ਸ਼ਰਾਬ ਦੇ ਨਸ਼ੇ 'ਚ ਨੌਜਵਾਨ ਦਾ ਇੱਟਾਂ ਮਾਰ ਕੇ ਕੀਤਾ ਕਤਲ

08/20/2017 1:50:40 AM

ਜਲੰਧਰ— ਮਾਡਲ ਟਾਊਨ ਮਾਰਕੀਟ ਵਿਖੇ ਸਥਿਤ ਕਲਿਆਣ ਜਿਊਲਰਸ ਦੇ ਵਰਕਰਾਂ ਦੇ ਵਿਚਕਾਰ ਸ਼ਰਾਬ ਪੀ ਕੇ ਹੋਏ ਝਗੜੇ ਵਿਚ ਇਕ ਵਰਕਰ ਨੇ ਦੂਸਰੇ ਦੇ ਸਿਰ ਵਿਚ ਇੱਟਾਂ ਮਾਰ ਕੇ  ਉਸਦੀ ਹੱਤਿਆ ਕਰ ਦਿੱਤੀ। ਜਿਸ ਜਗ੍ਹਾ ਹੱਤਿਆ ਹੋਈ, ਉਹ ਜਗ੍ਹਾ ਥਾਣੇ ਦੇ ਬਿਲਕੁਲ ਹੀ ਨੇੜੇ ਹੈ। ਥਾਣੇ ਦੇ ਨੇੜੇ ਹੋਈ ਹੱਤਿਆ ਤੋਂ ਬਾਅਦ ਇਲਾਕੇ ਦੇ ਲੋਕ ਦਹਿਸ਼ਤ ਦੇ ਸਾਏ ਵਿਚ ਹਨ ਅਤੇ ਇਸ ਹੱਤਿਆ ਨਾਲ ਥਾਣਾ 6 ਦੀ ਪੁਲਸ ਦੀ ਕਾਰਜ ਪ੍ਰਣਾਲੀ 'ਤੇ ਵੀ ਪ੍ਰਸ਼ਨ ਚਿੰਨ੍ਹ ਲੱਗ ਰਹੇ ਹਨ। ਹੱਤਿਆ ਤੋਂ ਬਾਅਦ ਕਲਿਆਣ ਜਿਊਲਰਸ ਦਾ ਵਰਕਰ ਮੌਕੇ ਤੋਂ ਫਰਾਰ ਹੋ ਗਿਆ ਹੈ। ਹਾਲਾਂਕਿ ਥਾਣਾ 6 ਦੀ ਪੁਲਸ ਨੇ ਘਟਨਾ ਤੋਂ ਬਾਅਦ ਮੌਕੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਮ੍ਰਿਤਕ ਦੀ ਪਛਾਣ ਵਿਲਸਨ ਕੁਮਾਰ (22) ਨਿਵਾਸੀ ਅਸਾਮ ਦੇ ਤੌਰ 'ਤੇ ਹੋਈ ਹੈ। ਏ. ਸੀ. ਪੀ. ਸਮੀਰ ਵਰਮਾ ਨੇ ਦੱਸਿਆ ਕਿ ਮਾਡਲ ਟਾਊਨ ਮਾਰਕੀਟ ਵਿਚ ਸਥਿਤ ਕਲਿਆਣ ਜਿਊਲਰਸ ਵਿਚ ਕੰਮ ਕਰਨ ਵਾਲਾ   ਵਿਲਸਨ ਰਾਤ ਨੂੰ ਛੁੱਟੀ ਤੋਂ ਬਾਅਦ ਆਪਣੇ ਨਾਲ ਕੰਮ ਕਰਨ ਵਾਲੇ ਨੌਜਵਾਨ ਆਨੰਦ ਜੋ ਕਿ ਵੈਸਟ ਬੰਗਾਲ ਦਾ ਰਹਿਣ ਵਾਲਾ ਹੈ, ਦੇ ਨਾਲ ਘਰ ਜਾ ਰਿਹਾ ਸੀ ਕਿ ਰਸਤੇ ਵਿਚ ਦੋਵਾਂ ਨੇ ਪਹਿਲਾਂ ਇਕੱਠਿਆਂ ਸ਼ਰਾਬ ਪੀਤੀ ਅਤੇ ਬਾਅਦ ਵਿਚ ਸ਼ਰਾਬ ਦੇ ਨਸ਼ੇ ਵਿਚ ਦੋਵਾਂ ਦਾ ਆਪਸ ਵਿਚ ਝਗੜਾ ਹੁੰਦਾ ਰਿਹਾ। ਦੋਵੇਂ ਮਾਡਲ ਟਾਊਨ ਮਾਰਕੀਟ ਵਿਚ  ਸ਼ਰਾਬ ਦੇ ਨਸ਼ੇ ਵਿਚ ਕਾਫੀ ਦੇਰ ਤੱਕ ਹੰਗਾਮਾ ਕਰਦੇ ਰਹੇ ਪਰ ਉਥੇ ਥਾਣੇ ਦੇ ਬਿਲਕੁਲ ਨੇੜੇ ਪੁਲਸ ਦੀ ਕੋਈ ਸੁਰੱਖਿਆ ਵਿਵਸਥਾ ਨਹੀਂ ਸੀ। ਕੁਝ ਦੇਰ ਬਾਅਦ ਆਨੰਦ ਨੇ ਵਿਲਸਨ ਦੇ ਸਿਰ ਵਿਚ ਸ਼ਰਾਬ ਦੇ ਨਸ਼ੇ ਵਿਚ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਹੱਤਿਆ ਤੋਂ ਬਾਅਦ ਆਨੰਦ ਮੌਕੇ ਤੋਂ ਫਰਾਰ ਹੋ ਗਿਆ, ਜਿਸ ਨੂੰ ਏ. ਸੀ.ਪੀ. ਸਮੀਰ ਵਰਮਾ ਨੇ ਦੇਰ ਰਾਤ ਪੁਲਸ ਪਾਰਟੀ ਦੇ ਨਾਲ ਛਾਪੇਮਾਰੀ ਕਰਕੇ ਗ੍ਰਿਫਤਾਰ ਕਰ ਲਿਆ।  ਆਨੰਦ ਦੇ ਖਿਲਾਫ ਥਾਣਾ 6 ਵਿਚ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।


Related News