ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ, ਐਤਵਾਰ ਤੇ ਸੋਮਵਾਰ ਮੀਂਹ ਨਾਲ ਵਗਣਗੀਆਂ ਤੇਜ਼ ਹਵਾਵਾਂ
Sunday, Aug 25, 2024 - 04:06 AM (IST)
ਚੰਡੀਗੜ੍ਹ (ਪਾਲ) : ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਨੇ ਐਤਵਾਰ ਤੇ ਸੋਮਵਾਰ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਦੋਵੇਂ ਦਿਨ ਤੇਜ਼ ਹਵਾਵਾਂ ਨਾਲ ਮੀਂਹ ਪੈ ਸਕਦਾ ਹੈ। ਸ਼ਨੀਵਾਰ ਨੂੰ ਵੀ ਸ਼ਹਿਰ ਦੇ ਕੁਝ ਹਿੱਸਿਆਂ ’ਚ ਸਵੇਰੇ 6 ਤੋਂ 7 ਵਜੇ ਤੱਕ ਤੇ ਦੁਪਹਿਰ ਤੋਂ ਸ਼ਾਮ ਤੱਕ ਰੁਕ-ਰੁਕ ਕੇ ਮੀਂਹ ਪਿਆ। ਸਵੇਰੇ 8:30 ਤੋਂ ਸ਼ਾਮ 5:30 ਵਜੇ ਤੱਕ 8.1 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।
ਪਿਛਲੇ 24 ਘੰਟਿਆਂ ’ਚ 11.7 ਮਿਲੀਮੀਟਰ ਮੀਂਹ ਪਿਆ ਪਰ ਵੱਧ ਤੋਂ ਵੱਧ ਤਾਪਮਾਨ 35.1 ਡਿਗਰੀ ਰਿਹਾ। ਇਸੇ ਤਰ੍ਹਾਂ ਘੱਟੋ-ਘੱਟ ਤਾਪਮਾਨ 25.3 ਡਿਗਰੀ ਦਰਜ ਕੀਤਾ ਗਿਆ। ਹਾਲਾਂਕਿ ਇਸ ਵਾਰ ਮਾਨਸੂਨ ਸੀਜ਼ਨ ਕਮਜ਼ੋਰ ਰਿਹਾ। ਹੁਣ ਤੱਕ ਆਮ ਨਾਲੋਂ ਕਰੀਬ 22 ਫ਼ੀਸਦੀ ਮੀਂਹ ਘੱਟ ਪਿਆ। ਇਸ ਕਾਰਨ ਗਰਮੀ ਤੇ ਹੁੰਮਸ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ।
ਇਹ ਵੀ ਪੜ੍ਹੋ- ਜਾਗਰੂਕ ਕਰਨ ਦੇ ਬਾਵਜੂਦ ਬੱਚਿਆਂ ਨੂੰ ਵਾਹਨ ਦੇਣ ਤੋਂ ਬਾਜ਼ ਨਹੀਂ ਆ ਰਹੇ ਮਾਪੇ, ਹੁਣ ਪੁਲਸ ਦਰਜ ਕਰੇਗੀ FIR
320 ਮਿਲੀਮੀਟਰ ਘੱਟ ਵਰ੍ਹੇ ਬੱਦਲ
ਮਾਨਸੂਨ ਸੀਜ਼ਨ ਚਾਰ ਮਹੀਨੇ 1 ਜੂਨ ਤੋਂ 30 ਸਤੰਬਰ ਤੱਕ ਰਹਿੰਦਾ ਹੈ। ਚੰਡੀਗੜ੍ਹ ’ਚ ਆਮ ਮੀਂਹ ਦਾ ਕੋਟਾ 844.8 ਮਿਲੀਮੀਟਰ ਹੈ ਪਰ ਹੁਣ ਤੱਕ 520.9 ਮਿਲੀਮੀਟਰ ਮੀਂਹ ਪਿਆ ਹੈ, ਜੋ ਆਮ ਮੀਂਹ ਨਾਲੋਂ 20.8 ਫ਼ੀਸਦੀ ਘੱਟ ਹੈ। ਅਗਸਤ ਖ਼ਤਮ ਹੋਣ ’ਚ ਹਫ਼ਤਾ ਬਾਕੀ ਹੈ ਤੇ ਹਾਲੇ 266.9 ਮਿਲੀਮੀਟਰ ਤੋਂ ਵੱਧ ਮੀਂਹ ਪਿਆ ਹੈ। ਜੁਲਾਈ ’ਚ 236 ਤੇ ਜੂਨ ’ਚ 9.9 ਮਿਲੀਮੀਟਰ ਮੀਂਹ ਪਿਆ ਸੀ। ਮੌਸਮ ਵਿਭਾਗ ਨੇ ਇਸ ਵਾਰ ਚੰਗੇ ਮਾਨਸੂਨ ਦੇ ਸੰਕੇਤ ਦਿੱਤੇ ਸਨ। ਇਸ ਦੇ ਬਾਵਜੂਦ ਜੂਨ ਤੇ ਜੁਲਾਈ ਲਗਭਗ ਸੁੱਕੇ ਰਹੇ। ਜੂਨ ’ਚ ਆਮ ਮੀਂਹ ਦਾ ਕੋਟਾ 155.5 ਮਿਲੀਮੀਟਰ ਹੈ ਤੇ ਪਿਆ 9.9 ਐੱਮ.ਐੱਮ. ਹੈ। ਜੁਲਾਈ ’ਚ 283.5 ਮਿ.ਮੀ. ਮੀਂਹ ਆਮ ਮੰਨਿਆ ਜਾਂਦਾ ਹੈ।
2020 ’ਚ ਅਗਸਤ ’ਚ ਰਿਕਾਰਡ 441.3 ਮਿਲੀਮੀਟਰ ਬਾਰਿਸ਼
ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ’ਚ ਮਾਨਸੂਨ ਸੀਜ਼ਨ ਲਈ ਬਰਸਾਤ ਦਾ ਕੋਟਾ ਪੂਰਾ ਹੋ ਸਕਦਾ ਹੈ। ਅਗਸਤ ਨੂੰ ਮਾਨਸੂਨ ਸੀਜ਼ਨ ਦਾ ਸਿਖਰ ਮੰਨਿਆ ਜਾਂਦਾ ਹੈ ਕਿਉਂਕਿ ਸ਼ਹਿਰ ’ਚ ਚੰਗੀ ਬਾਰਿਸ਼ ਹੁੰਦੀ ਹੈ। ਇਸ ਤੋਂ ਪਹਿਲਾਂ 2020 ’ਚ ਪੂਰੇ ਅਗਸਤ ’ਚ ਸਭ ਤੋਂ ਵੱਧ 441.3 ਮਿਲੀਮੀਟਰ ਬਾਰਿਸ਼ ਹੋਈ ਸੀ ਜੋ ਪਿਛਲੇ 10 ਸਾਲਾਂ ਦਾ ਰਿਕਾਰਡ ਹੈ।
ਇਹ ਵੀ ਪੜ੍ਹੋ- Love Marriage ਕਰਵਾਉਣ ਵਾਲੇ ਜੋੜੇ ਨੇ ਮੰਗੀ ਸੁਰੱਖਿਆ, ਅਦਾਲਤ ਨੇ ਉਨ੍ਹਾਂ 'ਤੇ ਹੀ ਕਰ'ਤੀ ਕਾਰਵਾਈ