PSPCL ਲਈ ਚਿੰਤਾ ਭਰੀ ਖ਼ਬਰ, ਕਿਸਾਨਾਂ ਵੱਲੋਂ ਸਮਾਰਟ ਮੀਟਰਾਂ ਦਾ ਡਟਵਾਂ ਵਿਰੋਧ

Monday, Feb 27, 2023 - 02:27 PM (IST)

PSPCL ਲਈ ਚਿੰਤਾ ਭਰੀ ਖ਼ਬਰ, ਕਿਸਾਨਾਂ ਵੱਲੋਂ ਸਮਾਰਟ ਮੀਟਰਾਂ ਦਾ ਡਟਵਾਂ ਵਿਰੋਧ

ਸੰਗਰੂਰ : ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐੱਸ. ਪੀ. ਸੀ. ਐੱਲ) ਦੇ ਅਧਿਕਾਰੀਆਂ ਨੂੰ ਖੇਤਰ ਦੇ ਕਿਸਾਨਾਂ ਨੂੰ ਸਮਾਰਟ ਮੀਟਰ ਲਗਵਾਉਣ ਲਈ ਮਨਾਉਣਾ ਔਖਾ ਹੋ ਰਿਹਾ ਹੈ। ਕਈ ਥਾਵਾਂ 'ਤੇ ਤਾਂ ਕਿਸਾਨਾਂ ਨੇ ਸਮਾਰਟ ਮੀਟਰ ਹਟਾ ਦਿੱਤੇ ਹਨ ਅਤੇ ਚਿਤਾਵਨੀ ਦਿੱਤੀ ਹੈ ਕਿ ਉਹ ਰੋਸ ਪ੍ਰਦਰਸ਼ਨ ਕਰਨਗੇ। ਇਸ ਸਬੰਧੀ ਗੱਲ ਕਰਗਿਆਂ ਬੀਕੇਯੂ (ਉਗਰਾਹਾਂ) ਦੇ ਆਗੂ ਰਿੰਕੂ ਮੂਨਕ ਨੇ ਦੱਸਿਆ ਕਿ 3 ਪਹਿਲਾਂ ਪੀ. ਐੱਸ. ਪੀ. ਸੀ. ਐੱਲ. ਦੇ ਅਧਿਕਾਰੀ ਉਨ੍ਹਾਂ ਦੇ ਖੇਤਰ 'ਚ ਸਮਾਰਟ ਮੀਟਰ ਲਗਾਉਣ ਲਈ ਆਏ ਪਰ ਉਨ੍ਹਾਂ ਵੱਲੋਂ ਮੀਟਰ ਲਗਵਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਪਹਿਲਾਂ ਤੋਂ ਲੱਗਿਆ ਹੋਇਆ ਇਕ ਮੀਟਰ ਹਟਾ ਕੇ ਅਧਿਰਾਰੀਆਂ ਨੂੰ ਦੇ ਦਿੱਤਾ। ਉਨ੍ਹਾਂ ਆਖਿਆ ਕਿ ਅਸੀਂ ਕਿਸੇ ਵੀ ਕੀਮਤ 'ਤੇ ਸਮਾਰਟ ਮੀਟਰ ਲਗਾਉਣ ਦੀ ਮਨਜ਼ੂਰੀ ਨਹੀਂ ਦੇਵਾਂਗੇ। 

ਇਹ ਵੀ ਪੜ੍ਹੋ- ਸੰਗਰੂਰ ਜੇਲ੍ਹ 'ਚ ਵੱਡੀ ਵਾਰਦਾਤ, ਜੇਲ੍ਹ ਵਾਰਡਨ 'ਤੇ ਜਾਨਲੇਵਾ ਹਮਲਾ

ਇਲਾਕੇ ਦੇ ਹੋਰ ਕਿਸਾਨਾਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਸਰਕਾਰ ਪਹਿਲਾਂ ਤਾਂ ਸਮਾਰਟ ਮੀਟਰ ਲਗਾ ਦਿੰਦੀ ਹੈ ਪਰ ਉਸ ਤੋਂ ਕੁਝ ਸਮਾਂ ਬਾਅਦ ਇਨ੍ਹਾਂ ਮੀਟਰਾਂ ਨੂੰ ਪ੍ਰੀ-ਪੇਡ ਮੀਟਰਾਂ 'ਚ ਤਬਦੀਲ ਕਰ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਐਡਵਾਂਸ 'ਚ ਹੀ ਪੈਸਿਆਂ ਦਾ ਭੁਗਤਾਨ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ PSPCL ਅਧਿਕਾਰੀ ਉਨ੍ਹਾਂ ਗਰੀਬ ਪਰਿਵਾਰਾਂ ਨੂੰ, ਜਿਨ੍ਹਾਂ ਕੋਲ ਬਿਜਲੀ ਸਪਲਾਈ ਨਹੀਂ ਹੈ, ਨੂੰ ਡਰਾ-ਧਮਕਾ ਕੇ ਮੀਟਰ ਲਗਵਾਉਣ ਲਈ ਮਜ਼ਬੂਰ ਕਰਦੇ ਹਨ। ਉਨ੍ਹਾਂ ਆਖਿਆ ਕਿ ਸਾਨੂੰ ਪਤਾ ਲੱਗਾ ਹੈ ਕਿ ਸਰਕਾਰ ਇਨ੍ਹਾਂ ਸਮਾਰਟ ਮੀਟਰਾਂ ਨੂੰ ਪ੍ਰੀ-ਪੇਡ ਮੀਟਰਾਂ ਨਾਲ ਤਬਦੀਲ ਕਰਨ ਦੀ ਯੋਜਨਾ ਬਣਾ ਰਹੀ ਹੈ ਅਤੇ ਇਸ ਕਾਰਨ ਦੇ ਚੱਲਦਿਆਂ ਹੀ ਅਧਿਕਾਰੀ ਸਮਾਰਟ ਮੀਟਰ ਲਗਾ ਰਹੇ ਹਨ। 

ਇਹ ਵੀ ਪੜ੍ਹੋ- ਸੜਕ ਹਾਦਸੇ ਨੇ ਉਜਾੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, 5 ਭੈਣਾਂ ਦੇ ਇਕਲੌਤੇ ਭਰਾ ਦੀ ਹੋਈ ਮੌਤ

ਉੱਥੇ ਹੀ ਜਦੋਂ ਇਸ ਮਾਮਲੇ 'ਚ PSPCL ਦੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬਿਜਲੀ ਚੋਰੀ ਰੋਕਣ ਲਈ ਸਮਾਰਟ ਮੀਟਰ ਜ਼ਰੂਰੀ ਹਨ। ਇੱਕ ਵਿਸ਼ੇਸ਼ ਮੁਹਿੰਮ ਤਹਿਤ ਸੰਗਰੂਰ ਸਰਕਲ ਜਿਸ ਵਿੱਚ ਪੰਜ ਡਵੀਜ਼ਨਾਂ ਸੰਗਰੂਰ, ਸੁਨਾਮ, ਲਹਿਰਾ, ਦਿੜ੍ਹਬਾ ਅਤੇ ਪਾਤੜਾਂ ਸ਼ਾਮਲ ਹਨ, ਦੇ ਅਧਿਕਾਰੀਆਂ ਨੇ 3412 ਚੋਰੀ ਦੀਆਂ ਵਾਰਦਾਤਾਂ ਦਾ ਪਤਾ ਲਗਾ ਕੇ 4.62 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਹੈ। ਸੰਗਰੂਰ ਸਰਕਲ ਦੇ ਸੁਪਰਟੈਂਡਿੰਗ ਇੰਜੀਨੀਅਰ ਆਰ. ਕੇ. ਮਿੱਤਲ ਨੇ ਕਿਹਾ ਕਿ ਅਸੀਂ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਸਾਰੇ ਨਵੇਂ ਕੁਨੈਕਸ਼ਨਾਂ ਨੂੰ ਸਮਾਰਟ ਮੀਟਰ ਮਿਲਣਗੇ। ਪ੍ਰੀ-ਪੇਡ ਮੀਟਰ ਸਿਰਫ਼ ਸਰਕਾਰੀ ਵਿਭਾਗਾਂ ਵਿੱਚ ਹੀ ਲਗਾਏ ਜਾਣਗੇ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News