ਸੰਗਰੂਰ ਦਾ ਸਿਵਲ ਹਸਪਤਾਲ ਸਿਰਫ ਮਰੀਜ਼ਾਂ ਨੂੰ ਰੈਫਰ ਕਰਨ ਜੋਗਾ ਹੀ ਰਹਿ ਗਿਆ- ਕਰਮ ਲਹਿਲ
Wednesday, Nov 11, 2026 - 05:39 PM (IST)
ਸੰਗਰੂਰ (ਵਿਜੈ ਕੁਮਾਰ ਸਿੰਗਲਾ)- ਅੱਜ ਸੰਗਰੂਰ ਵਿਖੇ ਵਾਪਰੇ ਪੀ.ਆਰ.ਟੀ.ਸੀ. ਬੱਸ ਹਾਦਸੇ ਦੇ ਜ਼ਖ਼ਮੀਆਂ ਦਾ ਹਾਲ ਜਾਨਣ ਲਈ ਸਿਵਲ ਹਸਪਤਾਲ ਸੰਗਰੂਰ ਵਿਖੇ ਪਹੁੰਚੇ ਭਾਜਪਾ ਯੁਵਾ ਮੋਰਚਾ ਦੇ ਸੂਬਾ ਸਕੱਤਰ ਕਰਮ ਲਹਿਲ ਨੇ ਕਿਹਾ ਕਿ ਸੰਗਰੂਰ ਦਾ ਸਿਵਲ ਹਸਪਤਾਲ ਸਿਰਫ ਜਖਮੀਆਂ ਨੂੰ ਰੈਫਰ ਕਰਨ ਜੋਗਾ ਰਹਿ ਗਿਆ ਹੈ। ਇੱਥੇ ਕਿਸੇ ਵੀ ਹਾਦਸੇ ਦੇ ਜ਼ਖ਼ਮੀਆਂ ਦੀ ਸਾਂਭ ਸੰਭਾਲ ਅਤੇ ਉਨ੍ਹਾਂ ਦਾ ਪੂਰਾ ਇਲਾਜ ਨਹੀਂ ਹੁੰਦਾ।
ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਘਟਨਾ ਵਾਪਰਦੀ ਹੈ ਤਾਂ ਸਭ ਤੋਂ ਪਹਿਲਾਂ ਨੇੜਲੇ ਇਲਾਕੇ ਦੇ ਲੋਕ ਸਿਵਲ ਹਸਪਤਾਲ ਸੰਗਰੂਰ ਵਿਖੇ ਪਹੁੰਚਦੇ ਹਨ ਪਰ ਇੱਥੇ ਪਹੁੰਚਦੇ ਸਾਰ ਹੀ ਮਰੀਜ਼ਾਂ ਦਾ ਇਲਾਜ ਕਰਨ ਦੀ ਬਜਾਏ ਉਨ੍ਹਾਂ ਨੂੰ ਪਟਿਆਲਾ ਜਾਂ ਦੂਰ ਦੁਰਾਡੇ ਰੈਫਰ ਕਰ ਦਿੱਤਾ ਜਾਂਦਾ ਹੈ ਜਿਸ ਨਾਲ ਮਰੀਜ਼ਾਂ ਦੀ ਖੱਜਲ ਖੁਆਰੀ ਅਤੇ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ ਵਿਚ ਉਨ੍ਹਾਂ ਦੀ ਲੁੱਟ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਜੋ ਪੀ. ਆਰ. ਟੀ. ਸੀ ਬੱਸ ਕਾਰਨ ਘਟਨਾ ਵਾਪਰੀ ਹੈ ਬਹੁਤ ਹੀ ਮੰਦਭਾਗੀ ਹੈ। ਕਰਮ ਲਹਿਲ ਨੇ ਕਿਹਾ ਕਿ ਸੂਬਾ ਸਰਕਾਰ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਯੋਗ ਮੁਆਵਜਾ ਅਤੇ ਜਖਮੀਆਂ ਦਾ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫਤ ਇਲਾਜ ਕਰਵਾਉਣ ਦਾ ਪ੍ਰਬੰਧ ਕਰੇ ਅਤੇ ਆਉਣ ਵਾਲੇ ਸਮੇਂ ਵਿੱਚ ਸੰਗਰੂਰ ਦੇ ਸਿਵਲ ਹਸਪਤਾਲ ਅੰਦਰ ਹਰ ਤਰਾਂ ਦੀਆਂ ਸਿਹਤ ਸਹੂਲਤਾਂ ਦਾ ਪੱਕਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਕਿਸੇ ਵੀ ਐਮਰਜੈਂਸੀ ਸਮੇਂ ਮਰੀਜ਼ਾਂ ਦਾ ਇਲਾਜ ਇੱਥੇ ਹੋ ਸਕੇ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਦੇ ਹੋਰ ਵੀ ਵਰਕਰ ਤੇ ਆਗੂ ਹਾਜ਼ਰ ਸਨ।
