''ਭਾਰਤ ਜੋੜੇ ਯਾਤਰਾ'' ਦਾ ਪੰਜਾਬ ''ਤ ਪੈ ਰਿਹੈ ਬਹੁਤ ਵੱਡਾ ਪ੍ਰਭਾਵ : ਰਾਜਾ ਵੜਿੰਗ
Friday, Feb 17, 2023 - 01:00 PM (IST)
ਸੰਗਰੂਰ (ਵਿਵੇਕ ਸਿੰਧਵਾਨੀ, ਯਾਦਵਿੰਦਰ) : ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਕੇਂਦਰ ਦੇ ਪੈਸੇ ਨਾਲ ਮਾਨ ਸਰਕਾਰ ਆਮ ਆਦਮੀ ਕਲੀਨਿਕ ਖੋਲ੍ਹ ਰਹੀ ਹੈ ਜਦਕਿ ਅਸਲ ’ਚ ਸੱਚਾਈ ਇਹ ਹੈ ਕਿ ਕੇਂਦਰ ਜਾਂ ਸੂਬਾ ਸਰਕਾਰਾਂ ਕੋਲ ਆਪਣਾ ਕੋਈ ਪੈਸਾ ਨਹੀਂ ਹੈ ਇਹ ਸਾਰਾ ਲੋਕਾਂ ਦਾ ਪੈਸਾ ਹੈ। ਕੇਂਦਰ ਕੋਲ ਸੂਬਿਆਂ ਤੋਂ ਜਿਹੜਾ ਪੈਸਾ ਜਾਂਦਾ ਹੈ, ਉਹ ਸੰਵਿਧਾਨਿਕ ਤਰੀਕੇ ਨਾਲ ਜਾਂਦਾ ਹੈ ਅਤੇ ਕੇਂਦਰ ਨੂੰ ਵੀ ਉਹ ਪੈਸਾ ਸੂਬੇ ’ਤੇ ਖ਼ਰਚਣਾ ਹੁੰਦਾ ਹੈ।
ਇਹ ਵੀ ਪੜ੍ਹੋ- ਸੁਨਾਮ 'ਚ ਦਿਲ ਕੰਬਾਉਣ ਵਾਲੀ ਵਾਰਦਾਤ, ਮਾਮੂਲੀ ਤਕਰਾਰ ਮਗਰੋਂ ਦੋਸਤ ਵਲੋਂ ਦੋਸਤ ਦਾ ਗੋਲ਼ੀਆਂ ਮਾਰ ਕੇ ਕਤਲ
ਗੱਲਬਾਤ ਕਰਦਿਆਂ ਵੜਿੰਗ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਮਾਨ ਸਰਕਾਰ ਵੱਲੋਂ ਜਿਹੜੇ ਕਸਬਿਆਂ ਦੇ ਪਿੰਡਾਂ ’ਚ ਛੋਟੇ ਕਲੀਨਿਕ ਖੋਲ੍ਹੇ ਜਾ ਰਹੇ ਹਨ, ਉਨ੍ਹਾਂ ਦੀ ਥਾਂ ਜ਼ਿਲ੍ਹੇ ਦੇ ਵੱਡੇ ਹਸਪਤਾਲ ਦੀ ਦਸ਼ਾ ਸੁਧਾਰਨੀ ਚਾਹੀਦੀ ਹੈ। ਜ਼ਿਲ੍ਹੇ ਦੇ ਹਸਪਤਾਲ ਨੂੰ ਵੱਡੇ ਹਸਪਤਾਲਾਂ ਦੇ ਬਰਾਬਰ ਬਣਾਉਣਾ ਚਾਹੀਦਾ ਹੈ। ਮਾਨ ਸਰਕਾਰ ਵੱਲੋਂ ਜਿਹੜੇ 16-16 ਲੱਖ ਇਨ੍ਹਾਂ ਕਲੀਨਿਕਾਂ ’ਤੇ ਲਾਏ ਜਾ ਰਹੇ ਹਨ, ਉਹ ਵਿਅਰਥ ਜਾ ਰਹੇ ਹਨ। ਜੇਕਰ ਜ਼ਿਲ੍ਹੇ ’ਚ ਇਕ ਆਧੁਨਿਕ ਸਹੂਲਤਾਂ ਨਾਲ ਲੈਸ ਵੱਡਾ ਹਸਪਤਾਲ ਹੋਵੇਗਾ ਤਾਂ ਨੇੜੇ-ਤੇੜੇ ਦੇ 40 ਪਿੰਡਾਂ ਨੂੰ ਇਸ ਦਾ ਫਾਇਦਾ ਹੋਵੇਗਾ।
ਇਹ ਵੀ ਪੜ੍ਹੋ- ਸਹੁਰਿਆਂ ਦਾ ਤਸ਼ੱਦਦ ਨਾ ਸਹਾਰ ਸਕੀ ਚਾਵਾਂ ਨਾਲ ਵਿਆਹੀ ਧੀ, ਨਿੱਤ ਦੇ ਕਲੇਸ਼ ਤੋਂ ਦੁਖ਼ੀ ਨੇ ਚੁੱਕਿਆ ਖ਼ੌਫਨਾਕ ਕਦਮ
ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ, ਬਲਾਕ ਪ੍ਰਧਾਨਾਂ ਤੇ ਹਲਕਾ ਆਬਜ਼ਰਵਰਾਂ ਦੀ ਰੱਖੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਅਗਵਾਈ ’ਚ ‘ਭਾਰਤ ਜੋੜੋ ਯਾਤਰਾ’ ਦਾ ਪੰਜਾਬ ’ਚ ਬਹੁਤ ਵੱਡਾ ਪ੍ਰਭਾਵ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਕਾਂਗਰਸ ਵੱਲੋਂ ‘ਹੱਥ ਨਾਲ ਹੱਥ ਜੋੜੋ’ ਮੁਹਿੰਮ ਤਹਿਤ ਜ਼ਿਲ੍ਹੇ ਦੇ ਹਰੇਕ ਹਲਕੇ ਦੇ ਹਰੇਕ ਪਿੰਡ ਤੇ ਕਸਬੇ ’ਚ ਜਾਵਾਂਗੇ ਅਤੇ ਲੋਕਾਂ ਨੂੰ ਕਾਂਗਰਸ ਪਾਰਟੀ ਦੀਆਂ ਨੀਤੀਆਂ ਬਾਰੇ ਦੱਸਿਆ ਜਾਵੇਗਾ। ਕਾਂਗਰਸ ਦੀ ਇਹ ਮੁਹਿੰਮ ਅਗਲੇ ਤਿੰਨ ਚਾਰ ਦਿਨਾਂ ਵਿੱਚ ਆਰੰਭ ਹੋ ਰਹੀ ਹੈ ਅਤੇ 1 ਮਹੀਨੇ ਵਿੱਚ ਮੁਹਿੰਮ ਪੂਰੀ ਤਰ੍ਹਾਂ ਨੇਪਰੇ ਚੜ੍ਹ ਜਾਵੇਗੀ। ਇਸ ਮੁਹਿੰਮ ’ਚ ਪ੍ਰਤਾਪ ਸਿੰਘ ਬਾਜਵਾ, ਉਹ ਖ਼ੁਦ ਅਤੇ ਸਾਰੇ ਸੀਨੀਅਰ ਕਾਂਗਰਸੀਆਂ ਤੋਂ ਇਲਾਵਾ ਜ਼ਿਲੇ ਅਤੇ ਬਲਾਕ ਦੇ ਕਾਂਗਰਸੀ ਆਗੂ ਸ਼ਾਮਲ ਹੋਣਗੇ। ਇਸ ਮੌਕੇ ਜ਼ਿਲਾ ਪ੍ਰਧਾਨ ਗੋਲਡੀ ਖੰਗੂੜਾ ਵੀ ਮੌਜੂਦ ਸਨ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
