ਚੰਨ ਨੂੰ ਲੱਗਦਾ ਜਾ ਰਿਹੈ ਜੰਗਾਲ! ਚੰਦਰਯਾਨ ਦੀ ਨਵੀਂ ਖੋਜ ਨੇ ਵਿਗਿਆਨੀ ਵੀ ਕਰ ਦਿੱਤੇ ਹੈਰਾਨ
Wednesday, Oct 15, 2025 - 01:22 PM (IST)

ਵੈੱਬ ਡੈਸਕ- ਚੰਨ ਨੂੰ ਜੰਗਾਲ ਲੱਗਣ ਨਾਲ ਜੁੜੀ ਇਕ ਨਵੀਂ ਖੋਜ ਨੇ ਵਿਗਿਆਨੀਆਂ ਨੂੰ ਹੈਰਾਨ ਕਰ ਦਿੱਤਾ ਹੈ। ਹਵਾ ਨਾ ਹੋਣ ਦੇ ਬਾਵਜੂਦ ਉੱਥੇ ਹੇਮੇਟਾਈਟ (Hematite) ਨਾਮਕ ਖਣਿਜ ਦੇ ਫੈਲ ਹੈ। ਹੇਮੇਟਾਈਟ ਲੋਹੇ 'ਤੇ ਲੱਗਣ ਵਾਲੀ ਜੰਗਾਲ ਵਰਗੀ ਹੁੰਦੀ ਹੈ, ਜਿਸ ਦੇ ਬਣਨ ਲਈ ਆਮ ਤੌਰ ‘ਤੇ ਪਾਣੀ ਅਤੇ ਆਕਸੀਜਨ ਦੀ ਲੋੜ ਹੁੰਦੀ ਹੈ। ਪਰ ਚੰਨ ‘ਤੇ ਇਹ ਸਮੱਗਰੀ ਘੱਟ ਹੈ, ਜਿਸ ਕਰਕੇ ਇਹ ਖੋਜ ਵਿਗਿਆਨੀਆਂ ਲਈ ਹੈਰਾਨੀ ਦਾ ਕਾਰਣ ਬਣੀ ਹੈ। ਨਾਸਾ ਮੁਤਾਬਕ ਜੰਗਾਲ ਉਦੋਂ ਬਣਦੀ ਹੈ, ਜਦੋਂ ਲੋਹਾ ਪਾਣੀ ਅਤੇ ਆਕਸੀਜਨ ਦੇ ਸੰਪਰਕ 'ਚ ਆਉਂਦਾ ਹੈ। ਸੋਧਕਰਤਾਵਾਂ ਨੇ ਚੰਨ ਦੀ ਸਤਿਹ 'ਤੇ ਖ਼ਾਸ ਤੌਰ 'ਤੇ ਧਰੁਵਾਂ ਕੋਲ ਹੇਮੇਟਾਈਟ ਨਾਂ ਦਾ ਆਇਰਨ ਆਕਸਾਈਡ (ਜੰਗਾਲ) ਪਾਇਆ। ਜੰਗਾਲ ਲੱਗਣ ਦੇ ਸੰਕੇਤ ਦੇਖ ਕੇ ਵਿਗਿਆਨੀ ਹੈਰਾਨ ਰਹਿ ਗਏ ਹਨ। ਇਸ ਪ੍ਰਕਿਰਿਆ 'ਚ ਆਮ ਤੌਰ 'ਤੇ ਆਕਸੀਜਨ ਤੇ ਪਾਣੀ ਦੀ ਲੋੜ ਹੁੰਦੀ ਹੈ, ਜੋ ਚੰਨ 'ਤੇ ਦੁਰਲੱਭ ਹੈ। ਅਜਿਹੇ 'ਚ ਸਵਾਲ ਇਹ ਹੈ ਕਿ ਜੰਗਾਲ ਕਿਵੇਂ ਲੱਗ ਰਿਹਾ ਹੈ।
ਭਾਰਤ ਦੇ ਚੰਦਰਯਾਨ ਮਿਸ਼ਨ ਨਾਲ ਸੰਬੰਧ
ਸਾਲ 2020 'ਚ ਵਿਗਿਆਨੀਆਂ ਨੇ ਮੰਨਿਆ ਸੀ ਕਿ ਭਾਰਤ ਦੇ ਚੰਦਰਯਾਨ-1 ਮਿਸ਼ਨ ਨੇ ਚੰਨ ਦੇ ਧਰੁਵਾਂ ਕੋਲ ਹੇਮੇਟਾਈਟ ਹੈ। ਭਾਰਤ ਦੇ ਚੰਦਰਯਾਨ ਮਿਸ਼ਨ ਨੇ ਚੰਨ ਤੋਂ ਅੰਕੜੇ ਜਮ੍ਹਾਂ ਕੀਤੇ, ਜਿਨ੍ਹਾਂ ਤੋਂ ਕਈ ਖੋਜਾਂ ਹੋਈਆਂ ਹਨ। ਇਨ੍ਹਾਂ 'ਚ ਚੰਨ ਦੀ ਸਤਹਿ 'ਤੇ ਪਾਣੀ ਦੇ ਅਣੂਆਂ ਦੇ ਸਬੂਤ ਸ਼ਾਮਲ ਹਨ। ਨਾਸਾ ਅਤੇ ਹਵਾਈ ਇੰਸਟੀਟਿਊਟ ਆਫ ਜਿਓਫਿਜ਼ਿਕਸ ਐਂਡ ਪਲੈਨੇਟੋਲੋਜੀ ਦੇ ਵਿਗਿਆਨੀਆਂ ਨੇ ਹੇਮੇਟਾਈਟ ਦੇ ਸੰਕੇਤ ਵੇਖੇ ਹਨ।
ਚੰਨ ‘ਤੇ ਜੰਗਾਲ ਕਿਵੇਂ ਬਣ ਰਹੀ ਹੈ?
ਚੰਨ ਦੀ ਸਤਿਹ ‘ਤੇ ਲੋਹੇ-ਧਨੀ ਚੱਟਾਨਾਂ ਬਹੁਤ ਹਨ, ਪਰ ਜੰਗਾਲ ਉਦੋਂ ਹੀ ਬਣਦੀ ਹੈ ਜਦੋਂ ਲੋਹਾ ਆਕਸੀਜਨ ਅਤੇ ਪਾਣੀ ਨਾਲ ਸੰਪਰਕ 'ਚ ਆਵੇ। ਵਿਗਿਆਨੀਆਂ ਦਾ ਮੰਨਣਾ ਹੈ ਕਿ ਹੇਮੇਟਾਈਟ ਦਾ ਬਣਨਾ ਧਰਤੀ ਦੀ ਚੁੰਬਕੀ ਪੂਛ (magnetotail) ਦੇ ਸੰਪਰਕ ਨਾਲ ਹੋ ਰਿਹਾ ਹੈ। ਇਹ ਪੂਛ ਉਨ੍ਹਾਂ ਕਣਾਂ ਨਾਲ ਬਣੀ ਹੈ, ਜੋ ਪਹਿਲਾਂ ਧਰਤੀ ਦੇ ਚੁੰਬਕੀ ਖੇਤਰ 'ਚ ਫਸ ਜਾਂਦੇ ਹਨ ਅਤੇ ਫਿਰ ਸੂਰਜੀ ਹਵਾਵਾਂ ਨਾਲ ਬਾਹਰ ਧੱਕ ਦਿੱਤੇ ਜਾਂਦੇ ਹਨ। 28 ਦਿਨਾਂ ਦੇ ਚੰਦਰ ਚੱਕਰ 'ਚ 6 ਦਿਨਾਂ ਤੱਕ ਪੂਰਨਿਮਾ ਦੌਰਾਨ ਚੰਨ ਇਸ ਚੁੰਬਕੀ ਪੂਛ ਤੋਂ ਲੰਘਦਾ ਹੈ। ਇਸ ਸਮੇਂ ਧਰਤੀ ਤੋਂ ਆਕਸੀਜਨ ਦੇ ਕੁਝ ਅਣੂ ਚੰਨ ਤੱਕ ਪਹੁੰਚ ਸਕਦੇ ਹਨ, ਜੋ ਹੇਮੇਟਾਈਟ ਦੇ ਬਣਨ 'ਚ ਯੋਗਦਾਨ ਕਰਦੇ ਹਨ।
ਪਾਣੀ ਦੀ ਭੂਮਿਕਾ
ਚੰਨ ‘ਤੇ ਪਾਣੀ ਮੌਜੂਦ ਹੈ, ਪਰ ਸਿਰਫ਼ ਧਰੁਵਾਂ 'ਤੇ ਬਰਫ਼ ਦੇ ਰੂਪ 'ਚ। ਵਿਗਿਆਨੀਆਂ ਦਾ ਮੰਨਣਾ ਹੈ ਕਿ ਹੇਮੇਟਾਈਟ ਦਾ ਨਿਰਮਾਣ ਉਨ੍ਹਾਂ ਧਰੁਵੀ ਖੇਤਰਾਂ 'ਚ ਹੋਇਆ ਹੋਵੇਗਾ ਅਤੇ ਬਾਅਦ 'ਚ ਕਿਸੇ ਅਣਜਾਣ ਪ੍ਰਕਿਰਿਆ ਨਾਲ ਇਹ ਸਤਿਹ 'ਤੇ ਫੈਲ ਗਿਆ ਹੋਵੇਗਾ।
ਪ੍ਰਯੋਗਸ਼ਾਲਾ ਦੇ ਨਤੀਜੇ
ਜਿਲੀਅੰਗ ਅਤੇ ਟੀਮ ਨੇ ਲੈਬ 'ਚ ਚੰਨ ਦੇ ਖਣਿਜ ਕ੍ਰਿਸਟਲਾਂ ‘ਤੇ ਹਾਈਡ੍ਰੋਜਨ ਅਤੇ ਆਕਸੀਜਨ ਆਇਨਜ਼ ਨੂੰ ਤੇਜ਼ੀ ਗਤੀ ਨਾਲ ਲਾਂਚ ਕੀਤਾ। ਇਸ 'ਤੇ ਕੁਝ ਕ੍ਰਿਸਟਲ ਆਕਸੀਜਨ ਆਇਨਾਂ ਨਾਲ ਟਕਰਾਉਣ 'ਤੇ ਹੇਮੇਟਾਈਟ 'ਚ ਬਦਲ ਗਏ। ਜਦੋਂ ਹਾਈਡ੍ਰੋਜਨ ਆਇਨ ਹੇਮੇਟਾਈਟ ਨਾਲ ਟਕਰਾਏ ਤਾਂ ਉਨ੍ਹਾਂ ਤੋਂ ਕੁਝ ਵਾਪਸ ਲੋਹੇ 'ਚ ਬਦਲ ਗਏ। ਇਸ ਤਰ੍ਹਾਂ, ਨਵੀਂ ਖੋਜ ਨੇ ਦਿਖਾਇਆ ਕਿ ਧਰਤੀ ਦੀ ਚੁੰਬਕੀ ਪੂਛ ਅਤੇ ਸੌਰ ਹਵਾਵਾਂ ਚੰਨ ‘ਤੇ ਜੰਗਾਲ ਦੇ ਬਣਨ 'ਚ ਮਦਦਗਾਰ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8