ਜਰਮਨੀ ਭੇਜਣ ਦੇ ਨਾਂ ’ਤੇ ਠੱਗੇ 15 ਲੱਖ ਰੁਪਏ
Monday, Apr 21, 2025 - 05:32 PM (IST)

ਨਵਾਂਸ਼ਹਿਰ (ਤ੍ਰਿਪਾਠੀ) : ਟੂਰਿਸਟ ਵੀਜ਼ੇ ’ਤੇ ਜਰਮਨੀ ਭੇਜਣ ਦੇ ਨਾਂ ’ਤੇ 15 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਫਰਜ਼ੀ ਏਜੰਟ ਖਿਲਾਫ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਰਾਮ ਲੁਭਾਇਆ ਪੁੱਤਰ ਮੰਗਤ ਰਾਏ ਵਾਸੀ ਪਿੰਡ ਕਾਲਾ, ਤਹਿਸੀਲ ਫਿਲੌਰ, ਜ਼ਿਲ੍ਹਾ ਜਲੰਧਰ ਨੇ ਦੱਸਿਆ ਕਿ ਪਿੰਡ ਕਾਲਾ ਵਾਸੀ ਇਕ ਵਿਅਕਤੀ ਰਾਹੀਂ ਉਸ ਦੀ ਗੁਰਪ੍ਰੀਤ ਜੌਲੀ ਪੁੱਤਰ ਅਵਤਾਰ ਸਿੰਘ ਵਾਸੀ ਨਵਾਂਸ਼ਹਿਰ, ਜੋ ਕਿ ਟਰੈਵਲ ਏਜੰਟ ਦਾ ਕੰਮ ਕਰਦਾ ਹੈ, ਨਾਲ ਜਾਣ-ਪਛਾਣ ਹੋਈ। ਉਸ ਨੇ ਦੱਸਿਆ ਕਿ ਉਕਤ ਏਜੰਟ ਨਾਲ ਟੂਰਿਸਟ ਵੀਜ਼ੇ ’ਤੇ ਜਰਮਨੀ ਜਾਣ ਦਾ ਸੌਦਾ 15 ਲੱਖ ਰੁਪਏ ’ਚ ਤੈਅ ਹੋਇਆ ਸੀ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ 8.5 ਲੱਖ ਰੁਪਏ ਉਕਤ ਏਜੰਟ ਦੇ ਬੈਂਕ ਖਾਤੇ ’ਚ ਟ੍ਰਾਂਸਫਰ ਕੀਤੇ ਸਨ ਅਤੇ ਗਵਾਹਾਂ ਦੀ ਹਾਜ਼ਰੀ ਵਿਚ ਵੱਖ-ਵੱਖ ਮਿਤੀਆਂ ’ਤੇ 6.5 ਲੱਖ ਰੁਪਏ ਨਕਦ ਦਿੱਤੇ ਸਨ। ਏਜੰਟ ਨੇ ਉਸ ਨੂੰ ਇਕ ਮਹੀਨੇ ਦੇ ਅੰਦਰ ਜਰਮਨੀ ਭੇਜਣ ਦਾ ਵਾਅਦਾ ਕੀਤਾ ਸੀ ਪਰ ਉਸ ਨੂੰ ਵਿਦੇਸ਼ ਨਹੀਂ ਭੇਜਿਆ ਅਤੇ 20 ਮਹੀਨਿਆਂ ਤੱਕ ਝੂਠਾ ਭਰੋਸਾ ਦਿੰਦਾ ਰਿਹਾ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਉਕਤ ਏਜੰਟ ਨੂੰ ਕਿਹਾ ਕਿ ਜੇਕਰ ਉਹ ਉਸ ਨੂੰ ਵਿਦੇਸ਼ ਭੇਜਣ ਤੋਂ ਅਸਮਰੱਥ ਹੈ ਤਾਂ ਉਹ ਉਸ ਦੇ ਸਾਰੇ ਪੈਸੇ ਵਾਪਸ ਕਰ ਦੇਵੇ ਪਰ ਨਾ ਤਾਂ ਪੈਸੇ ਵਾਪਸ ਕੀਤੇ ਗਏ ਅਤੇ ਨਾ ਹੀ ਉਸ ਨੂੰ ਵਿਦੇਸ਼ ਭੇਜਿਆ ਗਿਆ। ਹੁਣ ਉਹ ਪੈਸੇ ਮੰਗਣ ’ਤੇ ਧਮਕੀਆਂ ਦੇ ਰਿਹਾ ਹੈ। ਉਕਤ ਸ਼ਿਕਾਇਤ ਦੀ ਜਾਂਚ ਡੀ. ਐੱਸ. ਪੀ. ਪੱਧਰ ਦੇ ਅਧਿਕਾਰੀ ਵੱਲੋਂ ਦਿੱਤੀ ਗਈ ਨਤੀਜਾ ਰਿਪੋਰਟ ਦੇ ਆਧਾਰ ’ਤੇ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਮੁਲਜ਼ਮ ਏਜੰਟ ਗੁਰਪ੍ਰੀਤ ਜੌਲੀ ਖਿਲਾਫ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।