‘ਮਾਂ ਬੋਲੀ’ ਪੰਜਾਬੀ ਦਿਹਾਡ਼ਾ ਮਨਾਇਆ
Thursday, Dec 06, 2018 - 12:54 PM (IST)

ਸੰਗਰੂਰ (ਰਾਕੇਸ਼) - ਮੀਰੀ-ਪੀਰੀ ਖ਼ਾਲਸਾ ਕਾਲਜ, ਭਦੌਡ਼ ਵਿਖੇ ਆਧੁਨਿਕ ਪੰਜਾਬੀ ਸਾਹਿਤ ਦੇ ਮੋਢੀ ਭਾਈ ਵੀਰ ਸਿੰਘ ਜੀ ਦੇ ਜਨਮ ਦਿਨ ਮੌਕੇ ‘ਪੰਜਾਬੀ ਬੋਲੀ’ ਦਿਹਾਡ਼ਾ ਮਨਾਇਆ ਗਿਆ। ਕਾਲਜ ਦੇ ਪ੍ਰਿੰਸੀਪਲ ਮਲਵਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਹੋਏ ਇਸ ਸਮਾਗਮ ’ਚ ‘ਮਾਂ ਬੋਲੀ’ ਪੰਜਾਬੀ ਦੀ ਮਹੱਤਤਾ ਵਿਸ਼ੇ ’ਤੇ ਲੇਖ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ’ਚ ਬਲਜਿੰਦਰ ਸਿੰਘ ਨੇ ਪਹਿਲਾ, ਜਸਮੀਤ ਕੌਰ ਨੇ ਦੂਜਾ ਅਤੇ ਮਨਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪੰਜਾਬੀ ਵਿਭਾਗ ਦੇ ਮੁਖੀ ਚਰਨਦੀਪ ਸਿੰਘ ਨੇ ਵਿਦਿਆਰਥੀਆਂ ਨਾਲ ਪੰਜਾਬੀ ਸ਼ਬਦ ਜੋਡ਼ਾਂ ਦੀ ਵਰਤੋਂ ਸਬੰਧੀ ਚਰਚਾ ਕਰਦਿਆਂ ਆਪਣੇ ਵਿਸ਼ੇਸ਼ ਭਾਸ਼ਣ ਵਿਚ ਕਿਹਾ ਕਿ ਬੇਸ਼ੱਕ ਅਜੋਕੇ ਸਮੇਂ ਵਿਚ ਪੰਜਾਬੀ ਬੋਲੀ ਬਹੁਤ ਸਾਰੀਆਂ ਵਿਰੋਧੀ ਪ੍ਰਸਥਿਤੀਆਂ ਵਿਚ ਘਿਰੀ ਹੋਈ ਹੈ ਪਰ ਇਸ ਨੂੂੰ ਬੋਲਣ ਵਾਲੇ ਵਿਸ਼ਵ ਦੇ ਲਗਭਗ ਸਾਰੇ ਪ੍ਰਮੁੱਖ ਦੇਸ਼ਾਂ ਵਿਚ ਫੈਲੇ ਹੋਏ ਹਨ। ਜਿਨ੍ਹਾਂ ਦੇਸ਼ਾਂ ਨੇ ਵੀ ਸਿਖਿਆ ਦੇ ਮਾਧਿਅਮ ਵਜੋਂ ਆਪਣੀ ਮਾਤ ਭਾਸ਼ਾ ਨੂੰ ਅਪਣਾਇਆ ਹੈ, ਉਨ੍ਹਾਂ ਨੇ ਹਮੇਸ਼ਾ ਹੀ ਤਰੱਕੀ ਕੀਤੀ ਹੈ। ਉਨ੍ਹਾਂ ਨੇ ਚੀਨ ਅਤੇ ਜਾਪਾਨ ਜਿਹੇ ਦੇਸ਼ਾਂ ਦੀ ਉਦਾਹਰਨ ਦੇ ਕੇ ਦੱਸਿਆ ਕਿ ਇਨ੍ਹਾਂ ਦੇਸ਼ਾਂ ਦੀ ਤਰੱਕੀ ਦਾ ਮੁੱਖ ਕਾਰਨ ਉਨ੍ਹਾਂ ਦੁਆਰਾ ਕੀਤੀ ਜਾਂਦੀ ਮਾਤ ਭਾਸ਼ਾ ਦੀ ਵਰਤੋਂ ਹੀ ਹੈ। ਇਸ ਸਮੇਂ ਮੰਚ ਸੰਚਾਲਨ ਦੀ ਭੂਮਿਕਾ ਡਾ. ਜਸਮੀਤ ਸਿੰਘ ਨੇ ਨਿਭਾਈ। ਇਸ ਮੌਕੇ ਪ੍ਰੋ. ਰਮਨਦੀਪ ਕੌਰ, ਪ੍ਰੋ. ਮਨਿੰਦਰ ਕੌਰ, ਪ੍ਰੋ. ਕਰਮਜੀਤ ਕੌਰ, ਪ੍ਰੋ. ਪ੍ਰਭਸਿਮਰਨ ਕੌਰ, ਪ੍ਰੋ. ਪ੍ਰਗਟ ਸਿੰਘ, ਪ੍ਰੋ. ਦਰਸ਼ਨ ਕੁਮਾਰ, ਪ੍ਰੋ. ਸੁਖਪਾਲ ਸਿੰਘ, ਪ੍ਰੋ. ਸੁਖਰਾਜ ਕੌਰ, ਪ੍ਰੋ. ਵੀਰਪਾਲ ਕੌਰ ਅਤੇ ਪ੍ਰੋ.ਮਨਜਿੰਦਰ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸੀ।