ਸਾਬਕਾ ਫੌਜੀ ਦੀ ਸੋਸ਼ਲ ਮੀਡੀਆ ਪੋਸਟ ''ਤੇ ਭੜਕੀ ਪਿੰਡ ਦੀ ਸਰਪੰਚ, ਘਰ ਆ ਕੇ ਦਿੱਤੀਆਂ ਧਮਕੀਆਂ
Monday, Sep 05, 2022 - 03:57 PM (IST)
ਦਿੜ੍ਹਬਾ ਮੰਡੀ(ਅਜੈ) : ਪੰਜਾਬ ਸਰਕਾਰ ਦੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪੰਚਾਇਤੀ ਦੀ ਚੋਣ ਜਿੱਤਣ ਵਾਲੀ ਔਰਤ ਸਰਪੰਚ ਜਾਂ ਪੰਚ ਦੀ ਥਾਂ ’ਤੇ ਘਰ ਦੇ ਕਿਸੇ ਹੋਰ ਮੈਂਬਰ ਦੇ ਕੰਮ ਕਰਨ ਦੇ ਖ਼ਿਲਾਫ਼ ਲਏ ਸਖ਼ਤ ਸਟੈਂਡ ਤੇ ਪਿੰਡ ਖਨਾਲ ਕਲਾਂ ਦੀ ਸਰਪੰਚ ਨੇ ਪਿੰਡ ਵਿਚ ਨਵਾਂ ਬਵਾਲ ਖੜਾ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਪਿੰਡ ਖਨਾਲ ਕਲਾਂ ਦੇ ਇਕ ਸਾਬਕਾ ਫੌਜੀ ਨੇ ਸੋਸ਼ਲ ਮੀਡੀਆ ’ਤੇ ਇਹ ਪੋਸਟ ਪਾ ਦਿੱਤੀ ਕਿ ਹੁਣ ਸਰਪੰਚ ਦਾ ਘਰਵਾਲਾ ਜਾਂ ਕੋਈ ਹੋਰ ਰਿਸ਼ਤੇਦਾਰ ਉਸ ਦੀ ਮੀਟਿੰਗ ਜਾਂ ਕਿਸੇ ਹੋਰ ਕੰਮ ਵਿਚ ਹਿੱਸਾ ਨਹੀਂ ਲੈਣਗੇ।
ਇਹ ਵੀ ਪੜ੍ਹੋ- ਬਠਿੰਡਾ ਜੇਲ੍ਹ ’ਚ ਬੰਦ ਖ਼ਤਰਨਾਕ ਗੈਂਗਸਟਰ ਸਾਰਜ ਸੰਧੂ ਦਾ ਨਵਾਂ ਕਾਰਨਾਮਾ ਆਇਆ ਸਾਹਮਣੇ, ਪੁਲਸ ਨੂੰ ਪਈਆਂ ਭਾਜੜਾਂ
ਸਾਬਕਾ ਫੌਜੀ ਗੁਰਪ੍ਰੀਤ ਸਿੰਘ ਨੇ ਦੱਸਿਆਂ ਕਿ ਇਸ ਗੱਲ ਤੋਂ ਗੁੱਸੇ ਹੋ ਕੇ ਪਿੰਡ ਦੀ ਸਰਪੰਚ ਗੁਰਸ਼ਰਨ ਕੌਰ ਨੇ ਪਹਿਲਾਂ ਉਸ ਨੂੰ ਫੋਨ ਕਰ ਕੇ ਧਮਕਾਇਆ ਅਤੇ ਇਸ ਤੋਂ ਬਾਅਦ ਆਪਣੇ ਪਤੀ, ਪੁੱਤਰ ਤੇ ਕੁਝ ਅਣਪਛਾਤੇ ਵਿਅਕਤੀਆਂ ਨੂੰ ਨਾਲ ਲੈ ਕੇ ਉਸ ਦੇ ਘਰ ਆ ਕੇ ਉਸ ਦੀ ਪਤਨੀ ਗੁਰਪ੍ਰੀਤ ਕੌਰ ਨੂੰ ਡਰਾਇਆ ਅਤੇ ਧਮਕਾਇਆ ਹੈ। ਜਿਸ ਤੋਂ ਬਾਅਦ ਗੁਰਪ੍ਰੀਤ ਕੌਰ ਨੇ ਆਪਣੇ ਪਤੀ ਨੂੰ ਨਾਲ ਲੈ ਕੇ ਥਾਣਾ ਦਿੜ੍ਹਬਾ ਵਿਖੇ ਸਰਪੰਚ ਗੁਰਸ਼ਰਨ ਕੌਰ ਖ਼ਿਲਾਫ਼ ਘਰ ਆ ਕੇ ਹਮਲਾ ਕਰਨ ਅਤੇ ਧਮਕਾਉਣ ਦੀ ਸ਼ਿਕਾਇਤ ਦਰਜ ਕਰਵਾਈ ਹੈ।
ਇਹ ਵੀ ਪੜ੍ਹੋ- ਬੇਅਦਬੀ ਕਾਂਡ 'ਚ ਡੇਰਾ ਸੱਚਾ ਸੌਦਾ ਵੱਲੋਂ ਦਾਇਰ ਅਰਜ਼ੀ 'ਤੇ ਅਦਾਲਤ ਨੇ ਪੰਜਾਬ ਸਰਕਾਰ ਤੋਂ ਮੰਗਿਆ ਲਿਖਤੀ ਜਵਾਬ
ਥਾਣਾ ਦਿੜ੍ਹਬਾ ਦੇ ਐੱਸ. ਐੱਚ.ਓ. ਇੰਸਪੈਕਟਰ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਕੌਰ ਦੇ ਬਿਆਨਾਂ ’ਤੇ ਸਰਪੰਚ ਗੁਰਸ਼ਰਨ ਕੌਰ, ਉਸ ਦੇ ਪਤੀ, ਪੁੱਤਰ ਸਮੇਤ 2-3 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਦੋਂ ਇਸ ਮਾਮਲੇ ਸਬੰਧੀ ਸਰਪੰਚ ਗੁਰਸ਼ਰਨ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਪਣੇ ਉਪਰ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਸ ਨੇ ਕੋਈ ਝਗੜੇ ਵਾਲੀ ਕੋਈ ਗੱਲ ਨਹੀਂ ਕੀਤੀ, ਉਸ ’ਤੇ ਲਗਾਏ ਜਾ ਰਹੇ ਸਾਰੇ ਹੀ ਦੋਸ਼ ਝੂਠੇ ਤੇ ਬੇਬੁਨਿਆਦ ਹਨ ਜਦਕਿ ਉਕਤ ਵਿਅਕਤੀ ਇਕੋ ਪੋਸਟ ਨੂੰ ਵਾਰ-ਵਾਰ ਪਿੰਡ ਦੇ ਬਣਾਏ ਵਟਸਐੱਪ ਗਰੁੱਪਾਂ ਵਿਚ ਪਾ ਕੇ ਜਲੀਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।