ਬਰਗਰ ਖਾਣ ਸਮੇਂ ਹੋਈ ਤਕਰਾਰ ’ਚ ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਦਾ ਕਤਲ
Monday, Jan 31, 2022 - 06:56 PM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਬਰਗਰ ਖਾਣ ਸਮੇਂ ਹੋਈ ਝੜੱਪ ਵਿਚ ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਨੂੰ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਚਰਨਜੀਤ ਸਿੰਘ ਮਨੀ ਨੇ ਦੱਸਿਆ ਕਿ ਉਹ ਕੱਚਾ ਕਾਲਜ ਰੋਡ ’ਤੇ ਬਰਗਰ ਖਾ ਰਹੇ ਸੀ ਤਾਂ ਇੰਨੇ ਵਿਚ ਅਰਜੁਣ ਬਹਿਨੀਪਾਲ ਨਾਂ ਦਾ ਇਕ ਨੌਜਵਾਨ ਆਇਆ ਅਤੇ ਉਸਨੇ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਇੰਨੇ ਵਿਚ ਹੀ ਪੁਲਸ ਆ ਗਈ ਅਤੇ ਉਹ ਉਥੋਂ ਫਰਾਰ ਹੋ ਗਿਆ। ਕੁਝ ਸਮੇਂ ਬਾਅਦ ਉਸਦਾ ਮੈਨੂੰ ਫੋਨ ਆਇਆ ਕਿ ਆਪਾ ਸਮਝੌਤਾ ਕਰ ਲੈਂਦੇ ਹਾਂ। ਤੁਸੀਂ ਗੱਲਬਾਤ ਕਰਨ ਲਈ ਅਨਾਜ ਮੰਡੀ ਵਿਖੇ ਆ ਜਾਓ ਤਾਂ ਮੈਂ ਅਤੇ ਮੇਰਾ ਦੋਸਤ ਅਤੇ ਮਿਲਣਪ੍ਰੀਤ ਸਿੰਘ ਬੇਦੀ ਰੂਬਲ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਅਨਾਜ ਮੰਡੀ ਵਿਚ ਚਲੇ ਗਏ ਤਾਂ ਅਰਜੁਨ ਬਹਿਨੀਪਾਲ ਅਤੇ ਉਸਦੇ ਨਾਲ 10-12 ਵਿਅਕਤੀ ਇਕ ਗੱਡੀ ਅਤੇ ਮੋਟਰਸਾਈਕਲਾਂ ’ਤੇ ਆਏ ਅਤੇ ਆਉਂਦਿਆਂ ਹੀ ਸਾਨੂੰ ਮਾਰ ਦੇਣ ਦੀ ਨੀਅਤ ਨਾਲ ਗੱਡੀ ਇਹ ਕਹਿ ਕੇ ਉਪਰ ਚੜ੍ਹਾ ਦਿੱਤੀ ਕਿ ਅੱਜ ਤੁਹਾਨੂੰ ਮਜ਼ਾ ਚਖਾਉਂਦੇ ਹਾਂ, ਜਿਸ ਨਾਲ ਸਾਡੇ ਸੱਟਾਂ ਲੱਗੀਆਂ। ਜ਼ਖਮੀ ਹੋਏ ਰੂਬਲ ਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸਦੀ ਗੰਭੀਰ ਹਾਲਤ ਨੂੰ ਦੇਖਦਿਆਂ ਬਾਹਰ ਰੈਫਰ ਕਰ ਦਿੱਤਾ ਪਰ ਰਸਤੇ ਵਿਚ ਉਸਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਸਮਾਣਾ ’ਚ ਖੌਫ਼ਨਾਕ ਵਾਰਦਾਤ, ਮਾਂ ਨੇ ਧੀਆਂ ਅਤੇ ਜਵਾਈ ਨਾਲ ਮਿਲ ਪੁੱਤ ਦਾ ਕੀਤਾ ਕਤਲ
ਜ਼ਿਕਰਯੋਗ ਹੈ ਕਿ ਮ੍ਰਿਤਕ ਰੂਬਲ ਯੂਥ ਅਕਾਲੀ ਦਲ ਦਾ ਮੀਤ ਪ੍ਰਧਾਨ ਵੀ ਸੀ ਅਤੇ ਉਹ ਛੱਤਾ ਖੂਹ ਮੋਰਚੇ ਵਿਚ ਕਚੌਰੀਆਂ ਦੀ ਰੇਹੜੀ ਲਗਾਉਂਦਾ ਸੀ। ਉਸਦੇ ਪਿਤਾ ਬਲਜੀਤ ਸਿੰਘ ਬੇਦੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਜਦੋਂ ਡੀ. ਐੱਸ. ਪੀ . ਰਾਜੇਸ਼ ਸਨੇਹੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਸ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰ ਰਹੀ ਹੈ। ਕੁਝ ਘੰਟਿਆਂ ਦੇ ਅੰਦਰ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਸਮਾਣਾ ਤੋਂ ਸ਼੍ਰੋਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਭਿੰਡਰ ਦੀ ਮੌਤ, ਅੱਜ ਭਰਨੀ ਸੀ ਨਾਮਜ਼ਦਗੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?