ਪੁਲਸ ਨੇ ਇਕ ਔਰਤ ਸਮੇਤ 3 ਵਿਅਕਤੀਆਂ ਨੂੰ ਹੈਰੋਇਨ ਸਮੇਤ ਕੀਤਾ ਕਾਬੂ

Monday, Oct 28, 2024 - 04:02 PM (IST)

ਪੁਲਸ ਨੇ ਇਕ ਔਰਤ ਸਮੇਤ 3 ਵਿਅਕਤੀਆਂ ਨੂੰ ਹੈਰੋਇਨ ਸਮੇਤ ਕੀਤਾ ਕਾਬੂ

ਨਵਾਂਸ਼ਹਿਰ (ਤ੍ਰਿਪਾਠੀ) : ਪੁਲਸ ਨੇ 2 ਵੱਖ-ਵੱਖ ਮਾਮਲਿਆਂ ’ਚ ਇਕ ਔਰਤ ਸਮੇਤ 3 ਵਿਅਕਤੀਆਂ ਨੂੰ 25 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਬਹਿਰਾਮ ਦੇ ਐੱਸ. ਐੱਚ. ਓ. ਸਬ ਇੰਸਪੈਕਟਰ ਨੰਦ ਲਾਲ ਨੇ ਦੱਸਿਆ ਕਿ ਨਾਰਕੋਟਿਕ ਸੈੱਲ ਨਵਾਂਸ਼ਹਿਰ ਦੇ ਏ. ਐੱਸ. ਆਈ. ਗੁਰਬਖਸ਼ ਰਾਮ ਦੀ ਪੁਲਸ ਪਾਰਟੀ ਰੇਲਵੇ ਫਾਟਕ ਤਲਵੰਡੀ ਜੱਟਾਂ ਤੋਂ ਗਸ਼ਤ ਦੌਰਾਨ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਤਲਾਸ਼ੀ ਲਈ ਬਹਿਰਾਮ ਵੱਲ ਜਾ ਰਹੀ ਸੀ ਤਾਂ ਇਕ ਔਰਤ ਅਤੇ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਸਾਹਮਣੇ ਤੋਂ ਆਉਂਦੇ ਦੇਖਿਆ ਗਿਆ। ਜਿਸ ਨੇ ਪੁਲਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਹੈਂਡਲ ’ਤੇ ਲਟਕਿਆ ਲਿਫਾਫਾ ਜ਼ਮੀਨ ’ਤੇ ਸੁੱਟ ਕੇ ਬਾਈਕ ਨੂੰ ਮੋੜ ਕੇ ਭੱਜਣ ਦੀ ਕੋਸ਼ਸ਼ ਕੀਤੀ ਪਰ ਬਾਈਕ ਰੁਕ ਗਈ।

ਐੱਸ.ਐੱਚ.ਓ. ਨੇ ਦੱਸਿਆ ਕਿ ਪੁਲਸ ਮੁਲਾਜ਼ਮਾਂ ਦੀ ਮਦਦ ਨਾਲ ਦੋਵਾਂ ਨੂੰ ਕਾਬੂ ਕੀਤਾ ਗਿਆ ਅਤੇ ਜਦੋਂ ਲਿਫਾਫੇ ਦੀ ਜਾਂਚ ਕੀਤੀ ਗਈ ਤਾਂ ਉਸ ਵਿਚੋਂ 15 ਗ੍ਰਾਮ ਹੈਰੋਇਨ ਬਰਾਮਦ ਹੋਈ। ਐੱਸ. ਐੱਚ. ਓ. ਨੇ ਦੱਸਿਆ ਕਿ ਕਾਬੂ ਦੋਸ਼ੀਆਂ ਦੀ ਪਛਾਣ ਸਰਬਜੀਤ ਸਿੰਘ ਵਾਸੀ ਸੁਲਤਾਨਪੁਰ ਲੋਧੀ ਜ਼ਿਲਾ ਕਪੂਰਥਲਾ ਅਤੇ ਪ੍ਰਵੀਨ ਕੌਰ ਵਾਸੀ ਨਾਹਰਪੁਰ ਥਾਣਾ ਕਰਤਾਰਪੁਰ ਜ਼ਿਲਾ ਜਲੰਧਰ ਵਜੋਂ ਹੋਈ ਹੈ।

ਇਕ ਹੋਰ ਮਾਮਲੇ ਵਿਚ ਨਵਾਂਸ਼ਹਿਰ ਪੁਲਸ ਨੇ ਸੀ. ਆਈ. ਏ. ਸਟਾਫ਼ ਨੇ ਇਕ ਵਿਅਕਤੀ ਨੂੰ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਏ. ਐੱਸ. ਆਈ. ਮੋਹਨ ਲਾਲ ਦੀ ਪੁਲਸ ਪਾਰਟੀ ਸੀ. ਆਈ. ਏ. ਸਟਾਫ਼ ਦੇ ਨਾਲ ਮੁੱਖ ਮਾਰਗ ਬੰਗਾ ਵੱਲ ਜਾ ਰਹੀ ਸੀ ਤਾਂ ਪਿੰਡ ਮੱਲ੍ਹਪੁਰ ਨੇੜੇ ਕਰੀਹਾ ਪਾਸੋਂ ਇਕ ਨੌਜਵਾਨ ਪੈਦਲ ਆ ਰਿਹਾ ਸੀ, ਜੋ ਪੁਲਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਅਤੇ ਆਪਣੀ ਜੇਬ੍ਹ ਵਿਚੋਂ ਇਕ ਪਾਰਦਰਸ਼ੀ ਲਿਫਾਫਾ ਕੱਢ ਕੇ ਹੇਠਾਂ ਸੁੱਟ ਦਿੱਤਾ ਅਤੇ ਪਿੱਛੇ ਮੁੜਨ ਦੀ ਕੋਸ਼ਿਸ਼ ਕੀਤੀ। ਪੁਲਸ ਮੁਲਾਜ਼ਮਾਂ ਦੀ ਮਦਦ ਨਾਲ ਉਸ ਨੂੰ ਕਾਬੂ ਕੀਤਾ ਗਿਆ ਅਤੇ ਜਦੋਂ ਸੁੱਟੇ ਗਏ ਲਿਫਾਫੇ ਦੀ ਜਾਂਚ ਕੀਤੀ ਗਈ ਤਾਂ ਉਸ ’ਚੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਫੜੇ ਗਏ ਨੌਜਵਾਨ ਦੀ ਪਛਾਣ ਗੁਰਮੀਤ ਉਰਫ ਗੀਤਾ ਵਾਸੀ ਪਿੰਡ ਔੜ ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਉਕਤ ਦੋਵੇਂ ਮਾਮਲਿਆਂ ’ਚ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਖਿਲਾਫ ਸਬੰਧਿਤ ਥਾਣਿਆਂ ’ਚ ਐੱਨ.ਡੀ.ਪੀ.ਐੱਸ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


author

Gurminder Singh

Content Editor

Related News