਗਿਆ ਹੈ। ਵੈੱਬਸਾਈਟਾਂ 'ਤੇ ਹੀ ਨਹੀਂ, ਦੇਸ਼ ਦੇ ਸਕੂਲੀ ਸਿਲੇਬਸਾਂ ਵਿਚ ਵੀ ਬੱਚਿਆਂ ਨੂੰ ਗਲਤ ਸਿੱਖਿਆ ਨਾਲ ਗੁੰਮਰਾਹ ਕੀਤਾ ਜਾਂਦਾ ਰਿਹਾ ਹੈ।
ਦੇਸ਼ ਦੇ ਸਾਬਕਾ ਉਪ-ਪ੍ਰਧਾਨ ਮੰਤਰੀ ਅਤੇ ਆਮ ਤੌਰ 'ਤੇ ਸੱਚ ਪ੍ਰਤੀ ਮੋਹਰੀ ਆਗੂ ਦੇ ਰੂਪ ਵਿਚ ਸਨਮਾਨਿਤ ਲਾਲ ਕ੍ਰਿਸ਼ਨ ਅਡਵਾਨੀ ਸਮੇਤ ਬਹੁਤ ਸਾਰੇ ਪ੍ਰਸਿੱਧ ਲੋਕ ਵੀ ਇਸ ਕੁਚੱਕਰ ਦਾ ਸ਼ਿਕਾਰ ਹੁੰਦੇ ਰਹੇ ਹਨ। ਅਡਵਾਨੀ ਦੀ ਸਵੈ-ਜੀਵਨੀ 'ਮਾਈ ਕੰਟਰੀ ਮਾਈ ਲਾਈਫ' ਦੇ ਸਫਾ 132-133 ਦੇ ਅੰਸ਼ ਦੇਖੋ, ਜਿਸ ਵਿਚ ਉਨ੍ਹਾਂ ਲਿਖਿਆ ਹੈ ਕਿ ''ਭਾਰਤ ਲਈ ਸਹੀ ਭਾਸ਼ਾ ਨੀਤੀ ਦੇ ਸੰਦਰਭ ਵਿਚ ਅਸੀਂ ਇਸ ਗੱਲ ਨੂੰ ਅਣਡਿੱਠ ਨਹੀਂ ਕਰ ਸਕਦੇ ਕਿ ਅੰਗਰੇਜ਼ਾਂ ਨੇ ਭਾਰਤੀਆਂ ਨੂੰ ਆਪਣੀ ਹੀ ਭਾਸ਼ਾ ਤੇ ਸੱਭਿਅਤਾ ਪ੍ਰਤੀ ਹੀਣਭਾਵਨਾ ਦੇ ਸ਼ਿਕਾਰ ਬਣਾ ਦਿੱਤਾ।''
2 ਫਰਵਰੀ 1835 ਨੂੰ ਬ੍ਰਿਟਿਸ਼ ਸੰਸਦ ਵਿਚ ਲਾਰਡ ਮੈਕਾਲੇ ਵਲੋਂ ਇਕ ਹੈਰਾਨੀਜਨਕ ਭਾਸ਼ਣ ਦਿੱਤਾ ਗਿਆ ਸੀ, ਜਿਸ ਦੇ ਕੁਝ ਅੰਸ਼ ਇਸ ਤਰ੍ਹਾਂ ਹਨ (ਅਡਵਾਨੀ ਮੈਕਾਲੇ ਦਾ ਕਥਿਤ ਤੌਰ 'ਤੇ ਹਵਾਲਾ ਦਿੰਦੇ ਹਨ) :
''ਮੈਂ ਭਾਰਤ ਪੂਰੀ ਤਰ੍ਹਾਂ ਘੁੰਮਿਆ ਅਤੇ ਅਜਿਹਾ ਮੈਂ ਇਕ ਵੀ ਆਦਮੀ ਨਹੀਂ ਦੇਖਿਆ, ਜੋ ਭਿਖਾਰੀ ਹੋਵੇ ਜਾਂ ਚੋਰ ਹੋਵੇ। ਅਜਿਹੀ ਪੂੰਜੀ ਮੈਂ ਇਸ ਦੇਸ਼ ਵਿਚ ਦੇਖੀ, ਅਜਿਹੀਆਂ ਉੱਚ ਨੈਤਿਕ ਕਦਰਾਂ-ਕੀਮਤਾਂ ਦੇਖੀਆਂ ਅਤੇ ਅਜਿਹੇ ਲੋਕ ਦੇਖ ਕੇ ਮੈਨੂੰ ਨਹੀਂ ਲੱਗਦਾ ਕਿ ਅਸੀਂ ਕਦੇ ਵੀ ਇਸ ਦੇਸ਼ ਨੂੰ ਜਿੱਤ ਸਕਦੇ ਹਾਂ, ਜਦੋਂ ਤਕ ਇਸ ਰਾਸ਼ਟਰ ਦਾ ਸੱਭਿਆਚਾਰਕ ਤੇ ਅਧਿਆਤਮਕ ਵਿਰਾਸਤ ਵਲੋਂ ਲੱਕ ਨਹੀਂ ਤੋੜ ਦਿੰਦੇ। ਲਿਹਾਜ਼ਾ ਮੇਰਾ ਸੁਝਾਅ ਹੈ ਕਿ ਅਸੀਂ ਇਸ ਦੀ ਪ੍ਰਾਚੀਨ ਸਿੱਖਿਆ ਪ੍ਰਣਾਲੀ ਅਤੇ ਸੰਸਕ੍ਰਿਤੀ ਨੂੰ ਬਦਲੀਏ।'' (ਇਥੇ ਬ੍ਰਿਟਿਸ਼ ਸੰਸਦ ਵਿਚ ਜਿਸ ਦਿਨ ਭਾਸ਼ਣ ਦੇਣ ਦੀ ਗੱਲ ਕੀਤੀ ਜਾ ਰਹੀ ਹੈ, ਮੈਕਾਲੇ ਉਸ ਤੋਂ 9 ਮਹੀਨੇ ਪਹਿਲਾਂ ਹੀ ਭਾਰਤ ਆ ਗਏ ਸਨ ਅਤੇ ਅਗਲੇ 6 ਸਾਲ ਭਾਰਤ ਵਿਚ ਰਹੇ। 2 ਫਰਵਰੀ 1835 ਨੂੰ ਉਹ ਕਲਕੱਤਾ ਵਿਚ ਸਨ।)
ਹੁਣ ਜ਼ਰਾ ਹਕੀਕਤ ਦੇਖੋ : ਭਾਰਤ ਆਉਣ ਤੋਂ ਪਹਿਲਾਂ ਬ੍ਰਿਟਿਸ਼ ਸੰਸਦ ਵਿਚ 10 ਜੁਲਾਈ 1833 ਨੂੰ ਦਿੱਤੇ ਆਪਣੇ ਲੰਮੇ ਭਾਸ਼ਣ ਵਿਚ ਮੈਕਾਲੇ ਨੇ ਆਪਣੀ ਧਾਰਨਾ ਪੇਸ਼ ਕੀਤੀ ਅਤੇ ਉਮੀਦ ਕੀਤੀ ਕਿ ਸਰਕਾਰ ਦੀਆਂ ਨੀਤੀਆਂ ਉਨ੍ਹਾਂ ਦੇ ਸੁਝਾਅ ਮੁਤਾਬਿਕ ਹੀ ਹੋਣਗੀਆਂ। ਮੈਕਾਲੇ ਦਾ ਭਾਸ਼ਣ ਇਸ ਤਰ੍ਹਾਂ ਸੀ :
''ਜੇ ਪਰਜਾ ਗਰੀਬ ਰਹੇ ਤਾਂ ਸਾਡਾ ਉਦਯੋਗ ਵੀ ਵਧੇ-ਫੁੱਲੇਗਾ ਨਹੀਂ। ਇਸ ਲਈ ਇਕ ਸੱਭਿਅਕ ਸਮਾਜ ਨਾਲ ਵਪਾਰ ਕਰਨਾ ਅਗਿਆਨੀ ਤੇ ਗਰੀਬ ਪਰਜਾ 'ਤੇ ਰਾਜ ਕਰਨ ਨਾਲੋਂ ਬਿਹਤਰ ਹੋਵੇਗਾ...ਕੀ ਅਸੀਂ ਇਹ ਚਾਹੁੰਦੇ ਹਾਂ ਕਿ ਭਾਰਤ ਦੀ ਜਨਤਾ ਅਗਿਆਨਤਾ ਦੇ ਹਨੇਰੇ ਵਿਚ ਡੁੱਬੀ ਰਹੇ ਤਾਂ ਕਿ ਅਸੀਂ ਇਸ 'ਤੇ ਰਾਜ ਕਰਦੇ ਰਹੀਏ? ਕੀ ਅਸੀਂ ਲੋਕਾਂ ਦੀਆਂ ਉਮੀਦਾਂ ਨੂੰ ਉਭਾਰੇ ਬਿਨਾਂ ਉਨ੍ਹਾਂ ਨੂੰ ਸਿੱਖਿਅਤ ਕਰ ਸਕਾਂਗੇ?
ਗਿਆਨ ਹੋਵੇਗਾ ਤਾਂ ਉਹ ਵੀ ਯੂਰਪੀ ਸੰਸਥਾਵਾਂ (ਲੋਕਤੰਤਰਿਕ ਅਦਾਰਿਆਂ) ਦੀ ਇੱਛਾ ਕਰਨਗੇ। ਅਜਿਹਾ ਦਿਨ ਕਦੋਂ ਆਵੇਗਾ, ਮੈਂ ਕਹਿ ਨਹੀਂ ਸਕਦਾ ਪਰ ਭਾਰਤੀ ਲੋਕਾਂ ਦੀ ਅਜਿਹੀ ਕੋਸ਼ਿਸ਼ (ਭਾਵ ਸੈਲਫ ਰੂਲ) ਨੂੰ ਨਾ ਤਾਂ ਮੈਂ ਰੋਕਾਂਗਾ ਅਤੇ ਨਾ ਹੀ ਇਸ ਦੀ ਰਫਤਾਰ ਮੱਠੀ ਕਰਨਾ ਚਾਹਾਂਗਾ। ਜਿਸ ਦਿਨ ਅਜਿਹਾ ਹੋਵੇਗਾ ਅਤੇ ਭਾਰਤ ਦੇ ਲੋਕ ਆਪਣੇ ਸ਼ਹਿਰੀ ਹੱਕਾਂ ਲਈ ਸੋਚਣ ਲੱਗ ਪੈਣਗੇ, ਉਹ ਬ੍ਰਿਟੇਨ ਦੇ ਇਤਿਹਾਸ ਦਾ ਸੁਨਹਿਰੀ ਦਿਨ ਹੋਵੇਗਾ।''
ਕੀ ਅਜਿਹਾ ਸੋਚਣ ਵਾਲਾ ਵਿਅਕਤੀ ਇਹ ਕਹਿ ਸਕਦਾ ਹੈ ਕਿ ਭਾਰਤ ਨੂੰ ਗੁਲਾਮ ਰੱਖਣਾ ਹੈ ਤਾਂ ਉਸ ਦੀ ਨੈਤਿਕ ਤੇ ਸੱਭਿਆਚਾਰਕ ਵਿਰਾਸਤ ਨੂੰ ਭੰਗ ਕਰਨਾ ਪਵੇਗਾ? ਇਸ ਦੇ ਉਲਟ ਮੈਕਾਲੇ ਦਾ ਮਿਸ਼ਨ ਭਾਰਤੀ ਸਮਾਜ ਨੂੰ ਆਧੁਨਿਕ ਸਿੱਖਿਆ ਦੇ ਜ਼ਰੀਏ ਆਧੁਨਿਕ ਸੋਚ ਵੱਲ ਲਿਜਾਣਾ ਅਤੇ ਲੋਕਾਂ ਅੰਦਰ ਨਵੇਂ ਲੋਕਤੰਤਰਿਕ ਅਦਾਰਿਆਂ ਪ੍ਰਤੀ ਝੁਕਾਅ ਵਧਾਉਣਾ ਅਤੇ ਆਖਿਰ ਵਿਚ ਆਜ਼ਾਦੀ ਦੀ ਮੰਗ ਕਰਨਾ ਸੀ।
ਝੂਠ 1 : ਜਿਸ ਤਰੀਕ ਅਤੇ ਜਗ੍ਹਾ (ਬ੍ਰਿਟਿਸ਼ ਸੰਸਦ) ਦਾ ਇਹ ਭਾਸ਼ਣ ਦੱਸਿਆ ਜਾ ਰਿਹਾ ਹੈ, ਉਸ ਤਰੀਕ ਤੋਂ 9 ਮਹੀਨੇ ਪਹਿਲਾਂ ਹੀ ਮੈਕਾਲੇ ਭਾਰਤ ਆਏ ਸਨ ਅਤੇ 6 ਸਾਲ ਇਥੇ ਹੀ ਰਹੇ ਸਨ। ਨਾਲ ਹੀ ਆਪਣੇ ਪੂਰੇ ਜੀਵਨ ਦੇ ਭਾਸ਼ਣਾਂ ਵਿਚ ਮੈਕਾਲੇ ਨੇ ਉਕਤ ਗੱਲਾਂ ਕਿਤੇ ਨਹੀਂ ਕਹੀਆਂ।
ਝੂਠ 2 : ਮੈਕਾਲੇ ਨੇ ਪੂਰੇ ਭਾਰਤ ਦਾ ਦੌਰਾ ਕੀਤਾ ਹੀ ਨਹੀਂ ਸੀ। ਜਿਸ ਦੇਸ਼ ਵਿਚ ਭੀਖ ਮੰਗਣਾ ਇਕ ਸੰਸਥਾਗਤ ਰੂਪ ਵਿਚ ਹੋਵੇ, ਜਿਸ ਵਿਚ ਦਾਨ ਕਰਨ ਨੂੰ ਪੁੰਨ ਮੰਨਿਆ ਜਾਂਦਾ ਹੋਵੇ, ਉਸ ਦੇਸ਼ ਵਿਚ ਕਿਸੇ ਦੌਰ ਵਿਚ ਇਕ ਵੀ ਭਿਖਾਰੀ ਪੂਰੇ ਦੇਸ਼ ਵਿਚ ਨਜ਼ਰ ਨਾ ਆਵੇ, ਕੀ ਇਹ ਸੰਭਵ ਹੈ? ਉਹ ਵੀ ਉਦੋਂ, ਜਦੋਂ ਈਸਟ ਇੰਡੀਆ ਕੰਪਨੀ ਨੇ ਆਪਣੇ 86 ਵਰ੍ਹਿਆਂ ਦੇ ਗਲਬੇ ਵਿਚ ਭਾਰਤ ਦੇ ਉਦਯੋਗਾਂ ਨੂੰ ਹੀ ਤਬਾਹ ਕਰ ਦਿੱਤਾ ਸੀ?
ਝੂਠ 3 : ਮੈਕਾਲੇ ਨੂੰ ਪੂਰੇ ਭਾਰਤ ਵਿਚ ਚੋਰੀ ਦੀ ਇਕ ਵੀ ਘਟਨਾ ਨਹੀਂ ਮਿਲੀ, ਜਦਕਿ ਉਸ ਦੌਰ ਵਿਚ ਮੇਜਰ ਜਨਰਲ ਸਲੀਮਨ (ਉਦੋਂ ਕਰਨਲ) ਨੇ ਪਿੰਡਾਰੀਆਂ (ਲੁਟੇਰਿਆਂ) ਵਿਰੁੱਧ ਦੇਸ਼ਵਿਆਪੀ ਮੁਹਿੰਮ ਚਲਾਈ ਹੋਈ ਸੀ। ਲੁੱਟ-ਖੋਹ ਅਤੇ ਹੱਤਿਆ ਉਸ ਵੇਲੇ ਦੀ ਸਭ ਤੋਂ ਵੱਡੀ ਤ੍ਰਾਸਦੀ ਮੰਨੀ ਜਾਂਦੀ ਸੀ।
ਝੂਠ 4 : ਮੈਕਾਲੇ ਇਕ ਘੋਰ ਨਸਲਵਾਦੀ ਸੀ ਤੇ ਗੈਰ-ਯੂਰਪੀ ਲੋਕਾਂ, ਖਾਸ ਕਰਕੇ ਭਾਰਤੀ ਸੱਭਿਅਤਾ ਅਤੇ ਗਿਆਨ ਪ੍ਰਤੀ ਉਸ ਵਿਚ ਜ਼ਬਰਦਸਤ ਹਿਕਾਰਤ ਦੀ ਭਾਵਨਾ ਸੀ। ਜਿਹੜਾ ਮੈਕਾਲੇ ਇਹ ਕਹਿ ਸਕਦਾ ਹੈ ਕਿ ਸਮੁੱਚਾ ਭਾਰਤੀ ਗਿਆਨ ਬ੍ਰਿਟੇਨ ਦੀ ਕਿਸੇ ਛੋਟੀ ਜਿਹੀ ਲਾਇਬ੍ਰੇਰੀ ਦੀ ਅਲਮਾਰੀ ਵਿਚ ਬੰਦ ਕਿਤਾਬਾਂ ਨਾਲੋਂ ਵੀ ਘੱਟ ਹੈ, ਉਹ ਇਹ ਕਿਵੇਂ ਕਹਿ ਸਕਦਾ ਹੈ ਕਿ ਇਸ ਦੇਸ਼ ਦੇ ਲੋਕ ਬਹੁਤ ਹੋਣਹਾਰ ਹਨ। (ਇਹ ਝੂਠ ਮੈਕਾਲੇ ਦੇ ਨਾਂ 'ਤੇ ਇਸ ਲਈ ਬੋਲਿਆ ਜਾ ਰਿਹਾ ਹੈ ਕਿ ਇਹ ਦੱਸਿਆ ਜਾ ਸਕੇ ਕਿ ਭਾਰਤੀ ਸਮਾਜ ਦੀ ਗੁਣਵੱਤਾ ਤੋਂ ਮੈਕਾਲੇ ਵਰਗਾ ਵਿਅਕਤੀ ਵੀ ਘਬਰਾਇਆ ਹੋਇਆ ਸੀ।)
ਝੂਠ 5 : ਉਦੋਂ ਤਕ ਜ਼ਿਆਦਾਤਰ ਭਾਰਤ ਅੰਗਰੇਜ਼ਾਂ ਦੇ ਕਬਜ਼ੇ ਵਿਚ ਆ ਚੁੱਕਾ ਸੀ ਅਤੇ ਭਾਰਤ ਦਾ ਲੱਕ ਤੋੜਨ ਲਈ ਇਸ ਦੀ ਸੱਭਿਅਤਾ ਅਤੇ ਸਮਾਜ ਦੀ ਸੱਭਿਅਤਾ ਪ੍ਰਤੀ ਵਚਨਬੱਧਤਾ ਦਾ ਲੱਕ ਤੋੜਨ ਦੀ ਲੋੜ ਹੀ ਨਹੀਂ ਸੀ।
ਝੂਠ 6 : ਜਿਹੜੇ ਅੰਗਰੇਜ਼ੀ ਸ਼ਬਦਾਂ ਦੀ ਵਰਤੋਂ ਭਾਸ਼ਣ ਵਿਚ ਦੱਸੀ ਗਈ ਹੈ, ਉਹ ਸ਼ਬਦ ਮੈਕਾਲੇ ਦੇ ਜ਼ਮਾਨੇ ਵਿਚ ਪ੍ਰਚੱਲਿਤ ਹੀ ਨਹੀਂ ਸਨ। ਵਿਆਕਰਣ ਦੀਆਂ ਗਲਤੀਆਂ ਵੀ ਸਪੱਸ਼ਟ ਹਨ। ਮੈਕਾਲੇ ਸਾਹਿਤਕਾਰ ਵੀ ਸਨ ਤੇ ਉਨ੍ਹਾਂ ਦੀਆਂ ਕਵਿਤਾਵਾਂ ਮਿਆਰੀ ਹੁੰਦੀਆਂ ਸਨ।
ਪੂਰੇ ਭਾਰਤ ਵਿਚ ਅਡਵਾਨੀ ਹੀ ਨਹੀਂ, ਕਿਸੇ ਵੀ ਚਿੰਤਕ ਨੇ ਅਸਲੀ ਤੱਥ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਤੇ ਨਾ ਹੀ ਇਸ ਝੂਠ ਦਾ ਭਾਂਡਾ ਭੰਨਣ ਦੀ ਕੋਸ਼ਿਸ਼ ਕੀਤੀ, ਜਿਹੜਾ ਮੈਕਾਲੇ ਦੇ ਨਾਂ 'ਤੇ ਫੈਲਾਇਆ ਗਿਆ। ਅਸਲੀਅਤ ਇਹ ਹੈ ਕਿ ਜਿਸ ਭਾਸ਼ਣ ਦਾ ਜ਼ਿਕਰ ਕੀਤਾ ਗਿਆ ਹੈ, ਉਹ ਮੈਕਾਲੇ ਨੇ ਕਦੇ ਦਿੱਤਾ ਹੀ ਨਹੀਂ ਕਿਉਂਕਿ 2 ਫਰਵਰੀ 1835 ਨੂੰ ਤਾਂ ਮੈਕਾਲੇ ਤੱਤਕਾਲੀ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਕ ਦੇ ਸੱਦੇ 'ਤੇ ਭਾਰਤ ਆ ਚੁੱਕੇ ਸਨ, ਲਿਹਾਜ਼ਾ ਬ੍ਰਿਟਿਸ਼ ਸੰਸਦ ਵਿਚ ਮੈਕਾਲੇ ਵਲੋਂ ਭਾਸ਼ਣ ਦੇਣ ਦਾ ਸਵਾਲ ਹੀ ਨਹੀਂ ਉੱਠਦਾ।
ਹਾਂ, 2 ਫਰਵਰੀ ਨੂੰ ਉਨ੍ਹਾਂ ਦਾ ਭਾਸ਼ਣ ਇਕ ਲਿਖਤੀ ਰਿਪੋਰਟ ਦੇ ਰੂਪ ਵਿਚ ਜਾਰੀ ਹੋਇਆ ਸੀ, ਜੋ ਉਨ੍ਹਾਂ ਨੇ ਤੱਤਕਾਲੀ ਵਾਇਸਰਾਏ ਦੀ ਪ੍ਰੀਸ਼ਦ ਦੇ ਸਿੱਖਿਆ ਮੈਂਬਰ ਵਜੋਂ ਆਪਣੇ 'ਮਿਨਟਸ' ਵਿਚ ਦਿੱਤਾ। ਉਸ ਰਿਪੋਰਟ ਵਿਚ ਮੈਕਾਲੇ ਦੀ ਕੋਸ਼ਿਸ਼ ਸੀ ਕਿ ਦੇਸ਼ ਨੂੰ ਵਿਗਿਆਨਿਕ ਸੋਚ ਤੋਂ ਜਾਣੂ ਕਰਵਾਇਆ ਜਾਵੇ ਅਤੇ ਲੋਕਾਂ ਨੂੰ ਆਧੁਨਿਕ ਵਿਕਾਸ ਦਾ ਲਾਭ ਮਿਲੇ।
ਇਹ ਗੱਲ ਸਹੀ ਹੈ ਕਿ ਭਾਸ਼ਣ ਦੇ ਅੰਸ਼ ਵਿਚ ਉਨ੍ਹਾਂ ਨੇ ਭਾਰਤੀ ਸੱਭਿਅਤਾ ਤੇ ਗਿਆਨ ਪ੍ਰਤੀ ਹਿਕਾਰਤ ਦਿਖਾਈ ਅਤੇ ਅੰਗਰੇਜ਼ੀ, ਸਾਇੰਸ ਪੜ੍ਹਾਏ ਜਾਣ ਦੀ ਵਕਾਲਤ ਕੀਤੀ ਪਰ ਅਜਿਹਾ ਕਹਿਣ ਲਈ ਉਨ੍ਹਾਂ ਨੇ ਅੰਕੜੇ ਵੀ ਦਿੱਤੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਸੈਂਕੜੇ ਨੌਜਵਾਨਾਂ ਦੇ ਸ਼ਿਕਾਇਤੀ ਪੱਤਰ ਆਏ ਹਨ ਕਿ ਸਰਕਾਰ ਤੋਂ ਮਿਲੇ ਵਜ਼ੀਫੇ ਨਾਲ ਉਹ ਸਿਰਫ ਸੰਸਕ੍ਰਿਤ ਜਾਂ ਅਰਬੀ ਦੀ ਪੜ੍ਹਾਈ ਕਰਕੇ ਆਪਣੀ ਜ਼ਿੰਦਗੀ ਦੇ 12 ਸਾਲ ਬਰਬਾਦ ਕਰ ਚੁੱਕੇ ਹਨ। ਉਨ੍ਹਾਂ ਨੂੰ ਨਾ ਤਾਂ ਆਪਣੇ ਪਿੰਡ ਵਿਚ ਇੱਜ਼ਤ ਮਿਲ ਸਕੀ ਤੇ ਨਾ ਹੀ ਪਿੰਡ ਤੋਂ ਬਾਹਰ ਕਿਤੇ ਨੌਕਰੀ। ਉਨ੍ਹਾਂ ਨੌਜਵਾਨਾਂ ਨੇ ਸਰਕਾਰ 'ਤੇ ਦੋਸ਼ ਲਾਇਆ ਕਿ ਇਸ ਵਜ਼ੀਫੇ ਨਾਲ ਹਾਸਿਲ ਕੀਤਾ ਗਿਆਨ ਉਨ੍ਹਾਂ ਦੇ ਕਿਸੇ ਵੀ ਕੰਮ ਦਾ ਨਹੀਂ ਹੈ।
ਮੈਕਾਲੇ ਨੇ ਪ੍ਰੀਸ਼ਦ ਦੇ ਮੈਂਬਰਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਪਿਛਲੇ 21 ਸਾਲਾਂ ਤੋਂ ਬ੍ਰਿਟਿਸ਼ ਸਰਕਾਰ ਹਰ ਸਾਲ 1 ਲੱਖ ਰੁਪਏ ਸਿੱਖਿਆ ਦੇ ਵਿਕਾਸ ਲਈ ਦਿੰਦੀ ਹੈ ਤੇ ਕਿਵੇਂ ਉਸ ਰਕਮ ਨਾਲ ਛਾਪੀਆਂ ਗਈਆਂ ਸੰਸਕ੍ਰਿਤ ਤੇ ਅਰਬੀ ਦੀਆਂ ਕਿਤਾਬਾਂ ਗੋਦਾਮਾਂ ਵਿਚ ਸੜ ਰਹੀਆਂ ਹਨ ਕਿਉਂਕਿ ਉਨ੍ਹਾਂ ਨੂੰ ਕੋਈ ਮੁਫਤ ਵਿਚ ਵੀ ਲੈਣ ਲਈ ਤਿਆਰ ਨਹੀਂ।
ਮੈਕਾਲੇ ਨੇ ਇਹ ਵੀ ਖੁਲਾਸਾ ਕੀਤਾ ਕਿ ਭਾਰਤੀ ਨੌਜਵਾਨਾਂ ਦਾ ਵੱਡਾ ਵਰਗ ਅੰਗਰੇਜ਼ੀ ਸਿੱਖਿਆ ਲਈ ਮਹਿੰਗੀ ਟਿਊਸ਼ਨ ਫੀਸ ਦੇਣ ਤੋਂ ਨਹੀਂ ਝਿਜਕਦਾ। ਇਹੋ ਵਜ੍ਹਾ ਹੈ ਕਿ ਮੈਕਾਲੇ ਗਰੀਬ ਨੌਜਵਾਨਾਂ ਨੂੰ ਅੰਗਰੇਜ਼ੀ ਤੇ ਸਾਇੰਸ ਦੀ ਸਿੱਖਿਆ ਦੇ ਕੇ ਉਨ੍ਹਾਂ ਨੂੰ ਰੋਜ਼ਗਾਰ ਹਾਸਿਲ ਕਰਨ ਦੇ ਸਮਰੱਥ ਬਣਾਉਣਾ ਚਾਹੁੰਦੇ ਸਨ।
ਇਸ ਦਾ ਇਕ ਹੋਰ ਮਕਸਦ ਵੀ ਸੀ ਕਿ ਇਸ ਤਰ੍ਹਾਂ ਸਿੱਖਿਅਤ ਨੌਜਵਾਨ ਭਾਰਤ ਦੇ ਲੋਕਾਂ ਅਤੇ ਬ੍ਰਿਟਿਸ਼ ਸਰਕਾਰ ਵਿਚਾਲੇ ਇਕ ਪੁਲ ਦਾ ਕੰਮ ਕਰਨਗੇ ਅਤੇ ਵਿਕਾਸ ਦੀ ਰਫਤਾਰ ਪ੍ਰਤੀ ਪਿੰਡ-ਪਿੰਡ ਚੇਤਨਾ ਜਗਾਉਣਗੇ ਪਰ ਅੱਜ ਮੈਕਾਲੇ ਦੀ ਆਤਮਾ ਸ਼ਾਇਦ ਆਪਣੇ ਪ੍ਰਤੀ ਹੋ ਰਹੀ ਬੇਇਨਸਾਫੀ ਨੂੰ ਦੇਖ ਕੇ ਕੁੜ੍ਹਦੀ ਹੋਵੇਗੀ।