ਪੰਜਾਬ ’ਚ ਯੈਲੋ ਅਲਰਟ, 41 ਡਿਗਰੀ ਤੋਂ ਪਾਰ ਪਹੁੰਚਿਆ ਪਾਰਾ, ਮੌਸਮ ਵਿਭਾਗ ਨੇ ਰੈੱਡ ਅਲਰਟ ਦੀ ਵੀ ਜਤਾਈ ਸੰਭਾਵਨਾ
Thursday, May 16, 2024 - 06:09 AM (IST)
ਚੰਡੀਗੜ੍ਹ (ਪਾਲ)– ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਨੇ 2 ਦਿਨਾਂ ਲਈ ਯੈਲੋ ਅਲਰਟ ਤੇ 18 ਤੇ 19 ਮਈ ਨੂੰ ਆਰੇਂਜ ਅਲਰਟ ਜਾਰੀ ਕੀਤਾ ਹੈ। ਵਿਭਾਗ ਮੁਤਾਬਕ ਜੇ ਤਾਪਮਾਨ ਇਸੇ ਤਰ੍ਹਾਂ ਵਧਦਾ ਰਿਹਾ ਤਾਂ ਆਰੇਂਜ ਅਲਰਟ ਨੂੰ ਯੈਲੋ ਜਾਂ ਰੈੱਡ ਅਲਰਟ ’ਚ ਵੀ ਬਦਲਿਆ ਜਾ ਸਕਦਾ ਹੈ।
ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਤੱਕ ਪਹੁੰਚ ਗਿਆ। ਬੁੱਧਵਾਰ ਸਵੇਰੇ 11.30 ਵਜੇ ਵੱਧ ਤੋਂ ਵੱਧ ਤਾਪਮਾਨ 37.5 ਡਿਗਰੀ ਤੱਕ ਪਹੁੰਚ ਗਿਆ ਸੀ। ਸਵੇਰ ਤੋਂ ਮੌਸਮ ਸਾਫ਼ ਰਿਹਾ, ਜਦਕਿ ਦੁਪਹਿਰ ਹੁੰਦੇ-ਹੁੰਦੇ ਤਾਪਮਾਨ ਵਧਣ ਲੱਗਾ।
ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਏ. ਕੇ. ਸਿੰਘ ਦਾ ਕਹਿਣਾ ਹੈ ਕਿ ਸਥਿਤੀ ਬਿਲਕੁਲ ਲੂ (ਹੀਟ ਵੇਵ) ਦੀ ਬਣੀ ਹੋਈ ਹੈ। ਇਸ ਨੂੰ ਦੇਖਦਿਆਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਲਈ ਅਲਰਟ ਜਾਰੀ ਕੀਤਾ ਗਿਆ ਹੈ। ਲੂ ਐਲਾਨ ਕਰਨ ਦੇ ਵਿਭਾਗ ਦੇ ਆਪਣੇ ਮਾਪਦੰਡ ਹਨ। ਵੱਧ ਤੋਂ ਵੱਧ ਤਾਪਮਾਨ ਸਾਧਾਰਨ ਤਾਪਮਾਨ ਨਾਲੋਂ ਸਾਢੇ 4 ਡਿਗਰੀ ਜ਼ਿਆਦਾ ਹੈ ਤਾਂ ਇਸ ਨੂੰ ਲੂ (ਹੀਟ ਵੇਵ) ਦੀ ਕੰਡੀਸ਼ਨ ਕਹਿੰਦੇ ਹਨ। ਅਜਿਹੇ ਹੀ ਹਾਲਾਤ ਹੁਣ ਬਣੇ ਹੋਏ ਹਨ। ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਤੱਕ ਪਹੁੰਚ ਗਿਆ। ਅਸੀਂ ਅੰਦਾਜ਼ਾ ਲਾ ਰਹੇ ਹਾਂ ਕਿ ਆਉਣ ਵਾਲੇ ਦਿਨਾਂ ’ਚ 44 ਜਾਂ 45 ਡਿਗਰੀ ਤੱਕ ਰਿਕਾਰਡ ਹੋ ਸਕਦਾ ਹੈ। ਅਲਰਟ ਇਸ ਲਈ ਦਿੱਤਾ ਗਿਆ ਹੈ ਤਾਂ ਜੋ ਲੋਕ ਸਾਵਧਾਨ ਰਹਿਣ। ਖ਼ਾਸ ਕਰਕੇ ਧੁੱਪ ’ਚ ਨਿਕਲਣ ਤੋਂ ਬਚੋ।
ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਖੁੱਲ੍ਹੇਆਮ ਕਰਨ ਲੱਗਾ ਭਾਰਤ ਵਿਰੋਧੀ ਸਰਗਰਮੀਆਂ ਦਾ ਸਮਰਥਨ, ਪੁਲਸ ਕਰਨ ਲੱਗੀ ਖ਼ਾਲਿਸਤਾਨੀਆਂ ਨੂੰ ਸੰਬੋਧਨ
3 ਡਿਗਰੀ ਜ਼ਿਆਦਾ ਰਿਹਾ ਤਾਪਮਾਨ
ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਰਿਹਾ, ਜੋ ਆਮ ਨਾਲੋਂ 3 ਡਿਗਰੀ ਵੱਧ ਸੀ। ਬੀਤੀ ਰਾਤ ਦਾ ਤਾਪਮਾਨ 22.4 ਡਿਗਰੀ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 1 ਡਿਗਰੀ ਵੱਧ ਸੀ। ਵਿਭਾਗ ਮੁਤਾਬਕ ਵੀਰਵਾਰ ਤੋਂ ਸ਼ਹਿਰ ’ਚ ਗਰਮ ਹਵਾਵਾਂ ਭਾਵ ਲੂ ਮਹਿਸੂਸ ਕੀਤੀ ਜਾ ਸਕਦੀ ਹੈ। 18 ਨੂੰ ਵੀ ਤੇਜ਼ ਗਰਮੀ ਦੀਆਂ ਲਹਿਰਾਂ ਦੇ ਵੀ ਆਸਾਰ ਪ੍ਰਗਟਾਏ ਜਾ ਰਹੇ ਹਨ।
ਅੱਗੇ ਅਜਿਹਾ ਰਹਿ ਸਕਦਾ ਹੈ ਤਾਪਮਾਨ
ਵੀਰਵਾਰ ਨੂੰ ਮੌਸਮ ਸਾਫ਼ ਰਹੇਗਾ। ਵੱਧ ਤੋਂ ਵੱਧ ਤਾਪਮਾਨ 41 ਤੇ ਘੱਟੋ-ਘੱਟ 23 ਡਿਗਰੀ ਹੋ ਸਕਦਾ ਹੈ।
ਸ਼ੁੱਕਰਵਾਰ ਨੂੰ ਵੀ ਮੌਸਮ ਸਾਫ਼ ਰਹੇਗਾ। ਵੱਧ ਤੋਂ ਵੱਧ ਤਾਪਮਾਨ 43, ਜਦਕਿ ਘੱਟ ਤੋਂ ਘੱਟ ਤਾਪਮਾਨ 24 ਡਿਗਰੀ ਹੋ ਸਕਦਾ ਹੈ।
ਸ਼ਨੀਵਾਰ ਨੂੰ ਮੌਸਮ ਸਾਫ਼ ਰਹੇਗਾ। ਵੱਧ ਤੋਂ ਵੱਧ ਤਾਪਮਾਨ 43, ਜਦਕਿ ਘੱਟ ਤੋਂ ਘੱਟ ਤਾਪਮਾਨ 24 ਡਿਗਰੀ ਹੋ ਸਕਦਾ ਹੈ।
ਬੁੱਧਵਾਰ ਨੂੰ ਤਾਪਮਾਨ ਇਸ ਤਰ੍ਹਾਂ ਰਿਹਾ
- ਸਵੇਰੇ 5.30 ਵਜੇ– 22.8 ਡਿਗਰੀ
- ਸਵੇਰੇ 8.30 ਵਜੇ– 30.3 ਡਿਗਰੀ
- ਸਵੇਰੇ 11.30 ਵਜੇ– 37.5 ਡਿਗਰੀ
- ਦੁਪਹਿਰ 2.30 ਵਜੇ– 39.8 ਡਿਗਰੀ
- ਸ਼ਾਮ 5.30 ਵਜੇ– 39.8 ਡਿਗਰੀ
- ਰਾਤ 8.30 ਵਜੇ– 31.2 ਡਿਗਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।