ਯੂਥ ਕਾਂਗਰਸ ਦੀਆਂ ਚੋਣਾਂ ''ਚ ਭਿੜੇ ਕਾਂਗਰਸੀ, ਚੱਲੀਆਂ ਗੋਲੀਆਂ
Wednesday, Dec 04, 2019 - 06:46 PM (IST)

ਲੁਧਿਆਣਾ (ਨਰਿੰਦਰ ਮਹਿੰਦਰੂ) : ਲੁਧਿਆਣਾ ਵਿਚ ਬੁੱਧਵਾਰ ਨੂੰ ਯੂਥ ਕਾਂਗਰਸ ਦੀਆਂ ਪੈ ਰਹੀਆਂ ਵੋਟਾਂ ਦੌਰਾਨ ਜੰਮ ਕੇ ਹੰਗਾਮਾ ਹੋਇਆ। ਕਾਂਗਰਸ ਦੇ ਹੀ ਦੋ ਗੁੱਟ ਆਪਸ 'ਚ ਭਿੜ ਪਏ ਅਤੇ ਇਸ ਦੌਰਾਨ ਪੰਜ ਰਾਊਂਡ ਫਾਇਰ ਵੀ ਹੋਏ। ਦੋਵਾਂ ਧੜਿਆਂ ਦੇ ਆਗੂਆਂ ਨੇ ਇਕ ਦੂਜੇ 'ਤੇ ਇਲਜ਼ਾਮਬਾਜ਼ੀ ਕੀਤੀ ਅਤੇ ਕਿਹਾ ਕਿ ਜਾਅਲੀ ਵੋਟਾਂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।
ਯੂਥ ਕਾਂਗਰਸ ਦੇ ਆਗੂਆਂ ਨੇ ਇਕ ਦੂਜੇ 'ਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਇਕ ਧਿਰ ਵਲੋਂ ਜਾਅਲੀ ਵੋਟਾਂ ਪਵਾਈਆਂ ਜਾ ਰਹੀਆਂ ਹਨ, ਜਿਸ ਦਾ ਵਿਰੋਧ ਕਰਨ 'ਤੇ ਗੋਲੀਆਂ ਵੀ ਚਲਾਈਆਂ ਗਈਆਂ ਅਤੇ ਪੋਲਿੰਗ ਬੂਥ ਸੈਂਟਰ ਦੇ ਅੰਦਰ ਹੀ ਚਾਕੂ ਚਲ ਗਏ।
ਉਧਰ ਦੂਜੇ ਪਾਸੇ ਮੌਕੇ 'ਤੇ ਪਹੁੰਚੇ ਡੀ. ਸੀ. ਪੀ . ਲਾਅ ਐਂਡ ਆਰਡਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਯੂਥ ਕਾਂਗਰਸ ਦੀਆਂ ਵੋਟਾਂ ਦੌਰਾਨ ਕਾਂਗਰਸ ਦੇ ਦੋ ਧੜੇ ਆਪਸ 'ਚ ਲੜੇ ਹਨ ਪਰ ਨਾ ਤਾਂ ਵੋਟਿੰਗ ਰੋਕੀ ਜਾਵੇਗੀ ਅਤੇ ਨਾ ਹੀ ਕਾਨੂੰਨ ਵਿਵਸਥਾ ਨੂੰ ਵਿਗੜਨ ਦਿੱਤਾ ਜਾਵੇਗਾ ਅਤੇ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।