ਮਹਿਲਾ ਸਮੱਗਲਰ ਨਸ਼ੇ ਵਾਲੇ ਪਾਊਡਰ ਸਮੇਤ ਗ੍ਰਿਫਤਾਰ
Thursday, Oct 03, 2019 - 09:33 PM (IST)
            
            ਲੁਧਿਆਣਾ,(ਅਨਿਲ) : ਥਾਣਾ ਲਾਡੋਵਾਲ ਦੀ ਪੁਲਸ ਵੱਲੋਂ ਨਸ਼ਾ ਸਮੱਗਲਰਾਂ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਇਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਇਕ ਔਰਤ ਸਮੱਗਲਰ ਨੂੰ ਨਸ਼ੇ ਵਾਲੇ ਪਾਊਡਰ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਅੱਜ ਪੱਤਰਕਾਰ ਸਮਾਗਮ ਦੌਰਾਨ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਪੁਰੇਵਾਲ ਤੇ ਏ. ਸੀ. ਪੀ. ਸਮੀਰ ਵਰਮਾ ਨੇ ਦੱਸਿਆ ਕਿ ਥਾਣਾ ਲਾਡੋਵਾਲ ਦੇ ਮੁਖੀ ਬਲਵਿੰਦਰ ਸਿੰਘ ਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਇਕ ਔਰਤ ਜੋ ਪਿਛਲੇ ਲੰਬੇ ਸਮੇਂ ਤੋਂ ਇਲਾਕੇ 'ਚ ਨਸ਼ੇ ਦਾ ਕਾਰੋਬਾਰ ਕਰ ਰਹੀ ਹੈ। ਅੱਜ ਇਕ ਨਸ਼ੇ ਦੀ ਖੇਪ ਲੈ ਕੇ ਬੱਸ ਰਾਹੀਂ ਟੋਲ ਪਲਾਜ਼ਾ 'ਤੇ ਆ ਰਹੀ ਹੈ, ਜਿਸ ਨੇ ਨਸ਼ੇ ਦੀ ਖੇਪ ਧੁੱਸੀ ਬੰਨ੍ਹ ਵੱਲ ਲਿਜਾ ਕੇ ਗਾਹਕਾਂ ਨੂੰ ਸਪਲਾਈ ਕਰਨੀ ਹੈ। ਇਸ 'ਤੇ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਟੋਲ ਪਲਾਜ਼ਾ 'ਤੇ ਸ਼ੱਕ ਦੇ ਆਧਾਰ 'ਤੇ ਰੋਕਿਆ, ਜਦੋਂ ਪੁਲਸ ਨੇ ਔਰਤ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 42 ਗ੍ਰਾਮ ਨਸ਼ੇ ਵਾਲਾ ਪਾਊਡਰ ਬਰਾਮਦ ਕੀਤਾ ਗਿਆ। ਮੈਡਮ ਪੁਰੇਵਾਲ ਨੇ ਦੱਸਿਆ ਕਿ ਔਰਤ ਨੂੰ ਗ੍ਰਿਫਤਾਰ ਕਰ ਕੇ ਉਸ ਦੀ ਪਛਾਣ ਕੁਲਵਿੰਦਰ ਕੌਰ ਪਤਨੀ ਗੁਰਚਰਨ ਸਿੰਘ ਵਾਸੀ ਨਵਾਂ ਰਜਾਪੁਰ ਵਜੋਂ ਹੋਈ ਹੈ, ਜਿਸ ਦੇ ਖਿਲਾਫ ਥਾਣਾ ਲਾਡੋਵਾਲ 'ਚ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
