ਡੰਕੀ ਲਗਾਉਂਦਾ ਪੰਜਾਬੀ ਲਾਪਤਾ, ਜਾ ਰਿਹਾ ਸੀ ਫਰਾਂਸ

Tuesday, Aug 20, 2024 - 06:15 PM (IST)

ਡੰਕੀ ਲਗਾਉਂਦਾ ਪੰਜਾਬੀ ਲਾਪਤਾ, ਜਾ ਰਿਹਾ ਸੀ ਫਰਾਂਸ

ਭੁਲੱਥ/ਜਲੰਧਰ : ਰੁਜ਼ਗਾਰ ਦੀ ਭਾਲ ਵਿਚ ਡੰਕੀ ਲਗਾ ਕੇ ਫਰਾਂਸ ਲਈ ਰਵਾਨਾ ਹੋਇਆ ਭੁਲੱਥ ਦਾ 18 ਸਾਲਾ ਨੌਜਵਾਨ ਰਸਤੇ ਵਿਚ ਲਾਪਤਾ ਹੋ ਗਿਆ ਹੈ। ਨੌਜਵਾਨ ਦੇ ਪਿਤਾ ਬੌਬੀ ਚੰਦ ਨੇ ਦੱਸਿਆ ਕਿ ਉਸ ਦਾ ਇਕਲੌਤਾ ਪੁੱਤਰ ਸਾਗਰ ਸੁਨਹਿਰੇ ਭਵਿੱਖ ਦੀ ਆਸ ਵਿਚ ਏਜੰਟ ਰਾਹੀਂ ਫਰਾਂਸ ਗਿਆ ਸੀ ਤੇ ਪਿਛਲੇ ਅੱਠ ਮਹੀਨਿਆਂ ਤੋਂ ਉਸ ਦਾ ਕੋਈ ਥਹੁ-ਪਤਾ ਨਹੀਂ ਲੱਗ ਰਿਹਾ। ਪੀੜਤ ਪਰਿਵਾਰ ਨੇ ਭਾਰਤ ਸਰਕਾਰ, ਪੰਜਾਬ ਸਰਕਾਰ ਤੇ ਯੂਰਪ ਵਿਚ ਰਹਿੰਦੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਲੜਕੇ ਦਾ ਥਹੁ-ਪਤਾ ਲਾਉਣ ਵਿਚ ਮਦਦ ਕੀਤੀ ਜਾਵੇ। ਪੀੜਤ ਪਿਤਾ ਨੇ ਦੱਸਿਆ ਕਿ 14 ਲੱਖ ਰੁਪਏ ਵਿਚ ਇਕ ਮਹਿਲਾ ਏਜੰਟ ਰਾਹੀਂ ਫਰਾਂਸ ਭੇਜਣ ਲਈ ਸੌਦਾ ਤੈਅ ਹੋਇਆ ਸੀ। ਏਜੰਟ ਨੇ 8.20 ਲੱਖ ਰੁਪਏ ਦੀ ਪਹਿਲੀ ਕਿਸ਼ਤ ਲੈ ਕੇ ਉਨ੍ਹਾਂ ਦੇ ਪੁੱਤਰ ਨੂੰ ਰੂਸ ਭੇਜ ਦਿੱਤਾ, ਜਿੱਥੋਂ ਅੱਗੇ ਉਸ ਨੇ ਬੇਲਾਰੂਸ, ਲਿਥੂਆਨੀਆ, ਲਾਤਵੀਆ ਤੇ ਜਰਮਨੀ ਰਸਤੇ ਫਰਾਂਸ ਪਹੁੰਚਣਾ ਸੀ। 

ਇਹ ਵੀ ਪੜ੍ਹੋ : ਇੰਗਲੈਂਡ ਗਿਆ ਨੌਜਵਾਨ ਪਤਨੀ ਨਾਲ ਕਲੇਸ਼ ਕਾਰਣ ਹੋਇਆ ਵੱਖ, ਹੁਣ ਸ਼ੱਕੀ ਹਾਲਾਤ 'ਚ ਮਿਲੀ ਲਾਸ਼

ਇਸ ਦੌਰਾਨ ਫਰਵਰੀ ਮਹੀਨੇ ਪਰਿਵਾਰ ਨੂੰ ਸਾਗਰ ਦਾ ਫੋਨ ਆਇਆ ਕਿ ਉਹ ਬੇਲਾਰੂਸ ਵਿਚ ਹੈ। ਉਸ ਤੋਂ ਬਾਅਦ 6 ਮਹੀਨੇ ਬੀਤ ਗਏ ਨਾ ਤਾਂ ਉਸ ਦੇ ਪੁੱਤਰ ਦਾ ਕੋਈ ਫੋਨ ਆਇਆ ਅਤੇ ਨਾ ਹੀ ਉਸ ਬਾਰੇ ਕੋਈ ਗੱਲ ਸੁਣੀ ਹੈ। ਬੌਬੀ ਚੰਦ ਨੇ ਕਿਹਾ ਕਿ ਏਜੰਟਾਂ ਮੁਤਾਬਕ ਉਨ੍ਹਾਂ ਦਾ ਪੁੱਤਰ ਜਰਮਨੀ ਪੁਲਸ ਦੀ ਹਿਰਾਸਤ ਵਿਚ ਹੈ ਪਰ ਉਸ ਦੇ ਦੋਸਤਾਂ ਨੇ ਦਾਅਵਾ ਕੀਤਾ ਕਿ ਫਰਾਂਸ ਤੱਕ ਦੇ ਸਫ਼ਰ ਦੌਰਾਨ ਲਾਤਵੀਆ ਵਿਚ ਬਰਫ਼ ’ਚ ਫ਼ਸਣ ਕਰਕੇ ਸਾਗਰ ਦੀ ਮੌਤ ਹੋ ਗਈ ਹੈ। ਪਰਿਵਾਰ ਨੇ ਦਿੱਲੀ ਵਿਚ ਲਾਤਵੀਆ ਦੂਤਾਵਾਸ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਉਥੋਂ ਦੀ ਪੁਲਸ ਨੂੰ ਬਰਫ਼ ਵਿਚੋਂ ਲਾਸ਼ ਬਰਾਮਦ ਹੋਈ ਹੈ ਜਿਸ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ। ਪਰਿਵਾਰ ਨੇ ਮੰਗ ਕੀਤੀ ਕਿ ਬਰਫ਼ ’ਚੋਂ ਮਿਲੀ ਲਾਸ਼ ਨਾਲ ਡੀ. ਐੱਨ. ਏ ਟੈਸਟ ਕਰਵਾਉਣ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ। 

ਇਹ ਵੀ ਪੜ੍ਹੋ : ਪੰਜਾਬ ਵਿਚ ਦੋ ਦਿਨ ਭਾਰੀ ਮੀਂਹ ਦਾ ਅਲਰਟ

ਮੀਡੀਆ ਰਿਪੋਰਟਾਂ ਮੁਤਾਬਕ ਪਰਿਵਾਰ ਨੇ ਏਜੰਟ ਖਿਲਾਫ਼ ਕਾਰਵਾਈ ਦੀ ਵੀ ਮੰਗ ਕੀਤੀ ਹੈ। ਪਰਿਵਾਰ ਮੁਤਾਬਕ ਇਕ ਵਾਰ ਡੀ. ਐੱਨ. ਏ ਟੈਸਟ ਕਰਕੇ ਵਿਦੇਸ਼ ਭੇਜਿਆ ਗਿਆ ਸੀ ਪਰ ਕੁਝ ਤਕਨੀਕੀ ਕਾਰਨਾਂ ਕਰਕੇ ਉਹ ਵਾਪਸ ਆ ਗਿਆ। ਉਨ੍ਹਾਂ ਨੇ ਦੁਬਾਰਾ ਡੀਐੱਨਏ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਬੌਬੀ ਚੰਦ ਨੇ ਦੱਸਿਆ ਕਿ ਉਨ੍ਹਾਂ ਦੋ ਮਹੀਨੇ ਪਹਿਲਾਂ ਥਾਣਾ ਭੁਲੱਥ ਵਿਚ ਲਿਖਤੀ ਸ਼ਿਕਾਇਤ ਦਿੱਤੀ ਸੀ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ। ਉੁਧਰ ਥਾਣਾ ਭੁਲੱਥ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਜਨਮ ਦਿਨ ਮੌਕੇ ਗੁਆਂਢੀਆਂ ਨੇ ਮਾਰ 'ਤਾ ਮਾਪਿਆਂ ਦਾ ਇਕਲੌਤਾ ਪੁੱਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Gurminder Singh

Content Editor

Related News