ਸਹਿਜ ਪਾਠ ਕਰ ਰਹੀ ਗੁਰਸਿੱਖ ਔਰਤ ਦਾ ਤੇਜ਼ਧਾਰ ਹਥਿਆਰ ਨਾਲ ਕਤਲ
Thursday, Apr 10, 2025 - 12:41 AM (IST)

ਤਰਨਤਾਰਨ, (ਰਮਨ)- ਸਹਿਜ ਪਾਠ ਕਰ ਰਹੀ ਗੁਰਸਿੱਖ ਔਰਤ ਦਾ ਕੁਝ ਵਿਅਕਤੀਆਂ ਵਲੋਂ ਘਰ ਅੰਦਰ ਦਾਖਲ ਹੋ ਤੇਜ਼ਧਾਰ ਹਥਿਆਰ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਇਸ ਵਾਰਦਾਤ ਦਾ ਪਤਾ ਆਂਢ-ਗੁਆਂਢ ਨੂੰ ਉਸ ਵੇਲੇ ਲੱਗਾ ਜਦੋਂ ਮ੍ਰਿਤਕਾ ਦਾ 7 ਸਾਲਾ ਬੇਟਾ ਸਕੂਲੋਂ ਘਰ ਪੁੱਜਾ। ਫਿਲਹਾਲ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਗੁਰਪ੍ਰੀਤ ਕੌਰ (35) ਪਤਨੀ ਗੁਰਦਿਆਲ ਸਿੰਘ ਨਿਵਾਸੀ ਪਿੰਡ ਕੰਗ ਜ਼ਿਲਾ ਤਰਨਤਾਰਨ ਜਦੋਂ ਆਪਣੇ ਘਰ ਵਿਚ ਦੁਪਹਿਰ ਸਮੇਂ ਸਹਿਜ ਪਾਠ ਕਰ ਰਹੀ ਸੀ ਤਾਂ ਕੁਝ ਵਿਅਕਤੀ ਘਰ ਅੰਦਰ ਦਾਖਲ ਹੋ ਗਏ, ਜਿਨ੍ਹਾਂ ਨੇ ਪਹਿਲਾਂ ਉਸ ਦਾ ਗਲਾ ਦੁਪੱਟੇ ਨਾਲ ਘੁੱਟਿਆ ਅਤੇ ਬਾਅਦ ਵਿਚ ਤੇਜ਼ਧਾਰ ਹਥਿਆਰ ਨਾਲ ਗਲ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜਦੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਉਸ ਸਮੇਂ ਘਰ ਵਿਚ ਗੁਰਪ੍ਰੀਤ ਕੌਰ ਅਤੇ ਉਸ ਦੀ ਇਕ ਸਾਲ ਦੀ ਬੱਚੀ ਸ਼ਬਦਪ੍ਰੀਤ ਕੌਰ ਮੌਜੂਦ ਸੀ।