ਸ਼ੱਕੀ ਹਾਲਾਤ ''ਚ ਬੁਜ਼ਰਗ ਮਹਿਲਾ ਦੀ ਮੌਤ, ਪਤੀ, ਪੁੱਤਰ ਤੇ ਨੂੰਹ ਖਿਲਾਫ ਮਾਮਲਾ ਦਰਜ

Saturday, Feb 01, 2020 - 03:44 PM (IST)

ਸ਼ੱਕੀ ਹਾਲਾਤ ''ਚ ਬੁਜ਼ਰਗ ਮਹਿਲਾ ਦੀ ਮੌਤ, ਪਤੀ, ਪੁੱਤਰ ਤੇ ਨੂੰਹ ਖਿਲਾਫ ਮਾਮਲਾ ਦਰਜ

ਬੰਗਾ (ਚਮਨ ਲਾਲ/ ਰਾਕੇਸ਼ ਅਰੋੜਾ) : ਥਾਣਾ ਸਦਰ ਪੁਲਸ ਵਲੋਂ ਨੇੜਲੇ ਪਿੰਡ ਸੁੱਜੋ ਵਿਖੇ 68 ਸਾਲਾ ਬੁਜ਼ਰਗ ਔਰਤ ਦੀ ਸ਼ੱਕੀ ਹਾਲਾਤ ਵਿਚ ਹੋਈ ਮੌਤ ਕਾਰਨ ਮ੍ਰਿਤਕ ਮਹਿਲਾ ਦੇ ਪਤੀ, ਪੁੱਤਰ ਤੇ ਨੂੰਹ ਖਿਲਾਫ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਮ੍ਰਿਤਕ ਦੇ ਭਰਾ ਚਰਨਜੀਤ ਸਿੰਘ ਪੁੱਤਰ ਰਾਮ ਸਿੰਘ ਵਾਸੀ ਮੁਹੱਲਾ ਕਸ਼ਮੀਰੀ ਪਿੰਡ ਹਰਿਆਣਾ ਜ਼ਿਲਾ ਹੁਸ਼ਿਆਰਪੁਰ ਨੇ ਦੱਸਿਆ ਕਿ ਉਸਦੀ ਭੈਣ ਦਾ ਵਿਆਹ ਸੁਰਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਸੁੱਜੋ ਨਾਲ ਹੋਇਆ ਸੀ। ਉਨ੍ਹਾਂ ਦੇ ਦੋ ਲੜਕੇ ਸੁਖਦੀਪ ਸਿੰਘ ਤੇ ਛੋਟਾ ਦਲਵਿੰਦਰ ਸਿੰਘ ਤੇ ਲੜਕੀ ਤਜਿੰਦਰ ਕੌਰ ਉਰਫ ਸੁਨੀਤਾ ਹਨ। ਉਨ੍ਹਾਂ ਦੱਸਿਆ ਕਿ ਛੋਟਾ ਲੜਕਾ ਦਲਵਿੰਦਰ ਸਿੰਘ ਵਿਦੇਸ਼ ਗਿਆ ਹੋਇਆ ਹੈ ਤੇ ਤਜਿੰਦਰ ਉਰਫ ਸੁਨੀਤਾ ਦਾ ਵਿਆਹ ਭਾਰਟਾ ਖੁਰਦ ਵਿਖੇ ਹੋਇਆ ਹੈ। 

ਉਨ੍ਹਾਂ ਦੱਸਿਆ ਕਿ ਉਹ ਸ਼ੁੱਕਰਵਾਰ ਸਵੇਰੇ ਆਪਣੇ ਘਰ ਸੀ ਤਾਂ ਮ੍ਰਿਤਕ ਬਲਵੀਰ ਕੌਰ ਦੇ ਪਤੀ ਸੁਰਜੀਤ ਸਿੰਘ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਉਸਦੀ ਭੇਣ ਬਲਵੀਰ ਕੌਰ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ ਤੇ ਉਸ ਦਾ ਸਸਕਾਰ 11 ਵਜੇ ਕਰਨਾ ਹੈ ਆਪ ਪੁਹੰਚ ਜਾਣਾ ਤਾਂ ਉਨ੍ਹਾਂ ਨੇ ਉਸਨੂੰ ਕਿਹਾ ਕਿ ਉਨ੍ਹਾਂ ਦੇ ਆਉਣ ਤੋਂ ਬਿਨਾਂ ਸਸਕਾਰ ਨਹੀਂ ਕਰਨਾ। ਉਕਤ ਨੇ ਦੱਸਿਆ ਕਿ ਉਹ ਸਮੇਤ ਪਰਿਵਾਰ 11 ਵਜੇ ਦੇ ਕਰੀਬ ਭੇਣ ਦੇ ਘਰ ਪੁਹੰਚੇ ਤੇ ਉਨ੍ਹਾਂ ਬਲਵੀਰ ਦੀ ਗਰਦਨ ਨੂੰ ਵੇਖਿਆ ਤਾਂ ਗਰਦਨ ਦੇ ਨਾਲ ਰੇਤ ਜੰੰਮੀ ਨਜ਼ਰ ਆਈ ਤਾਂ ਨਹਾਉਣ ਸਮੇਂ ਵੀ ਉਕਤ ਦੇ ਗਲੇ 'ਤੇ ਰੱਸੀ ਦੇ ਨਿਸ਼ਾਨ ਸਨ। ਜਿਸ ਤੋਂ ਬਾਅਦ ਉਨ੍ਹਾਂ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦੀ ਭੈਣ ਦਾ ਪਤੀ ਸੁਰਜੀਤ ਸਿੰਘ ਪੁੱਤਰ ਬਲਦੇਵ ਸਿੰਘ, ਪੁੱਤਰ ਸੁਖਦੀਪ ਸਿੰਘ ਤੇ ਉਸਦੀ ਨੂੰਹ ਰਵਿੰਦਰ ਕੌਰ ਪਤਨੀ ਸੁਖਦੀਪ ਸਿੰਘ ਨਾਲ ਅਕਸਰ ਹੀ ਲੜਦੇ ਝਗੜਦੇ ਰਹਿੰਦੇ ਸਨ ਤੇ ਉਨ੍ਹਾਂ ਦੀ ਭੈਣ ਦੀ ਮੌਤ ਵੀ ਇਸੇ ਝਗੜੇ ਕਾਰਨ ਹੋਈ ਹੈ। 

ਥਾਣਾ ਸਦਰ ਦੇ ਐੱਸ. ਐੱਚ. ਓ. ਰਾਜੀਵ ਕੁਮਾਰ ਸੂਚਨਾ ਮਿਲਦੇ ਹੀ ਸਮੇਤ ਪੁਲਸ ਪਾਰਟੀ ਮੌਕੇ 'ਤੇ ਪੁੱਜ ਗਏ ਤੇ ਮ੍ਰਿਤਕ ਬਲਵੀਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਕਬਜ਼ੇ ਵਿਚ ਲੈ ਕੇ ਚਰਨਜੀਤ ਸਿੰਘ ਪੁੱਤਰ ਰਾਮ ਸਿੰਘ ਦੇ ਬਿਆਨਾਂ 'ਤੇ ਮ੍ਰਿਤਕ ਬਲਵੀਰ ਕੌਰ ਦੇ ਪਤੀ ਸੁਰਜੀਤ ਸਿੰਘ, ਪੁੱਤਰ ਸੁਖਦੀਪ ਸਿੰਘ ਤੇ ਨੂੰਹ ਰਵਿੰਦਰ ਕੌਰ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।


author

Gurminder Singh

Content Editor

Related News