ਚਿੱਟੇ ਦੇ ਕਹਿਰ ਨੇ ਲਈ ਇਕ ਹੋਰ ਨੌਜਵਾਨ ਦੀ ਜਾਨ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
Tuesday, Sep 14, 2021 - 04:07 PM (IST)
ਸਮਰਾਲਾ (ਵਿਪਨ) : ਸਮਰਾਲਾ ਹਲਕੇ ਵਿੱਚ ਨਸ਼ੇ ਨੇ ਪੂਰੀ ਤਰ੍ਹਾਂ ਆਪਣੇ ਪੈਰ ਪਸਾਰ ਰੱਖੇ ਹਨ। ਪਹਿਲਾਂ ਜਿੱਥੇ ਪਿੰਡ ਸਿਹਾਲਾ ਦੇ ਇਕ ਨੌਜਵਾਨ ਨੂੰ ਨਸ਼ੇ ਕਾਰਨ ਮਾਂ ਵੱਲੋਂ ਜ਼ੰਜੀਰਾਂ ਨਾਲ ਬੰਨ੍ਹਣ ਦਾ ਮਾਮਲਾ ਸਾਹਮਣੇ ਆਇਆ ਸੀ, ਹੁਣ ਉੱਥੇ ਹੀ ਮਾਛੀਵਾੜਾ ਸਾਹਿਬ ਦੇ ਪਿੰਡ ਸ਼ੇਰੀਆ ਵਿਖੇ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਨਿਰਮਲ ਸਿੰਘ (30) ਵੱਜੋਂ ਹੋਈ ਹੈ, ਜੋ ਆਪਣੇ ਪਿੱਛੇ ਮਾਤਾ-ਪਿਤਾ, ਪਤਨੀ ਅਤੇ ਛੋਟੇ-ਛੋਟੇ ਬੱਚੇ ਛੱਡ ਗਿਆ ਹੈ। ਮ੍ਰਿਤਕ ਇਕ ਦੁਕਾਨ ਚਲਾਉਂਦਾ ਸੀ ਪਰ ਉਸ ਦੀ ਮੌਤ ਮਗਰੋਂ ਦੁਕਾਨ ਵੀ ਬੰਦ ਹੋ ਗਈ ਹੈ।
ਇਹ ਵੀ ਪੜ੍ਹੋ : ਮੋਹਾਲੀ ਤੋਂ ਵੱਡੀ ਖ਼ਬਰ, ਅੰਤਰਰਾਸ਼ਟਰੀ ਪੱਧਰ ਦੇ ਸ਼ੂਟਰ ਨੇ ਖ਼ੁਦ ਨੂੰ ਗੋਲੀ ਮਾਰ ਖ਼ਤਮ ਕੀਤੀ ਜ਼ਿੰਦਗੀ
ਨਿਰਮਲ ਸਿੰਘ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨਿਰਮਲ ਸਿੰਘ ਦੇ ਰਿਸ਼ਤੇਦਾਰ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਪਿੰਡ 'ਚ ਨਸ਼ਾ ਸ਼ਰੇਆਮ ਵਿਕਦਾ ਹੈ। ਉਸ ਨੇ ਦੱਸਿਆ ਕਿ ਨਿਰਮਲ ਸਿੰਘ ਨੂੰ ਵੀ ਉਸ ਦੇ ਸਾਥੀ ਨੇ ਚਿੱਟਾ ਦਿੱਤਾ ਸੀ ਅਤੇ ਚਿੱਟੇ ਦੀ ਓਵਰਡੋਜ਼ ਲੈਣ ਕਾਰਨ ਉਸ ਦੀ ਮੌਤ ਹੋਈ ਹੈ। ਉਸ ਦੀ ਬਾਂਹ 'ਚ ਸਰਿੰਜ ਵੀ ਫਸੀ ਹੋਈ ਸੀ। ਉਸ ਨੇ ਦੱਸਿਆ ਕਿ ਪਿਛਲੇ ਦਿਨੀਂ ਵੀ ਪਿੰਡ ਵਾਲਿਆਂ ਵੱਲੋਂ ਇਕ ਨਸ਼ਾ ਤਸਕਰ ਨੂੰ ਫੜ੍ਹਨ ਦੀ ਕੋਸ਼ਿਸ ਕੀਤੀ ਗਈ ਸੀ ਪਰ ਉਹ ਭੱਜ ਗਿਆ।
ਉਸ ਦਾ ਕਹਿਣਾ ਸੀ ਕਿ ਜੇਕਰ ਉਹ ਨਸ਼ਾ ਤਸਕਰ ਫੜ੍ਹਿਆ ਜਾਂਦਾ ਤਾਂ ਸ਼ਾਇਦ ਨਿਰਮਲ ਦੀ ਮੌਤ ਨਾ ਹੁੰਦੀ। ਉਸ ਨੇ ਦੱਸਿਆ ਕਿ ਪੰਜਾਬ ਦੇ ਵੱਡੀ ਗਿਣਤੀ 'ਚ ਨੌਜਵਾਨਾਂ ਨੂੰ ਚਿੱਟੇ ਨਾ ਖਾ ਲਿਆ ਹੈ। ਇਸ ਮਾਮਲੇ ਸਬੰਧੀ ਡੀ. ਐਸ. ਪੀ. ਹਰਵਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਨੌਜਵਾਨ ਦੀ ਮੌਤ ਦੇ ਮਾਮਲੇ 'ਚ ਵੀਰਪਾਲ ਸਿੰਘ ਵਾਸੀ ਲੁਹਾਰੀਆਂ ਨਾਂ ਦੇ ਵਿਅਕਤੀ ਖ਼ਿਲਾਫ਼ ਗੈਰ ਇਰਾਦਾ ਕਤਲ ਦੇ ਦੋਸ਼ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਦੀ 'ਪ੍ਰੈੱਸ ਕਾਨਫਰੰਸ', ਦਿੱਤੀ ਅਹਿਮ ਜਾਣਕਾਰੀ
ਇਸ ਮੌਕੇ ਪਿੰਡ ਵਾਸੀਆਂ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਗਰੀਬ ਮ੍ਰਿਤਕ ਨੌਜਵਾਨ ਦੇ ਪਰਿਵਾਰ ਦੀ ਮਦਦ ਕਰਨ ਦੀ ਗੁਹਾਰ ਵੀ ਲਾਈ ਗਈ। ਪਿੰਡ ਵਾਸੀਆਂ ਵੱਲੋਂ ਚਾਰ ਹਫ਼ਤਿਆਂ 'ਚ ਸੂਬੇ 'ਚੋਂ ਨਸ਼ਾ ਖ਼ਤਮ ਕਰਨ ਦੇ ਵਾਅਦੇ ਕਰਨ ਵਾਲੀ ਕਾਂਗਰਸ ਸਰਕਾਰ ਨੂੰ ਵੀ ਲਾਹਣਤਾਂ ਪਾਈਆਂ ਗਈਆਂ।
ਨੋਟ : ਨਸ਼ਿਆਂ ਕਾਰਨ ਪੰਜਾਬ ਦੀ ਰੁਲ੍ਹ ਰਹੀ ਜਵਾਨੀ ਬਾਰੇ ਦਿਓ ਆਪਣੀ ਵਿਚਾਰ