ਕੈਪਟਨ ਦੇ ਉਹ ਵਿਧਾਇਕ ਜਿਨ੍ਹਾਂ ਦਾ ਖਾਕੀ ਨਾਲ ਪਿਆ ਪੰਗਾ, ਰਹੇ ਸੁਰਖੀਆਂ ''ਚ

Sunday, Dec 29, 2019 - 06:38 PM (IST)

ਕੈਪਟਨ ਦੇ ਉਹ ਵਿਧਾਇਕ ਜਿਨ੍ਹਾਂ ਦਾ ਖਾਕੀ ਨਾਲ ਪਿਆ ਪੰਗਾ, ਰਹੇ ਸੁਰਖੀਆਂ ''ਚ

ਜਲੰਧਰ (ਵੈੱਬ ਡੈਸਕ) : ਖਾਕੀ ਤੇ ਖਾਦੀ ਦੋਵੇਂ ਹੀ ਅਸਰ ਰਸੂਖ ਵਾਲੇ ਅਤੇ ਦੋਵੇਂ ਇਕ-ਦੂਜੇ ਦੇ ਹਮਰਾਜ਼ ਪਰ ਜਦੋਂ ਦੋਵਾਂ ਵਿਚ ਪੰਗਾ ਪੈ ਜਾਵੇ ਤਾਂ ਅਖਬਾਰਾਂ ਦੀਆਂ ਸੁਰਖੀਆਂ ਬਣਨੀਆਂ ਸੁਭਾਵਕ ਹੈ। ਖਾਕੀ ਤੇ ਖਾਦੀ ਦੀ ਇਹ ਜੰਗ, ਉਦੋਂ ਹੋਰ ਵੀ ਦਿਲਚਸਪ ਹੋ ਜਾਂਦੀ ਹੈ ਜਦੋਂ ਖਾਦੀ ਵਾਲੇ ਸਰਕਾਰ ਦੇ ਨੁਮਾਇੰਦੇ ਹੋਣ ਕਿਉਂਕਿ ਖਾਕੀ ਤੇ ਖਾਦੀ ਦੋਵਾਂ ਦੇ ਆਕਾ ਇਕ ਹੀ ਹੁੰਦੇ ਹਨ। ਅਜਿਹੇ 'ਚ ਪੱਲੜਾ ਕਿਸਦਾ ਭਾਰੀ ਰਹਿੰਦਾ ਹੈ ਇਹ ਵੇਖਣਾ ਹੋਰ ਵੀ ਜ਼ਿਆਦਾ ਦਿਲਚਸਪ ਬਣ ਜਾਂਦਾ ਹੈ। ਤੁਹਾਨੂੰ ਦੱਸਦੇ ਹਾਂ ਪੰਜਾਬ ਸਰਕਾਰ ਦੇ ਅਜਿਹੇ ਕੁਝ ਨੁਮਾਇੰਦਿਆਂ ਦੇ ਪੁਲਸ ਨਾਲ ਪਏ ਪੰਗਿਆਂ ਬਾਰੇ ਜਿਨ੍ਹਾਂ ਨੇ 2019 'ਚ ਖੂਬ ਸੁਰਖੀਆਂ ਬਟੋਰੀਆਂ। 

PunjabKesari

ਲਾਡੀ ਸ਼ੋਰੋਵਾਲੀਆ/ਇੰਸਪੈਕਟਰ ਬਾਜਵਾ 
ਸ਼ਾਹਕੋਟ ਜ਼ਿਮਣੀ ਚੋਣ ਦੌਰਾਨ ਕਾਂਗਰਸੀ ਵਿਧਾਇਕ ਲਾਡੀ ਸ਼ੇਰੋਵਾਲੀਆ ਅਤੇ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਵਿਚਾਲੇ ਪਏ ਪੰਗੇ ਨੇ ਕਾਫੀ ਤੂਲ ਫੜਿਆ। ਦਰਅਸਲ ਇੰਸਪੈਰਟਰ ਬਾਜਵਾ ਨੇ ਕਾਂਗਰਸ ਵਿਧਾਇਕ ਲਾਡੀ ਸ਼ੇਰੋਵਾਲੀਆ 'ਤੇ ਮਾਈਨਿੰਗ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਇਸ ਦੌਰਾਨ ਲਾਡੀ ਸ਼ੇਰੋਵਾਲੀਆ ਦਾ ਇਕ ਕਥਿਤ ਵੀਡੀਓ ਵੀ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਇੰਸਪੈਰਟਰ ਬਾਜਵਾ ਨੇ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਸੀ। ਵਿਧਾਇਕ ਤੇ ਇੰਸਪੈਕਟਰ ਵਿਚਾਲੇ ਪੈਦਾ ਹੋਇਆ ਵਿਵਾਦ ਕਾਫੀ ਭਖਿਆ ਸੀ, ਜਿਸ ਤੋਂ ਬਾਅਦ ਜਲੰਧਰ ਅਦਾਲਤ 'ਚੋਂ ਉਸ ਸਮੇਂ ਹਿਰਾਸਤ 'ਚ ਲਿਆ ਗਿਆ ਸੀ ਜਦ ਉਹ ਆਪਣੇ ਸਾਥੀ ਮੁਲਾਜ਼ਮਾਂ ਤੋਂ ਖਤਰਾ ਦੱਸਦੇ ਹੋਏ ਸੁਰੱਖਿਆ ਦੀ ਮੰਗ ਕਰਨ ਗਏ ਸਨ। ਬਾਜਵਾ 'ਤੇ ਕੋਰਟ 'ਚ ਰਿਵਾਲਵਰ ਲੈ ਕੇ ਜਾਣ ਅਤੇ ਮੁਲਾਜ਼ਮ ਨਾਲ ਧੱਕਾਮੁੱਕੀ ਕਰਨ ਦੇ ਦੋਸ਼ ਲੱਗੇ ਸਨ, ਜਿਸ 'ਤੇ ਸੈਸ਼ਨ ਕੋਰਟ ਨੇ ਬਾਜਵਾ ਦੀ ਅਪੀਲ ਨੂੰ ਖਾਰਿਜ ਕਰਦਿਆਂ ਪੁਲਸ ਨੂੰ ਬਾਜਵਾ ਨੂੰ ਹਿਰਾਸਤ 'ਚ ਲੈਣ ਦੇ ਹੁਕਮ ਦਿੱਤੇ ਸਨ। 


PunjabKesari
ਦਵਿੰਦਰ ਸਿੰਘ ਘੁਬਾਇਆ/ਐੱਸ.ਐੱਚ.ਓ. ਲਵਮੀਤ ਕੌਰ
ਕੈਪਟਨ ਸਰਕਾਰ ਦਾ 'ਜੁੱਲੀ-ਬਿਸਤਰਾ ਵਾਲੇ ਵਿਧਾਇਕ' ਤਾਂ ਤੁਹਾਨੂੰ ਯਾਦ ਹੀ ਹੋਵੇਗਾ। ਫਾਜ਼ਿਲਕਾ ਤੋਂ ਵਿਧਾਇਕ ਦਵਿੰਦਰ ਸਿੰਘ ਘੁਬਾਇਆ। ਪੰਜਾਬ ਪੁਲਸ ਨਾਲ ਪੰਗਾ ਲੈਣ ਵਾਲਿਆਂ 'ਚ ਸਭ ਤੋਂ ਉਪਰ ਨਾਂ ਦਵਿੰਦਰ ਘੁਬਾਇਆ ਦਾ ਹੈ। ਘੁਬਾਇਆ ਨੇ ਮਹਿਲਾ ਐੱਸ. ਐੱਚ. ਓ. ਲਵਮੀਤ ਕੌਰ ਨਾਲ ਪੰਗਾ ਲਿਆ। ਫਸਾਦ, ਘੁਬਾਇਆ ਦੇ ਇਕ ਕਰੀਬੀ ਦਾ ਚਲਾਨ ਕੱਟਣ ਤੋਂ ਪਿਆ, ਜਿਸਨੂੰ ਲੈ ਕੇ ਵਿਧਾਇਕ ਨੇ ਫੋਨ 'ਤੇ ਐੱਸ. ਐੱਚ. ਓ. ਲਵਮੀਤ ਕੌਰ ਨੂੰ ਧਮਕੀਆਂ ਦਿੱਤੀਆਂ ਅਤੇ ਉਸਦਾ ਜੁੱਲੀ ਬਿਸਤਰਾ ਗੋਲ ਕਰਨ ਦੀ ਗੱਲ ਵੀ ਕਹੀ। ਵਿਧਾਇਕ ਦੀ ਇਹ ਆਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ। ਇਸ ਮਾਮਲੇ 'ਚ ਖਾਕੀ 'ਤੇ ਖਾਦੀ ਭਾਰੀ ਪੈ ਗਈ। ਵਿਧਾਇਕ ਨੇ ਸਚਮੁੱਚ ਹੀ ਐੱਸ. ਐੱਚ. ਓ. ਦਾ ਜੁੱਲੀ ਬਿਸਤਰਾ ਗੋਲ ਕਰਵਾ ਦਿੱਤਾ। ਐੱਸ. ਐੱਚ. ਓ. ਲਵਮੀਤ ਕੌਰ ਦਾ ਤਬਾਦਲਾ ਫਾਜ਼ਿਲਕਾ ਤੋਂ ਜਲਾਲਾਬਾਦ ਹੋ ਗਿਆ, ਹਾਲਾਂਕਿ ਪੁਲਸ ਵਿਭਾਗ ਇਸ ਨੂੰ ਰੂਟੀਨ ਦੀ ਟਰਾਂਸਫਰ ਦੱਸਦਾ ਰਿਹਾ। 


PunjabKesari
ਕੁਲਬੀਰ ਸਿੰਘ ਜ਼ੀਰਾ/ਆਈ.ਜੀ. ਛੀਨਾ
ਪੰਜਾਬ ਪੁਲਸ ਨਾਲ ਖਹਿਬੜਣ ਵਾਲੇ ਲੀਡਰਾਂ 'ਚ ਦੂਜਾ ਨਾਂ ਹੈ ਜ਼ੀਰਾ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦਾ। ਜ਼ੀਰਾ ਨੇ ਭਰੀ ਸਟੇਜ ਤੋਂ ਆਪਣੇ ਹੀ ਪੁਲਸ ਅਸਫਰਾਂ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾ ਦਿੱਤੇ। ਨਿਸ਼ਾਨੇ 'ਤੇ ਰਹੇ ਆਈ. ਜੀ. ਮੁਖਵਿੰਦਰ ਸਿੰਘ ਛੀਨਾ। ਜ਼ੀਰਾ 'ਚ ਇਕ ਸਹੁੰ ਚੁੱਕ ਸਮਾਗਮ ਦੌਰਾਨ ਜ਼ੀਰਾ ਨੇ ਆਪਣੇ ਇਲਾਕੇ 'ਚੋਂ ਨਸ਼ੇ ਖਤਮ ਨਾ ਹੋਣ ਪਿੱਛੇ ਆਈ. ਜੀ. ਛੀਨਾ ਦਾ ਹੱਥ ਦੱਸਦੇ ਹੋਏ ਵੱਡੇ ਦੋਸ਼ ਲਗਾਏ ਸਨ। ਹਾਲਾਂਕਿ ਬਾਅਦ 'ਚ ਇਹ ਮਾਮਲਾ ਪੁਲਸ ਵਲੋਂ ਭਟਕਦਾ ਹੋਇਆ ਸਿਆਸੀ ਰੁਖ ਲੈ ਗਿਆ ਤੇ ਜ਼ੀਰਾ ਦੇ ਬਿਆਨ ਨੂੰ ਕੈਪਟਨ ਵਿਰੋਧੀ ਮੰਨਦਿਆਂ ਪਾਰਟੀ ਨੇ ਜ਼ੀਰਾ ਖਿਲਾਫ ਹੀ ਕਾਰਵਾਈ ਕੀਤੀ, ਜਿਸ ਪਿੱਛੋਂ ਜ਼ੀਰਾ ਤੇ ਛੀਨਾ ਦੀ ਜੰਗ ਮੱਠੀ ਪੈ ਗਈ।


PunjabKesari
ਭਾਰਤ ਭੂਸ਼ਣ ਆਸ਼ੂ/ਡੀ.ਐੱਸ.ਪੀ. ਸੇਖੋਂ
ਪੰਜਾਬ ਪੁਲਸ ਨਾਲ ਸਭ ਤੋਂ ਵੱਡਾ ਪੰਗਾ ਲਿਆ ਕੈਪਟਨ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ। ਆਸ਼ੂ ਤੇ ਡੀ. ਐੱਸ. ਪੀ. ਬਲਵਿੰਦਰ ਸਿੰਘ ਸੇਖੋਂ ਦਾ ਵਿਵਾਦ ਨਾ ਸਿਰਫ ਅਖਬਾਰਾਂ ਦੀਆਂ ਸੁਰਖੀਆਂ ਬਣਿਆ, ਸਗੋਂ ਸੋਸ਼ਲ ਮੀਡੀਆ 'ਤੇ ਵੀ ਇਸਦੇ ਖੂਬ ਚਰਚੇ ਰਹੇ। ਵਿਵਾਦ ਸ਼ੁਰੂ ਹੋਇਆ ਆਸ਼ੂ ਦੇ ਹਲਕੇ 'ਚ ਬਣ ਰਹੇ ਫਲੈਟਾਂ ਦੀ ਇਨਕੁਆਰੀ ਤੋਂ, ਜਿਸਦੀ ਰਿਪੋਰਟ 'ਚ ਆਸ਼ੂ ਦੇ ਕਿਸੇ ਬੰਦੇ ਦਾ ਨਾਂ ਆਇਆ। ਉਸਨੂੰ ਜਾਂਚ 'ਚੋਂ ਕਢਵਾਉਣ ਲਈ ਮੰਤਰੀ ਨੇ ਡੀ. ਐੱਸ. ਪੀ. 'ਤੇ ਦਬਾਅ ਪਾਇਆ। ਸੇਖੋਂ ਵਲੋਂ ਇਸਦੀ ਆਡੀਓ ਵਾਇਰਲ ਕਰਨ ਤੋਂ ਬਾਅਦ ਪੁਆੜਾ ਵਧ ਗਿਆ। ਆਸ਼ੂ ਨੇ ਵੀ ਸੇਖੋਂ 'ਤੇ ਗਾਲੀ-ਗਲੋਚ ਵਾਲੇ ਮੈਸੇਜਾਂ ਭੇਜਣ ਦਾ ਦੋਸ਼ ਲਾਇਆ, ਜਿਸਦੀ ਇਨਕੁਆਰੀ ਤੋਂ ਬਾਅਦ ਡੀ. ਐੱਸ. ਪੀ. ਸੇਖੋਂ ਨੂੰ ਸਸਪੈਂਡ ਕਰ ਦਿੱਤਾ ਗਿਆ। ਸੇਖੋਂ ਵਲੋਂ ਆਪਣੀ ਸਸਪੈਂਸ਼ਨ ਨੂੰ ਅਦਾਲਤ 'ਚ ਚੁਣੌਤੀ ਦੇਣ ਦੀ ਗੱਲ ਕਹੀ ਜਾ ਰਹੀ ਹੈ ਪਰ ਖਾਕੀ ਤੇ ਖਾਦੀ ਵਿਚਾਲੇ ਇਹ ਜੰਗ ਅਜੇ ਵੀ ਜਾਰੀ ਹੈ। ਕੌਣ, ਕਿਸ 'ਤੇ ਹਾਵੀ ਹੁੰਦਾ ਹੈ, ਇਹ ਵੇਖਣਾ ਬਾਕੀ ਹੈ।


author

Gurminder Singh

Content Editor

Related News