ਮੁਅੱਤਲੀਆਂ ਤੋਂ ਭਡ਼ਕੇ ਅਧਿਆਪਕਾਂ ਘੇਰਿਆ ਬੀ. ਪੀ. ਓ. ਦਫ਼ਤਰ

Tuesday, Feb 26, 2019 - 10:05 AM (IST)

ਮੁਅੱਤਲੀਆਂ ਤੋਂ ਭਡ਼ਕੇ ਅਧਿਆਪਕਾਂ ਘੇਰਿਆ ਬੀ. ਪੀ. ਓ. ਦਫ਼ਤਰ

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਅਧਿਆਪਕਾਂ ਨੂੰ ਮੁੱਖ ਮੰਤਰੀ ਵੱਲੋਂ ਲਗਾਤਾਰ ਅਣਗੌਲਿਆ ਕਰਨ ਦੇ ਰੋਸ ਕਾਰਨ ਅਧਿਆਪਕ ਸੰਘਰਸ਼ ਕਮੇਟੀ ਵੱਲੋਂ ਸਰਕਾਰੀ ਸਕੂਲਾਂ ’ਚ ਚੱਲ ਰਹੇ ਗੈਰ-ਵਿੱਦਿਅਕ ਪ੍ਰਾਜੈਕਟ ‘ਪਡ਼੍ਹੋ ਪੰਜਾਬ’ ਦਾ ਬਾਈਕਾਟ ਕਰਨ ਦੇ ਕਾਰਨ ਬੀ. ਪੀ. ਓ. ਲਛਮਣ ਸਿੰਘ(ਬਲਾਕ ਮਹਿਲ ਕਲਾਂ ਤੇ ਬਰਨਾਲਾ) ਵੱਲੋਂ ਸਪ੍ਰਸ ਚੰਨਣਵਾਲ ਦੇ ਸਿੱਖਿਆ ਪ੍ਰੋਵਾਈਡਰ ਰਮਨਦੀਪ ਰਾਣੀ ਤੇ ਈ. ਜੀ. ਐੱਸ. ਵਲੰਟੀਅਰ ਰਾਜਵੰਤ ਕੌਰ, ਸਪ੍ਰਸ ਸੰਧੂ ਪੱਤੀ ਦੇ ਈ. ਟੀ. ਟੀ.ਅਧਿਆਪਕਾ ਰੇਖਾ ਰਾਣੀ, ਸਪ੍ਰਸ ਹਰੀਗਡ਼੍ਹ ਦੇ ਸੀ. ਐੱਚ.ਟੀ.ਕਰਨੈਲ ਸਿੰਘ, ਸਪ੍ਰਸ ਹੋਸਟਲ ਬਰਨਾਲਾ ਦੇ ਸੀ. ਐੱਚ. ਟੀ. ਮੈਡਮ ਭੁਪਿੰਦਰ ਕੌਰ ਨੂੰ ਮੁਅੱਤਲ ਕਰਨ ਅਤੇ ਬਲਾਕ ਸ਼ਹਿਣਾ ਦੇ ਬੀ.ਪੀ.ਓ.ਕਰਮਜੀਤ ਸਿੰਘ ਦੁਆਰਾ ਸਪ੍ਰਸ ਚੀਮਾ ਦੇ ਸੀ. ਐੱਚ. ਟੀ. ਚੰਨਣ ਸਿੰਘ ਤੇ ਈ. ਟੀ. ਟੀ. ਅਧਿਆਪਕ ਹਰਵਿੰਦਰ ਸਿੰਘ ਨੂੰ ਮੁਅੱਤਲ ਕਰਨ ਤੋਂ ਭਡ਼ਕੇ ਅਧਿਆਪਕਾਂ ਨੇ ਬੀ. ਪੀ. ਓ. ਬਰਨਾਲਾ ਦਾ ਘਿਰਾਓ ਕੀਤਾ ਤੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬੋਲਦਿਆਂ ਅਧਿਆਪਕ ਸੰਘਰਸ਼ ਕਮੇਟੀ ਆਗੂ ਹਰਵਿੰਦਰ ਸਿੰਘ, ਸੁਰਿੰਦਰ ਕੁਮਾਰ, ਨਰਿੰਦਰ ਸ਼ਹਿਣਾ, ਗੁਰਮੇਲ ਭੁਟਾਲ, ਕੀਰਤਨ ਤੇ ਨਿਰਮਲ ਚੁੰਹਾਣਕੇ ਤੇ ਸਿਕੰਦਰ ਸਿੰਘ ਨੇ ਕਿਹਾ ਕਿ ਇਕ ਪਾਸੇ ਸਰਕਾਰ ਅਧਿਆਪਕਾਂ ਤੇ ਸਕੂਲਾਂ ’ਤੇ ਬਜਟ ਖਰਚ ’ਤੇ ਹੱਥ ਖਿੱਚ ਰਹੀ ਹੈ ਤੇ ਦੂਜੇ ਪਾਸੇ ਪਡ਼੍ਹੋ ਪੰਜਾਬ ਦੇ ਅਖੌਤੀ ਪ੍ਰਾਜੈਕਟ ’ਚ ਸਰਕਾਰ ਫਾਲਤੂ ਦਾ ਪੈਸਾ ਵਹਾ ਰਹੀ ਹੈ ਤੇ ਸਕੂਲਾਂ ’ਚ ਅਧਿਆਪਕਾਂ ਦੀ ਘਾਟ ਦੇ ਬਾਵਜੂਦ ਸੈਂਕਡ਼ੇ ਅਧਿਆਪਕਾਂ ਨੂੰ ਸਕੂਲਾਂ ’ਚੋਂ ਬਾਹਰ ਕੱਢ ਕੇ ਗਰੀਬ ਬੱਚਿਆਂ ਕੋਲੋਂ ਪਡ਼੍ਹਾਈ ਦਾ ਹੱਕ ਖੋ ਰਹੀ ਹੈ ਤੇ ਵਿਦਿਆਰਥੀਆਂ ਨੂੰ ਮੁੱਢਲੀਆਂ ਸਹੂਲਤਾਂ ਕਿਤਾਬਾਂ, ਵਰਦੀਆਂ, ਵਜ਼ੀਫ਼ੇ ਤੇ ਸਕੂਲਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਦੀ ਬਜਾਏ ਸਕੂਲਾਂ ਨੂੰ ਨਿੱਜੀ ਹੱਥਾਂ ’ਚ ਦੇਣ ਲਈ ਪੱਬਾਂ ਭਾਰ ਹੈ ਪਰ ਪੰਜਾਬ ਦੇ ਅਧਿਆਪਕਾਂ ਦੀ ਬਣੀ ਲਹਿਰ ਸਰਕਾਰ ਨੂੰ ਇਸ ਮਨਸੂਬੇ ’ਚ ਕਾਮਯਾਬ ਨਹੀਂ ਹੋਣ ਦੇਵੇਗੀ।

ਇਸ ਮੌਕੇ ਆਗੂ ਜਤਿੰਦਰ ਮਹਿਤਾ, ਪਰਮਿੰਦਰ ਰੁਪਾਲ, ਜਸਵੀਰ ਬੀਹਲਾ, ਸੋਨਦੀਪ ਟੱਲੇਵਾਲ, ਜਸਵਿੰਦਰ ਮਾਹਲ, ਲਖਵੀਰ ਠੁੱਲੀਵਾਲ, ਕੁਲਦੀਪ ਭਦੌਡ਼ ਤੇ ਅਮਰਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ’ਤੇ ਅਧਿਆਪਕਾਂ ਦੇ ਮਸਲੇ ਹੱਲ ਕਰਨ ਦੀ ਬਜਾਇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੁਆਰਾ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਮਿਹਨਤ ਨਾਲ ਪਡ਼੍ਹਾਈ ਕਰਾ ਰਹੇ ਅਧਿਆਪਕਾਂ ਦੇ ਅਕਸ ਨੂੰ ਲੋਕਾਂ ’ਚ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਪੰਜਾਬ ਦੇ ਸਮੁੱਚੇ ਅਧਿਆਪਕ ਹੁਣ ਸਰਕਾਰ ਦੇ ਇਸ ਜਬਰ ਤੇ ਸਿੱਖਿਆ ਦਾ ਨਿੱਜੀਕਰਨ ਕਰਨ ਦੇ ਖਿਲਾਫ਼ ਪੰਜਾਬ ਦੇ ਸਮੁੱਚੇ ਅਧਿਆਪਕ ਇਕਜੁੱਟ ਹੋ ਗਏ ਹਨ, ਜਿਨ੍ਹਾਂ ਨਾਲ ਪੰਜਾਬ ਦੇ ਸਮੁੱਚੇ ਮੁਲਾਜ਼ਮ, ਮਜ਼ਦੂਰ, ਕਿਸਾਨ, ਵਿਦਿਆਰਥੀ, ਮਾਪੇ ਤੇ ਮੁਲਾਜ਼ਮ ਫੈੱਡਰੇਸ਼ਨਾਂ ਅਧਿਆਪਕਾਂ ਦੇ ਸੰਘਰਸ਼ ’ਚ ਮੋਢੇ ਨਾਲ ਮੋਢਾ ਲਾ ਕੇ ਖਡ਼੍ਹੀਆਂ ਹਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਬਲਜਿੰਦਰ ਪ੍ਰਭੂ, ਜਸਪ੍ਰੀਤ, ਹਰਿੰਦਰ ਮੱਲ੍ਹੀਆਂ, ਬੂਟਾ ਸਿੰਘ, ਸੁਰਜੀਤ ਪਮਾਰ, ਅਮਨ ਭੋਤਨਾ, ਸੁਰਿੰਦਰ ਸ਼ਰਮਾ, ਨਿਰਪਜੀਤ ਜਵੰਧਾ, ਗੁਰਦੀਪ ਬਾਠ, ਨਿਰਮਲ ਜਾਗਲ, ਬ੍ਰਿਜ ਭੂਸ਼ਨ, ਮਲਕੀਤ ਸਿੰਘ, ਮੇਵਾ ਸਿੰਘ, ਬਲੌਰ ਛੰਨਾਂ, ਸੁਖਵਿੰਦਰ ਕੌਰ, ਰੁਪਿੰਦਰ ਕੌਰ, ਰਾਜਵੰਤ ਕੌਰ, ਰਮਨਦੀਪ ਰਾਣੀ, ਰੇਖਾ ਰਾਣੀ ਆਦਿ ਵੱਡੀ ਗਿਣਤੀ ’ਚ ਅਧਿਆਪਕ, ਮੁਲਾਜ਼ਮ, ਕਿਸਾਨ, ਮਾਪੇ ਤੇ ਸਕੂਲ ਮੈਨੇਜਮੈਂਟ ਕਮੇਟੀਆਂ ਦੇ ਮੈਂਬਰ ਤੇ ਪੰਚਾਇਤਾਂ ਹਾਜ਼ਰ ਸਨ। ਅੰਤ ’ਚ ਅਧਿਆਪਕਾਂ ਦੇ ਰੋਹ ਅੱਗੇ ਝੁਕਦਿਆਂ ਬੀ. ਪੀ. ਓ .ਬਰਨਾਲਾ ਤੇ ਮਹਿਲ ਕਲਾਂ ਵੱਲੋਂ ਬਰਨਾਲਾ ਬਲਾਕ ਤੇ ਮਹਿਲ ਕਲਾਂ ਦੇ ਸਮੁੱਚੇ ਅਧਿਆਪਕਾਂ ਦੇ ਮੁਅੱਤਲੀਆਂ ਦੇ ਆਰਡਰ ਮੌਕੇ ’ਤੇ ਰੱਦ ਕੀਤੇ ਗਏ। ਇਸ ਉਪਰੰਤ ਅਧਿਆਪਕਾਂ ਦਾ ਵਿਸ਼ਾਲ ਕਾਫਲਾ ਸ਼ਹਿਣੇ ਦੇ ਮੁਅੱਤਲ ਅਧਿਆਪਕਾਂ ਦੇ ਆਰਡਰ ਰੱਦ ਕਰਵਾਉਣ ਲਈ ਬੀ.ਪੀ.ਓ.ਸ਼ਹਿਣਾ ਕਰਮਜੀਤ ਸਿੰਘ ਦੇ ਘਰ ਵੱਲ ਰਵਾਨਾ ਹੋਇਆ ਤੇ ਘਰ ਅੱਗੇ ਜਾ ਕੇ ਧਰਨਾ ਮਾਰ ਕੇ ਨਾਅਰੇਬਾਜ਼ੀ ਕੀਤੀ। ਖਬਰ ਲਿਖੇ ਜਾਣ ਤੱਕ ਘਰ ਅੱਗੇ ਧਰਨਾ ਜਾਰੀ ਸੀ।


Related News