ਯੂਥ ਅਕਾਲੀ ਦਲ ਦੇ ਵਿਧਾਇਕ ਬੈਂਸ ਖਿਲਾਫ ਪ੍ਰਦਰਸ਼ਨ ਦੌਰਾਨ ਹੋਇਆ ਪੁਲਸ ਨਾਲ ਟਕਰਾਅ
Saturday, Nov 21, 2020 - 03:43 PM (IST)
ਲੁਧਿਆਣਾ (ਪਾਲੀ) : ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਹਲਕਾ ਆਤਮ ਨਗਰ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ 'ਤੇ ਵਿਧਵਾ ਜਨਾਨੀ ਵੱਲੋਂ ਲਾਏ ਗਏ ਦੋਸ਼ ਨੂੰ ਲੈ ਕੇ ਯੂਥ ਅਕਾਲੀ ਦਲ ਦੇ ਆਗੂਆਂ ਨੇ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਗੁਰਦੀਪ ਸਿੰਘ ਗੋਸ਼ਾ ਦੀ ਅਗਵਾਈ ਹੇਠ ਬੈਂਸ ਖ਼ਿਲਾਫ਼ ਕੋਟ ਮੰਗਲ ਸਿੰਘ ਵਿਖੇ ਜ਼ਬਰਦਸਤ ਰੋਸ ਪ੍ਰਦਰਸ਼ਨ ਕਰ ਕੇ ਨਾਅਰੇਬਾਜ਼ੀ ਕੀਤੀ ਗਈ। ਵਿਧਾਇਕ ਬੈਂਸ ਦੇ ਘਰ ਵੱਲ ਰੋਸ ਮਾਰਚ ਕੱਢਣ ਸਮੇਂ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਤੇ ਉਨ੍ਹਾਂ ਦੇ ਸਾਥੀਆਂ ਦੀ ਪੁਲਸ ਪ੍ਰਸ਼ਾਸਨ ਨਾਲ ਧੱਕਾਮੁੱਕੀ ਵੀ ਹੋਈ। ਜਿਸ 'ਤੇ ਬੋਲਦਿਆਂ ਗੋਸ਼ਾ ਨੇ ਕਿਹਾ ਕਿ ਪੁਲਸ ਪ੍ਰਸ਼ਾਸਨ ਬੈਂਸ ਨੂੰ ਬਚਾਉਣ ਲਈ ਯੂਥ ਆਗੂਆਂ ਨਾਲ ਧੱਕੇਸ਼ਾਹੀ ਨਾਲ ਪੇਸ਼ ਆਈ ਹੈ। ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ ਪੁਲਸ ਪ੍ਰਸ਼ਾਸਨ ਵੱਲੋਂ ਮੌਕੇ ਨੂੰ ਸੰਭਾਲਦੇ ਹੋਏ ਗੁਰਦੀਪ ਸਿੰਘ ਗੋਸ਼ਾ ਤੇ ਉਨ੍ਹਾਂ ਦੇ ਸਾਥੀਆਂ ਨੂੰ ਹਿਰਾਸਤ ਵਿਚ ਲੈ ਕੇ ਕੁਝ ਘੰਟੇ ਥਾਣਾ ਡੇਹਲੋਂ ਵਿਖੇ ਰੱਖਣ ਤੋਂ ਬਾਅਦ ਛੱਡ ਦਿੱਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਵਿਧਾਇਕ ਸਿਮਰਜੀਤ ਸਿੰਘ ਬੈਂਸ 'ਤੇ ਔਰਤ ਵੱਲੋਂ ਲਾਏ ਸਰੀਰਕ ਸ਼ੋਸ਼ਣ ਦੇ ਦੋਸ਼ਾਂ ਤੋਂ ਮੌਜੂਦਾ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਸ਼ੋਸ਼ਣ ਦੇ ਮਾਮਲੇ 'ਚ ਹੁਣ ਤੱਕ ਜਾਂਚ ਕਰਨ ਦੀ ਬਜਾਏ ਬੈਂਸ 'ਤੇ ਮੁਕੱਦਮਾ ਦਰਜ ਹੋਣਾ ਚਾਹੀਦਾ ਸੀ।
ਇਹ ਵੀ ਪੜ੍ਹੋ : ਮਜੀਠੀਆ ਦੀ ਜ਼ੈੱਡ ਪਲੱਸ ਸੁਰੱਖਿਆ ਵਾਪਸ ਲੈਣਾ ਨਿੰਦਣਯੋਗ : ਅਕਾਲੀ ਦਲ
ਉਨ੍ਹਾਂ ਮੰਗ ਕੀਤੀ ਕਿ ਪੁਲਸ ਪੀੜਤ ਔਰਤ ਨੂੰ ਇਨਸਾਫ਼ ਦਿਵਾਉਣ ਲਈ ਸਿਮਰਜੀਤ ਸਿੰਘ ਬੈਂਸ ਖ਼ਿਲਾਫ਼ ਸਖ਼ਤ ਕਾਰਵਾਈ ਕਰੇ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਸਿਮਰਜੀਤ ਸਿੰਘ ਬੈਂਸ ਨੇ ਕਈ ਲੋਕਾਂ ਨਾਲ ਧੋਖਾਦੇਹੀ ਕੀਤੀ ਅਤੇ ਉਨ੍ਹਾਂ 'ਤੇ ਕਈ ਬਿਜਲੀ ਚੋਰੀ ਦੇ ਕੇਸ ਵੀ ਦਰਜ ਹਨ। ਹੁਣ ਔਰਤਾਂ ਨਾਲ ਸ਼ੋਸ਼ਣ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਇਸ ਮੌਕੇ ਯੂਥ ਅਕਾਲੀ ਦਲ ਦੇ ਗਗਨਦੀਪ ਸਿੰਘ ਗਿਆਸਪੁਰਾ, ਕਵਲਜੀਤ ਸਿੰਘ ਦੂਆ, ਬੀਬੀ ਜਸਪਾਲ ਕੌਰ ਨੇ ਕਿਹਾ ਕਿ ਪੁਲਸ ਨੇ ਭਾਵੇਂ ਉਨ੍ਹਾਂ ਨੂੰ ਹਿਰਾਸਤ ਵਿਚ ਲਿਆ ਹੈ ਪਰ ਜਦ ਤੱਕ ਉਸ ਜਨਾਨੀ ਨੂੰ ਇਨਸਾਫ ਨਹੀਂ ਮਿਲ ਜਾਂਦਾ, ਉਹ ਚੁੱਪ ਨਹੀਂ ਬੈਠਣਗੇ। ਪੁਲਸ ਵੱਲੋਂ ਹਲਕਾ ਆਤਮ ਨਗਰ ਨੂੰ ਪੁਲਸ ਛਾਉਣੀ 'ਚ ਤਬਦੀਲ ਕਰ ਦਿੱਤਾ ਗਿਆ। ਸਿਮਰਜੀਤ ਸਿੰਘ ਬੈਂਸ ਦੇ ਘਰ ਵੱਲ ਜਾਂਦੇ ਰਸਤੇ 'ਤੇ ਬੈਰੀਕੇਡ ਲਾਏ ਗਏ ਤਾਂ ਜੋ ਕੋਈ ਸ਼ਰਾਰਤੀ ਅਨਸਰ ਕੋਈ ਘਟਨਾ ਨਾ ਕਰ ਸਕੇ।
ਇਹ ਵੀ ਪੜ੍ਹੋ : ਰਾਜੋਆਣਾ ਦੀ ਫ਼ਾਂਸੀ ਦੇ ਮਾਮਲੇ 'ਚ ਪੰਜਾਬ ਸਰਕਾਰ ਨੇ ਹੱਥ ਖਿੱਚੇ
ਅਕਾਲੀ ਪਹਿਲਾਂ ਆਪਣੀ ਪੀੜ੍ਹੀ ਹੇਠ 'ਚ ਝਾਤ ਮਾਰਨ : ਸੰਨੀ ਕੈਂਥ
ਉਥੇ ਅਕਾਲੀ ਦਲ ਨੂੰ ਜਵਾਬ ਦੇਣ ਲਈ ਲੋਕ ਇਨਸਾਫ ਪਾਰਟੀ ਵੱਲੋਂ ਲਾਏ ਧਰਨੇ ਦੌਰਾਨ ਪਾਰਟੀ ਦੇ ਯੂਥ ਆਗੂ ਸੰਨੀ ਕੈਂਥ ਨੇ ਕਿਹਾ ਕਿ ਜਨਾਨੀ ਨੇ ਨਾਕਾਰੇ ਹੋਏ ਨੇਤਾਵਾਂ ਦੇ ਬਹਿਕਾਵੇ ਵਿਚ ਆ ਕੇ ਪੰਜਾਬ ਵਾਸੀਆਂ ਦੇ ਮਸੀਹਾ ਵਿਧਾਇਕ ਬੈਂਸ 'ਤੇ ਝੂਠੇ ਦੋਸ਼ ਲਾਏ ਹਨ। ਆਉਣ ਵਾਲੇ ਦਿਨਾਂ ਵਿਚ ਸੱਚਾਈ ਲੋਕਾਂ ਦੇ ਸਾਹਮਣੇ ਆ ਜਾਵੇਗੀ। ਯੂਥ ਅਕਾਲੀ ਆਗੂਆਂ ਵੱਲੋਂ ਬੈਂਸ ਖਿਲਾਫ ਕੀਤੇ ਗਏ ਰੋਸ ਪ੍ਰਦਰਸ਼ਨ 'ਤੇ 'ਲਿਪ' ਵੱਲੋਂ ਲਾਏ ਗਏ ਵਿਸ਼ਾਲ ਧਰਨੇ 'ਤੇ ਬੋਲਦਿਆਂ ਹਲਕਾ ਗਿੱਲ ਦੇ ਇੰਚਾਰਜ ਗਗਨਦੀਪ ਸਿੰਘ ਸੰਨੀ ਕੈਂਥ ਅਤੇ ਹਲਕਾ ਪੂਰਬੀ ਦੇ ਇੰਚਾਰਜ ਗੁਰਜੋਧ ਸਿੰਘ ਗਿੱਲ ਤੇ ਐਡਵੋਕੇਟ ਮਨਵੀਰ ਸਿੰਘ ਗਿੱਲ ਨੇ ਕਿਹਾ ਕਿ ਅਕਾਲੀ ਪਹਿਲਾਂ ਆਪਣੀ ਪੀੜ੍ਹੀ ਹੇਠ ਝਾਤ ਮਾਰਨ ਕਿ ਉਨ੍ਹਾਂ ਦੇ ਖੁਦ ਦੇ ਦਾਮਨ ਦਾਗਦਾਰ ਹਨ। 24 ਘੰਟੇ ਲੋਕਾਂ ਦੀ ਸੇਵਾ ਵਿਚ ਆਪਣੇ ਆਪ ਨੂੰ ਸਮਰਪਿਤ ਕਰਨ ਵਾਲੇ 'ਲਿਪ' ਪ੍ਰਧਾਨ ਸਿਮਰਜੀਤ ਸਿੰਘ ਬੈਂਸ 'ਤੇ ਕਿਸ ਤਰ੍ਹਾਂ ਉਂਗਲ ਚੁੱਕ ਸਕਦੇ ਹਨ। ਬੈਂਸ ਭਰਾਵਾਂ ਨੇ ਪੰਜਾਬ ਸੂਬੇ ਨੂੰ ਮੁੜ ਤੋਂ ਖੁਸ਼ਹਾਲੀ ਦੀ ਰਾਹ 'ਤੇ ਤੋਰਨ ਦੀ ਸ਼ੁਰੂਆਤ ਪੰਜਾਬ ਅਧਿਕਾਰ ਯਾਤਰਾ ਨਾਲ ਕੀਤੀ ਹੈ, ਉਸ ਵਿਚ ਰੋੜੇ ਅਟਕਾਉਣ ਲਈ ਵਿਰੋਧੀ ਨੇਤਾ ਪੰਜਾਬੀਆਂ ਦਾ ਧਿਆਨ ਭੰਗ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਹੈ।
ਜਨਾਨੀ ਸ਼ੋਸ਼ਣ ਦੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਜਨਾਨੀ ਨੇ ਆਪਣੇ ਮਕਾਨ ਦੇ ਕਰਜ਼ੇ ਦੀਆਂ ਕਿਸ਼ਤਾਂ ਸ਼ੁਰੂ ਤੋਂ ਹੀ ਬੈਂਕ ਨੂੰ ਨਹੀਂ ਦਿੱਤੀਆਂ ਸਨ। ਜਿਸ ਦੀ ਘਰ ਦੀ ਨੀਲਾਮੀ ਕਰਨ ਲਈ ਬੈਂਕ ਵੱਲੋਂ ਕਾਰਵਾਈ ਆਰੰਭੀ ਗਈ। ਜਿਸ 'ਤੇ ਉਕਤ ਔਰਤ ਵਿਧਾਇਕ ਬੈਂਸ ਦੇ ਕੋਲ ਆਈ। ਬੈਂਸ ਨੇ ਆਪਣੀ ਲੋਕ ਸੇਵਾ ਅਨੁਸਾਰ ਬਿਲਡਰ ਸੁਖਚੈਨ ਸਿੰਘ ਨੂੰ ਇਸ ਮਕਾਨ ਨੂੰ ਵੇਚਣ ਵਾਸਤੇ ਕਿਹਾ ਤੇ ਬਾਅਦ ਵਿਚ ਸੁਖਚੈਨ ਨੇ ਇਹ ਮਕਾਨ ਜਨਾਨੀ ਦਾ ਵੇਚ ਦਿੱਤਾ। ਸੁਖਚੈਨ ਅਤੇ ਉਕਤ ਜਨਾਨੀ ਦੌਰਾਨ ਜੋ ਵੀ ਵਿਵਾਦ ਹੋਇਆ, ਉਹ ਪੁਲਸ ਕੋਲ ਜਾ ਕੇ ਨਿੱਬੜ ਗਿਆ। ਜਿਸ ਦੀ ਜਾਣਕਾਰੀ ਨਾਕਾਰੇ ਹੋਏ ਸਿਆਸੀ ਨੇਤਾਵਾਂ ਨੂੰ ਮਿਲੀ ਤਾਂ ਉਨ੍ਹਾਂ ਨੇ ਜਨਾਨੀ ਨੂੰ ਮੋਹਰਾ ਬਣਾ ਕੇ ਸਿਮਰਜੀਤ ਸਿੰਘ ਬੈਂਸ ਦੇ ਕਿਰਦਾਰ ਨੂੰ ਦਾਗਦਾਰ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਮਨਘੜਤ ਹੈ, ਜਿਸ ਦੀ ਸੱਚਾਈ ਆਉਣ ਵਾਲੇ ਦਿਨਾਂ 'ਚ ਲੋਕਾਂ ਦੇ ਸਾਹਮਣੇ ਆ ਜਾਵੇਗੀ।
ਇਹ ਵੀ ਪੜ੍ਹੋ : ਬੁੱਢੇ ਨਾਲੇ ਦੇ 650 ਕਰੋੜ ਰੁਪਏ ਦੇ ਪ੍ਰਾਜੈਕਟ ਨੂੰ ਸ਼ਹਿਰ ਦੇ ਉਦਯੋਗਪਤੀਆਂ ਨੇ ਘਪਲੇ ਦਾ ਪੁਲੰਦਾ ਦੱਸਿਆ