ਢਾਈ ਦਰਜਨ ਨੌਜਵਾਨਾਂ ਵੱਲੋਂ ਤਲਵਾਰਾਂ, ਰਾਡਾਂ ਤੇ ਗੰਡਾਸੀਆਂ ਨਾਲ ਹਮਲਾ, 2 ਜਖ਼ਮੀ

Wednesday, Feb 02, 2022 - 05:33 PM (IST)

ਬਨੂੜ (ਗੁਰਪਾਲ) : ਪਿੰਡ ਬੁੱਢਣਪੁਰ ਵਿਖੇ ਅੱਜ ਪਿੰਡ ਦੇ ਇਕ ਕਾਂਗਰਸੀ ਆਗੂ ਦੀ ਅਗਵਾਈ ਹੇਠ ਕਾਰਾਂ ਮੋਟਰਸਾਈਕਲਾਂ ’ਤੇ ਸਵਾਰ ਤਲਵਾਰਾਂ, ਰਾਡਾਂ, ਗੰਡਾਸੀਆਂ ਨਾਲ ਲੈਸ ਹਥਿਆਰਬੰਦ ਅਣਪਛਾਤੇ ਨੌਜਵਾਨਾਂ ਨੇ ਪਿੰਡ ਦੇ ਕਿਸਾਨ ਨੌਜਵਾਨਾਂ ’ਤੇ ਹਮਲਾ ਕਰ ਦਿੱਤਾ ਜਿਸ ’ਚ 2 ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਇਨਾਂ ’ਚੋਂ ਇਕ ਦੀ ਹਾਲਤ ਗੰਭੀਰ ਹੋਣ ਕਾਰਨ ਜਨਰਲ ਹਸਪਤਾਲ ਸੈਕਟਰ-32 ਚੰਡੀਗੜ੍ਹ ਵਿਖੇ ਜ਼ਿੰਦਗੀ-ਮੌਤ ਨਾਲ ਜੂਝ ਰਿਹਾ ਹੈ। ਜਦਕਿ ਕਈਆਂ ਨੇ ਘਰਾਂ ’ਚ ਲੁਕ ਕੇ ਜਾਨ ਬਚਾਈ। ਪਿੰਡ ਦੇ ਵਸਨੀਕਾਂ ਸਤਵੀਰ ਸਿੰਘ, ਮਨਪ੍ਰੀਤ ਸਿੰਘ, ਗੁਰਧਿਆਨ ਸਿੰਘ, ਜੋਗਿੰਦਰ ਸਿੰਘ, ਜਤਿੰਦਰ ਸਿੰਘ ਆਦਿ ਅਨੇਕਾਂ ਪਿੰਡ ਵਾਸੀਆਂ ਨੇ ਦੱਸਿਆ ਕਿ ਬਾਅਦ ਦੁਪਹਿਰ 3 ਕਾਰਾਂ ਅਤੇ 10-12 ਮੋਟਰਸਾਈਕਲ ’ਤੇ ਸਵਾਰ ਹਥਿਆਰ ਬੰਦ ਨੌਜਵਾਨ ਕਾਂਗਰਸੀ ਆਗੂ ਜਸਪਾਲ ਸਿੰਘ ਉਰਫ ਮਸਤਾਨ ਸਿੰਘ ਸਮੇਤ ਪਿੰਡ ’ਚ ਆਏ। ਜਿਨ੍ਹਾਂ ਪਿੰਡ ਦੇ ਬਾਹਰ ਮੋਟਰਸਾਈਕਲ ’ਤੇ ਜਾ ਰਹੇ ਗੁਰਧਿਆਨ ਸਿੰਘ ਤੇ ਅਜੋਧ ਸਿੰਘ ’ਤੇ ਹਮਲਾ ਬੋਲ ਦਿੱਤਾ ਜਿਸ ’ਚ ਅਜੋਧ ਸਿੰਘ ਪੁੱਤਰ ਹਰਦੀਪ ਸਿੰਘ ਬੁੱਢਣਪੁਰ ਨੂੰ ਬੁਰੀ ਤਰ੍ਹਾਂ ਕੱਟ-ਵੱਢ ਦਿੱਤਾ। ਗੁਰਧਿਆਨ ਸਿੰਘ ਵਾਸੀ ਟਿਵਾਣਾ ਨੇ ਭੱਜ ਕੇ ਜਾਨ ਬਚਾਈ। ਉਸ ਦੀ ਪਿੱਠ ’ਚ ਤਲਵਾਰ ਵੱਜੀ।

ਉਨ੍ਹਾਂ ਦੱਸਿਆ ਕਿ ਪਿੰਡ ਦੇ ਬਾਹਰ ਆਪਣੇ ਖੇਤਾਂ ’ਚ ਕੰਮ ਕਰ ਰਹੇ ਸਤਵੀਰ ਸਿੰਘ ’ਤੇ ਹਮਲਾ ਬੋਲ ਦਿੱਤਾ। ਉਸ ਨੇ ਖੇਤਾਂ ’ਚ ਹੀ ਸਥਿਤ ਨੰਬਰਦਾਰ ਜੋਗਿੰਦਰ ਸਿੰਘ ਦੇ ਘਰ ਵੜ ਕੇ ਜਾਨ ਬਚਾਈ। ਕਾਫੀ ਸਮਾਂ ਨੌਜਵਾਨਾਂ ਨੇ ਘਰ ਨੂੰ ਘੇਰਾ ਪਾਈ ਰੱਖਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਦੇ ਘਰ ਦੇ ਬਾਹਰ ਨਾਲ ਲੱਗਦੀ ਦੁਕਾਨ ’ਤੇ ਸੋਧਾ ਲਾਉਣ ਦੀ ਧਮਕੀ ਦੇ ਕੇ ਆਏ। ਹਥਿਆਬੰਦ ਨੌਜਵਾਨਾਂ ਦੀ ਦਹਿਸ਼ਤ ਕਾਰਨ ਪਿੰਡ ਵਾਸੀਆਂ ਨੇ ਘਰਾਂ ਦੇ ਦਰਵਾਜ਼ੇ ਬੰਦ ਕਰ ਲਏ। ਅਣਪਛਾਤੇ ਨੌਜਵਾਨ ਕਰੀਬ ਕਾਫੀ ਸਮਾਂ ਪਿੰਡ ਦੀ ਗਲੀਆਂ ’ਚ ਗੇੜੀਆਂ ਲਾਂਉਦੇ ਰਹੇ। ਪਿੰਡ ਵਾਸੀਆਂ ਨੇ ਦੱਸਿਆ ਕਿ ਸੂਚਿਤ ਕਰਨ ਦੇ ਬਾਵਜੂਦ ਪੁਲਸ ਘਟਨਾ ਦੇ 2 ਘੰਟੇ ਮਗਰੋਂ ਮੌਕੇ ’ਤੇ ਪੁੱਜੀ। ਬਨੂੜ ਥਾਣੇ ਦੇ ਮੁਖੀ ਗੁਰਚਰਨ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਨੌਜਵਾਨ ਹਾਲੇ ਬਿਆਨ ਦੇਣ ਯੋਗ ਨਹੀਂ ਹੈ। ਅਜੇ ਹੋਰ ਕਿਸੇ ਨੇ ਬਿਆਨ ਦਰਜ ਨਹੀਂ ਕਰਾਏ। ਝਗੜੇ ਦਾ ਕਾਰਨ ਪੁਰਾਣੀ ਰੰਜ਼ਿਸ਼ ਦੱਸਿਆ ਹੈ।


Gurminder Singh

Content Editor

Related News