ਯਸ਼ ਕਤਲ ਮਾਮਲੇ ''ਚ ਇਕ ਹੋਰ ਮੁਲਜ਼ਮ ਗ੍ਰਿਫ਼ਤਾਰ, ਵਾਰਦਾਤ ’ਚ ਵਰਤੀ ਥਾਰ ਵੀ ਬਰਾਮਦ
Tuesday, Nov 24, 2026 - 01:09 PM (IST)
ਖਰੜ (ਰਣਬੀਰ) : 17 ਸਾਲਾ ਯਸ਼ ਕਤਲ ਮਾਮਲੇ ’ਚ ਪੁਲਸ ਨੇ ਇਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੀ ਪਛਾਣ ਖਰੜ ਵਾਸੀ ਅਮਰਵੀਰ ਸਿੰਘ (19) ਵਜੋਂ ਹੋਈ ਹੈ। ਪੁਲਸ ਨੇ ਵਾਰਦਾਤ ’ਚ ਵਰਤੀ ਮੁੱਖ ਮੁਲਜ਼ਮ ਤਰਨ ਗਰੇਵਾਲ ਦੀ ਥਾਰ ਵੀ ਸੰਨੀ ਇਨਕਲੇਵ ਇਲਾਕੇ ’ਚੋਂ ਲਾਵਾਰਸ ਹਾਲਤ ’ਚ ਬਰਾਮਦ ਕਰ ਲਈ ਹੈ। ਗ੍ਰਿਫ਼ਤਾਰ ਮੁਲਜ਼ਮ ਨੂੰ ਖਰੜ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਦੋ ਦਿਨਾਂ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਉੱਧਰ, ਮੁੱਖ ਮੁਲਜ਼ਮ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਮ੍ਰਿਤਕ ਦੇ ਪਰਿਵਾਰ ਦਾ ਗੁੱਸਾ ਅਜੇ ਵੀ ਬਰਕਰਾਰ ਹੈ। ਪਰਿਵਾਰ ਨੇ ਪੁਲਸ ਨੂੰ 48 ਘੰਟਿਆਂ ਦਾ ਨਵਾਂ ਅਲਟੀਮੇਟਮ ਦਿੱਤਾ ਹੈ। ਪੁਲਸ ਨੇ ਅਮਰਵੀਰ ਸਿੰਘ ਨੂੰ ਮੋਹਾਲੀ ’ਚ ਉਸ ਸਮੇਂ ਗ੍ਰਿਫ਼ਤਾਰ ਕੀਤਾ, ਜਦੋਂ ਉਹ ਆਪਣੇ ਇਕ ਦੋਸਤ ਨੂੰ ਮਿਲਣ ਗਿਆ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਸਮੇਂ ਉਹ ਥਾਰ ’ਚ ਮੁੱਖ ਮੁਲਜ਼ਮ ਤਰਨ ਗਰੇਵਾਲ ਦੇ ਨਾਲ ਵਾਲੀ ਸੀਟ ’ਤੇ ਬੈਠਾ ਸੀ। ਪੁਲਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ, ਤਾਂ ਜੋ ਕਤਲ ਨਾਲ ਜੁੜੇ ਹੋਰ ਤੱਥਾਂ ਦਾ ਪਤਾ ਲਗਾਇਆ ਜਾ ਸਕੇ। ਪੁਲਸ ਨੇ ਤਰਨ ਗਰੇਵਾਲ ਦੀ ਥਾਰ ਸੰਨੀ ਇਨਕਲੇਵ ਇਲਾਕੇ ’ਚੋਂ ਲਾਵਾਰਸ ਹਾਲਤ ਵਿੱਚ ਬਰਾਮਦ ਕੀਤੀ ਹੈ। ਨਾਲ ਹੀ ਵਾਰਦਾਤ ’ਚ ਨੁਕਸਾਨੀ ਗਈ ਐਕਟਿਵਾ ਵੀ ਪੁਲਸ ਨੇ ਕਬਜ਼ੇ ’ਚ ਲੈ ਲਈ ਹੈ। ਦੋਵੇਂ ਵਾਹਨਾਂ ਨੂੰ ਕਬਜ਼ੇ ’ਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ।
ਪੁਲਸ ਦੇ ਭਰੋਸੇ ਮਗਰੋਂ ਪਰਿਵਾਰ ਨੇ ਟਾਲਿਆ ਧਰਨਾ
ਸੋਮਵਾਰ ਸਵੇਰੇ 10 ਵਜੇ ਤੱਕ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪਰਿਵਾਰ ਵੱਲੋਂ ਥਾਣਾ ਸਦਰ ਖਰੜ ਦਾ ਘਿਰਾਓ ਕਰਕੇ ਧਰਨਾ ਦੇਣ ਦੀ ਤਿਆਰੀ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁਲਸ ਅਧਿਕਾਰੀਆਂ ਨੇ ਪਰਿਵਾਰ ਨਾਲ ਗੱਲਬਾਤ ਕੀਤੀ। ਮੌਕੇ ’ਤੇ ਪਹੁੰਚੇ ਡੀ.ਐੱਸ.ਪੀ. ਈਸ਼ਾਨ ਸਿੰਗਲਾ ਨੇ ਪਰਿਵਾਰ ਨੂੰ ਦੱਸਿਆ ਕਿ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਬਾਕੀ ਮੁਲਜ਼ਮਾਂ ਦੀ ਭਾਲ ਲਈ ਪੁਲਸ ਟੀਮਾਂ ਲਗਾਤਾਰ ਕਾਰਵਾਈ ਕਰ ਰਹੀਆਂ ਹਨ। ਪੁਲਸ ਅਧਿਕਾਰੀ ਦੇ ਭਰੋਸੇ ਤੋਂ ਬਾਅਦ ਪਰਿਵਾਰ ਨੇ ਫਿਲਹਾਲ ਥਾਣੇ ਦਾ ਘਿਰਾਓ ਤੇ ਧਰਨਾ ਟਾਲ ਦਿੱਤਾ। ਹਾਲਾਂਕਿ ਮ੍ਰਿਤਕ ਦੇ ਦਾਦਾ ਨੇ ਸਪੱਸ਼ਟ ਕੀਤਾ ਕਿ ਅਗਲੇ 48 ਘੰਟਿਆਂ ’ਚ ਮੁੱਖ ਮੁਲਜ਼ਮ ਤਰਨ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਪਰਿਵਾਰ ਮੁੜ ਧਰਨਾ-ਪ੍ਰਦਰਸ਼ਨ ਕਰੇਗਾ।
ਮੁੱਖ ਮੁਲਜ਼ਮ ਦੀ ਗ੍ਰਿਫ਼ਤਾਰੀ ਤੱਕ ਪੋਸਟਮਾਰਟਮ ਤੋਂ ਇਨਕਾਰ
ਪਰਿਵਾਰ ਅਜੇ ਵੀ ਯਸ਼ ਦਾ ਪੋਸਟਮਾਰਟਮ ਕਰਵਾਉਣ ਲਈ ਤਿਆਰ ਨਹੀਂ ਹੈ। ਉਸ ਦੀ ਲਾਸ਼ ਸਿਵਲ ਹਸਪਤਾਲ ਫੇਜ਼-6 ਦੀ ਮੋਰਚਰੀ ’ਚ ਰੱਖੀ ਹੋਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਮੁੱਖ ਮੁਲਜ਼ਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਪੋਸਟਮਾਰਟਮ ਕਰਵਾਇਆ ਜਾਵੇਗਾ ਤੇ ਯਸ਼ ਦਾ ਅੰਤਮ ਸਸਕਾਰ ਕੀਤਾ ਜਾਵੇਗਾ। ਫਿਲਹਾਲ ਪਰਿਵਾਰ ਪੁਲਸ ਦੀ ਅਗਲੀ ਕਾਰਵਾਈ ਦੀ ਉਡੀਕ ਕਰ ਰਿਹਾ ਹੈ।
