ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਦੀ ਬਦਲੇਗੀ ਨੁਹਾਰ, ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤਾ ਕਰੋੜਾਂ ਦੀ ਲਾਗਤ ਦਾ ਕੰਮ

08/06/2023 2:17:03 PM

ਗੁਰਦਾਸਪੁਰ (ਹਰਮਨ)- ਅੰਗਰੇਜ਼ ਹਕੂਮਤ ਵੱਲੋਂ ਜ਼ਿਲ੍ਹਾ ਹੈੱਡਕੁਆਰਟਰ ਨੂੰ ਪਠਾਨਕੋਟ ਅਤੇ ਅੰਮ੍ਰਿਤਸਰ ਰਾਹੀਂ ਦੇਸ਼ ਦੇ ਵੱਖ-ਵੱਖ ਸੂਬਿਆਂ ਨਾਲ ਜੋੜਣ ਲਈ ਬਣਾਏ ਗਏ ਰੇਲਵੇ ਸਟੇਸ਼ਨ ਦੀ ਕਰੀਬ ਇਕ ਸਦੀ ਬਾਅਦ ਨੁਹਾਰ ਬਦਲਣ ਜਾ ਰਹੀ ਹੈ, ਜਿਸ ਤਹਿਤ ਇਸ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਦੇ ਕੰਮ ਦਾ ਰਸਮੀ ਆਗਾਜ਼ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 6 ਅਗਸਤ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਕੀਤਾ ਜਾਵੇਗਾ।

ਇਸ ਮੰਤਵ ਲਈ ਰੇਲਵੇ ਵਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ 6 ਅਗਸਤ ਸਵੇਰੇ 9.30 ਵਜੇ ਪ੍ਰਸ਼ਾਸਨ ਅਤੇ ਰੇਲਵੇ ਵਲੋਂ ਬਕਾਇਦਾ ਪ੍ਰਭਾਵਸ਼ਾਲੀ ਸਮਾਗਮ ਵੀ ਕਰਵਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਦੇਸ਼ ਦੇ 502 ਰੇਲਵੇ ਸਟੇਸ਼ਨਾਂ ਦੇ ਨਵੀਨੀਕਰਨ ਦੇ ਉਲੀਕੇ ਗਏ ਪ੍ਰੋਗਰਾਮ ਤਹਿਤ ਪੰਜਾਬ ਦੇ ਜਿਹੜੇ 16 ਸਟੇਸ਼ਨ ਚੁਣੇ ਗਏ ਹਨ। ਉਨ੍ਹਾਂ ’ਚ ਗੁਰਦਾਸਪੁਰ ਦੇ ਇਸ ਰੇਲਵੇ ਸਟੇਸ਼ਨ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਬਟਾਲਾ 'ਚ ਵੱਡੀ ਵਾਰਦਾਤ, 60 ਸਾਲ ਦੇ ਬਜ਼ੁਰਗ ਦਾ ਬੇਹਰਿਮੀ ਨਾਲ ਕਤਲ, ਵੱਢੇ ਹੱਥ-ਪੈਰ

ਕਈ ਸਮੱਸਿਆਵਾਂ ਦਾ ਕੇਂਦਰ ਸੀ ਪੁਰਾਣਾ ਰੇਲਵੇ ਸਟੇਸ਼ਨ

ਇਕੱਤਰ ਜਾਣਕਾਰੀ ਮੁਤਾਬਕ ਗੁਰਦਾਸਪੁਰ ਦਾ ਰੇਲਵੇ ਸਟੇਸ਼ਨ ਅੰਗਰੇਜ਼ਾਂ ਵੱਲੋਂ ਕਰੀਬ ਇਕ ਸਦੀ ਪਹਿਲਾਂ ਕਰਵਾਇਆ ਗਿਆ ਸੀ, ਜਿਥੇ ਲੰਮਾ ਸਮਾਂ ਸਹੂਲਤਾਂ ਦੀ ਵੱਡੀ ਘਾਟ ਰੜਕਦੀ ਰਹੀ ਅਤੇ ਲੰਮਾ ਅਰਸਾ ਇਸ ਸਟੇਸ਼ਨ ’ਤੇ ਸਿਰਫ਼ ਇਕੋ ਪਲੇਟਫਾਰਮ ਹੋਣ ਕਾਰਨ ਕਈ ਵਾਰ ਲੋਕਾਂ ਨੂੰ ਰੇਲ ਗੱਡੀਆਂ ਤੋਂ ਚੜ੍ਹਨ ਅਤੇ ਉਤਰਨ ਮੌਕੇ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ। ਇਥੋਂ ਤੱਕ ਕਿ ਲੋਕਾਂ ਨੂੰ ਕਈ ਵਾਰ ਆਪਣੀ ਜਾਨ ਵੀ ਜੋਖਿਮ ’ਚ ਪਾਉਣੀ ਪੈਂਦੀ ਸੀ।

ਹੋਰ ਤੇ ਹੋਰ ਇਸ ਰੇਲਵੇ ਸਟੇਸ਼ਨ ’ਤੇ ਪੀਣ ਵਾਲੇ ਪਾਣੀ ਅਤੇ ਪਖਾਨਿਆਂ ਦਾ ਵੀ ਸੁਚੱਜਾ ਪ੍ਰਬੰਧ ਨਹੀਂ ਸੀ, ਜਿਸ ਕਰ ਕੇ ਅਕਸਰ ਯਾਤਰੀ ਪ੍ਰੇਸ਼ਾਨ ਹੁੰਦੇ ਸਨ। ਰੇਲਵੇ ਸਟੇਸ਼ਨ ਦੀ ਸਮੁੱਚੀ ਇਮਾਰਤ ਵੀ ਪੁਰਾਣੀ ਹੋਣ ਕਰ ਕੇ ਪ੍ਰੇਸ਼ਾਨੀਆਂ ਦਾ ਕਾਰਨ ਬਣਦੀ ਸੀ ਪਰ ਹੁਣ ਜਦੋਂ ਸਮਾਂ ਬਦਲਿਆ ਹੈ ਤਾਂ ਇਸ ਰੇਲਵੇ ਸਟੇਸ਼ਨ ’ਚ ਸਹੂਲਤਾਂ ਦਾ ਵੱਡੀ ਘਾਟ ਰੜਕ ਰਹੀ ਸੀ, ਜਿਸ ਦੇ ਚੱਲਦਿਆਂ ਹੁਣ ਕੇਂਦਰ ਸਰਕਾਰ ਅਤੇ ਰੇਲਵੇ ਮੰਤਰਾਲੇ ਨੇ ਜ਼ਿਲਾ ਹੈੱਡਕੁਆਟਰ ’ਤੇ ਸਥਿਤ ਇਸ ਰੇਲਵੇ ਸਟੇਸ਼ਨ ਨੂੰ 16.5 ਕਰੋੜ ਰੁਪਏ ਦੀ ਲਾਗਤ ਨਾਲ ਦੁਬਾਰਾ ਬਣਾਉਣ ਦਾ ਵੱਡਾ ਉਪਰਾਲਾ ਸ਼ੁਰੂ ਕੀਤਾ ਹੈ।

ਇਹ ਵੀ ਪੜ੍ਹੋ- ਪੰਜਾਬ ਪੁਲਸ ਨੇ ਫਿਰ ਤੋਂ ਨਸ਼ਾ ਤਸਕਰੀ ਦਾ ਕੀਤਾ ਪਰਦਾਫ਼ਾਸ਼, ਚਾਰ ਕਿਲੋ ਹੈਰੋਇਨ ਕੀਤੀ ਜ਼ਬਤ

ਕਿਹੋ ਜਿਹਾ ਹੋਵੇਗਾ ਨਵਾਂ ਰੇਲਵੇ ਸਟੇਸ਼ਨ

ਗੁਰਦਾਸਪੁਰ ਦੇ ਸਟੇਸ਼ਨ ਮਾਸਟਰ ਸੁਰਿੰਦਰ ਕੁਮਾਰ ਅਤੇ ਹੋਰ ਅਧਿਕਾਰੀਆਂ ਤੋਂ ਇਕੱਤਰ ਜਾਣਕਾਰੀ ਮੁਤਾਬਕ ਇਸ ਰੇਲਵੇ ਸਟੇਸ਼ਨ ’ਚ ਸਮੁੱਚੀ ਇਮਾਰਤ ਅਤੇ ਪਲੇਟਫਾਰਮ ਸਮੇਤ ਸਾਰੀਆਂ ਸਹੂਲਤਾਂ ਆਧੁਨਿਕ ਤਕਨਾਲੋਜੀ ਨਾਲ ਲੈਂਸ ਹੋਣਗੀਆਂ। ਇਸ ਨਵੇਂ ਰੇਲਵੇ ਸਟੇਸ਼ਨ ’ਚ ਸਭ ਤੋਂ ਵੱਡੀ ਗੱਲ ਇਹ ਹੋਵੇਗੀ ਕਿ ਹੁਣ ਇੱਥੇ 2 ਵੱਡੇ ਪਲੇਟਫਾਰਮ ਬਣਾਏ ਜਾਣਗੇ ਤਾਂ ਜੋ ਇਸ ਰੇਲਵੇ ਸਟੇਸ਼ਨ ’ਤੇ ਆਉਣ-ਜਾਣ ਵਾਲੀਆਂ ਰੇਲ ਗੱਡੀਆਂ ਇਨ੍ਹਾਂ ਪਲੇਟਫਾਰਮਾਂ ’ਤੇ ਰੋਕੀਆਂ ਜਾ ਸਕਣ ਅਤੇ ਯਾਤਰੀ ਆਸਾਨੀ ਨਾਲ ਰੇਲ ਗੱਡੀਆਂ ’ਚ ਚੜ੍ਹ ਅਤੇ ਉਤਰ ਸਕਣ।

ਇਸਦੇ ਨਾਲ ਹੀ ਦੋਵਾਂ ਪਲੇਟਫਾਰਮਾਂ ਅਤੇ ਸਟੇਸ਼ਨ ਦੇ ਹੋਰ ਹਿੱਸਿਆਂ ’ਤੇ ਪਖਾਨੇ ਅਤੇ ਪੀਣ ਵਾਲੇ ਸਾਫ਼ ਪਾਣੀ ਦੇ ਸੁਚੱਜੇ ਪ੍ਰਬੰਧ ਵੀ ਹੋਣਗੇ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਪੇਸ਼ ਨਾ ਆਵੇ। ਇਸ ਨਵੇਂ ਸਟੇਸ਼ਨ ਵਿੱਚ ਪ੍ਰਭਾਵਸ਼ਾਲੀ ਦਿੱਖ ਵਾਲੀ ਇਮਾਰਤ ਉਸਾਰੀ ਜਾਵੇਗੀ। ਜਿਸਦੇ ਫਰੰਟ ਬਲਾਕ ’ਚ ਪੋਰਚ ਹੋਵੇਗੀ ਅਤੇ 100 ਵਰਗ ਮੀਟਰ ਦੀ ਐਂਟਰੀ ਵਾਲੀ ਲੋਬੀ ਤਿਆਰ ਕੀਤੀ ਜਾਵੇਗੀ। 16.63 ਵਰਗ ਮੀਟਰ ਦਾ ਟਿਕਟ ਅਤੇ ਰਿਜ਼ਰਵੇਸ਼ਨ ਕਾਰਨਰ ਹੋਵੇਗਾ, ਜਦੋਂ ਕਿ ਕਰੀਬ 70 ਵਰਗ ਮੀਟਰ ਦਾ ਏਅਰਕੰਡੀਸ਼ਨ ਵੇਟਿੰਗ ਹਾਲ ਬਣਾਇਆ ਜਾਵੇਗਾ।

ਇਹ ਵੀ ਪੜ੍ਹੋ- ਕੈਨੇਡਾ 'ਚ ਮ੍ਰਿਤਕ ਨੌਜਵਾਨ ਦੀ ਪਿੰਡ ਪੁੱਜੀ ਦੇਹ, ਭੈਣਾਂ ਨੇ ਸਿਹਰਾ ਸਜਾ ਤੇ ਰੱਖੜੀ ਬੰਨ੍ਹ ਦਿੱਤੀ ਅੰਤਿਮ ਵਿਦਾਈ

ਇਸੇ ਤਰ੍ਹਾਂ ਜਰਨਲ ਸ਼੍ਰੇਣੀ ਦੇ ਯਾਤਰੀਆਂ ਲਈ 31 ਵਰਗ ਮੀਟਰ ਦਾ ਵੇਟਿੰਗ ਹਾਲ ਅਤੇ ਸੈਕਿੰਡ ਕਲਾਸ ਯਾਤਰੀਆਂ ਲਈ 65.45 ਵਰਗ ਮੀਟਰ ਦਾ ਵੇਟਿੰਗ ਏਰੀਆਂ ਰੱਖਿਆ ਜਾਵੇਗਾ। ਇਸੇ ਤਰ੍ਹਾਂ ਵੀ. ਵੀ. ਆਈ. ਪੀ. ਏਰੀਆ ਸਮੇਤ ਹੋਰ ਵੀ ਕਈ ਤਰ੍ਹਾਂ ਦੀਆਂ ਸਹੂਲਤਾਂ ਇੱਥੇ ਉਪਲਬੱਧ ਕਰਵਾਈਆਂ ਜਾਣਗੀਆਂ। ਜਦੋਂ ਕਿ 825 ਵਰਗ ਮੀਟਰ ਦੀ ਪਾਰਕਿੰਗ ਵੀ ਹੋਵੇਗੀ। ਇਥੇ ਹੀ ਬਸ ਨਹੀਂ ਵਾਤਾਵਰਣ ਦੀ ਸ਼ੁੱਧਤਾ ਅਤੇ ਸੁੰਦਰਤਾ ਲਈ 108 ਵਰਗ ਮੀਟਰ ਦਾ ਗਰੀਨ ਏਰੀਆ ਵੀ ਇਸ ਨਵੇਂ ਸਟੇਸ਼ਨ ’ਚ ਹੋਵੇਗਾ।

ਰੋਜ਼ਾਨਾ ਆਉਂਦੀਆਂ ਹਨ 20 ਰੇਲਗੱਡੀਆਂ

ਸਟੇਸ਼ਨ ਮਾਸਟਰ ਨੇ ਦੱਸਿਆ ਕਿ ਇਸ ਰੇਲਵੇ ਸਟੇਸ਼ਨ ’ਤੇ ਰੋਜ਼ਾਨਾ ਹੀ ਕਰੀਬ 20 ਰੇਲਗੱਡੀਆਂ ਆਉਂਦੀਆਂ ਅਤੇ ਜਾਂਦੀਆਂ ਅਤੇ ਤਕਰੀਬਨ 1435 ਯਾਤਰੀ ਇਸ ਰੇਲਵੇ ਸਟੇਸ਼ਨ ਰਾਹੀਂ ਰੋਜ਼ਾਨਾਂ ਹੀ ਆਉਂਦੇ ਅਤੇ ਜਾਂਦੇ ਹਨ। ਗੁਰਦਾਸਪੁਰ ਰੇਲਵੇ ਸਟੇਸ਼ਨ ਜ਼ਿਲਾ ਹੈੱਡਕੁਆਟਰ ’ਤੇ ਹੋਣ ਕਰ ਕੇ ਇੱਥੇ ਆਵਾਜਾਈ ਜ਼ਿਆਦਾ ਹੈ, ਜਿਸ ਕਰ ਕੇ ਸਰਕਾਰ ਵਲੋਂ ਇਸ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਦਾ ਸ਼ਲਾਘਾਯੋਗ ਫੈਸਲਾ ਕੀਤਾ ਗਿਆ ਹੈ।

‘ਕੇਂਦਰ ਸਰਕਾਰ ਨੇ ਪਹਿਲਾਂ ਜ਼ਿਲ੍ਹਾ ਗੁਰਦਾਸਪੁਰ ’ਚ ਕਰਤਾਰਪੁਰ ਸਾਹਿਬ ਕੋਰੀਡੋਰ ਸ਼ੁਰੂ ਕਰ ਕੇ ਇਸ ਜ਼ਿਲ੍ਹੇ ਅਤੇ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਵੱਡਾ ਤੋਹਫ਼ਾ ਦਿੱਤਾ ਸੀ ਅਤੇ ਨਾਲ ਹੀ ਡੇਰਾ ਬਾਬਾ ਨਾਨਕ ਵਿਖੇ ਸੁੰਦਰ ਟਰਮੀਨਲ ਬਣਾ ਕੇ ਉਸ ਇਤਿਹਾਸਕ ਸ਼ਹਿਰ ਨੂੰ ਚਾਰ ਚੰਨ੍ਹ ਲਗਾਏ ਸਨ। ਇਸੇ ਤਰ੍ਹਾਂ ਹੁਣ ਕੇਂਦਰ ਸਰਕਾਰ ਵਲੋਂ ਗੁਰਦਾਸਪੁਰ ਜ਼ਿਲਾ ਹੈੱਡਕੁਆਰਟਰ ’ਤੇ ਇਸ ਸਟੇਸ਼ਨ ਦੀ ਕਾਇਆ ਕਲਪ ਕਰਨ ਲਈ ਅਹਿਮ ਕਦਮ ਚੁੱਕਿਆ ਹੈ, ਜਿਸ ਲਈ ਨਾ ਸਿਰਫ਼ ਭਾਰਤੀ ਜਨਤਾ ਪਾਰਟੀ ਦੇ ਸਮੂਹ ਵਰਕਰ ਸਗੋਂ ਸਮੁੱਚੇ ਜ਼ਿਲ੍ਹੇ ਦੇ ਲੋਕ ਕੇਂਦਰ ਸਰਕਾਰ ਦੇ ਧੰਨਵਾਦੀ ਹਨ।’ 

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News