ਨੌਜਵਾਨ ਦਾ ਖੌਫਨਾਕ ਕਾਰਾ : ਇਕੱਲੀ ਦੇਖ ਔਰਤ ਨੂੰ ਤੇਲ ਪਾ ਜਿਊਂਦਾ ਸਾੜਿਆ

Wednesday, Apr 15, 2020 - 10:14 AM (IST)

ਨੌਜਵਾਨ ਦਾ ਖੌਫਨਾਕ ਕਾਰਾ : ਇਕੱਲੀ ਦੇਖ ਔਰਤ ਨੂੰ ਤੇਲ ਪਾ ਜਿਊਂਦਾ ਸਾੜਿਆ

ਫਗਵਾੜਾ (ਹਰਜੋਤ) - ਮੁਹੱਲਾ ਰਤਨਪੁਰਾ ਵਿਖੇ ਇਕ ਘਰ ’ਚ ਦਾਖਲ ਹੋ ਕੇ ਇਕ ਨੌਜਵਾਨ ਵਲੋਂ ਔਰਤ ’ਤੇ ਤੇਲ ਪਾ ਕੇ ਉਸ ਨੂੰ ਬੁਰੀ ਤਰ੍ਹਾਂ ਸਾੜ ਦੇਣ ਦੀ ਘਟਨਾ ਸਾਹਮਣੇ ਆਈ ਹੈ। ਅੱਗ ਲੱਗਣ ਕਾਰਨ ਔਰਤ ਵਲੋਂ ਰੌਲਾ ਪਾਉਣ ’ਤੇ ਉਕਤ ਨੌਜਵਾਨ ਮੌਕੇ ਤੋਂ ਭੱਜ ਗਿਆ। ਇਸ ਦੌਰਾਨ ਇਕੱਠੇ ਹੋਏ ਲੋਕਾਂ ਨੇ ਜ਼ਖਮੀ ਔਰਤ ਨੂੰ ਗੰਭੀਰ ਹਾਲਤ ’ਚ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਖਮੀ ਔਰਤ ਦੇ ਪਤੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਦਿਮਾਗੀ ਤੌਰ ’ਤੇ ਨਾ ਠੀਕ ਇਕ ਨੌਜਵਾਨ ਉਨ੍ਹਾਂ ਦੇ ਘਰ ਦੇ ਲਾਗੇ ਪੈਂਦੀਆਂ ਰੇਲਵੇ ਲਾਈਨਾਂ ’ਤੇ ਘੁੰਮਦਾ ਸੀ। ਐਤਵਾਰ ਦੀ ਰਾਤ ਨੂੰ ਉਸ ਨੇ ਉਨ੍ਹਾਂ ਦੇ ਸੁੱਤਿਆਂ ਪਿਆ ਉਨ੍ਹਾਂ ਦੇ ਘਰ ਦੇ ਦਰਵਾਜ਼ੇ ਨੂੰ ਰਾਤ 11 ਵਜੇ ਅੱਗ ਲਗਾ ਦਿੱਤੀ ਅਤੇ ਆਪ ਦੌੜ ਗਿਆ। ਜਦੋਂ ਉਨ੍ਹਾਂ ਨੂੰ ਅੱਗ ਨਜ਼ਰ ਆਈ ਤਾਂ ਉਨ੍ਹਾਂ ਨੇ ਇਸ ਨੂੰ ਬੜੀ ਹਿੰਮਤ ਨਾਲ ਬੁਝਾ ਦਿੱਤਾ।

ਅਗਲੇ ਦਿਨ ਸਵੇਰੇ ਜਦੋਂ ਉਹ ਆਪਣੇ ਦੋਸਤ ਨੂੰ ਮਿਲਣ ਗਿਆ ਤਾਂ ਉਸ ਦੀ ਪਤਨੀ ਘਰ ’ਚ ਇਕੱਲੀ ਸੀ। ਉਕਤ ਨੌਜਵਾਨ ਨੇ ਘਰ ਆ ਕੇ ਉਸ ਦਾ ਫਿਰ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ, ਜਦੋਂ ਉਸ ਦੀ ਪਤਨੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਸ ਨੇ ਕਿਹਾ ਕਿ ਉਸ ਨੂੰ ਜ਼ਰੂਰੀ ਕੰਮ ਹੈ। ਜਦੋਂ ਉਸ ਦੀ ਘਰਵਾਲੀ ਵੀ ਉਸ ਦੇ ਮਗਰ ਅੰਦਰ ਗਈ ਤਾਂ ਉਸ ਨੇ ਉਸ ਦੇ ਮਗਰ ਜਾ ਕੇ ਤੇਲ ਵਾਲੀ ਬੋਤਲ ਖੋਲ੍ਹ ਕੇ ਉਸ ’ਤੇ ਛਿੜਕਾਅ ਦਿੱਤੀ ਅਤੇ ਮਾਚਿਸ ਨਾਲ ਅੱਗ ਲਗਾ ਦਿੱਤੀ। ਅੱਗ ’ਚ ਝੁਲਸ ਜਾਣ ਕਾਰਨ ਉਸ ਦੀਆਂ ਬਾਹਾਂ, ਗਰਦਨ ਅਤੇ ਪੇਟ ਬੁਰੀ ਤਰ੍ਹਾਂ ਸੜ ਗਿਆ ਅਤੇ ਗੰਭੀਰ ਹਾਲਤ ’ਚ ਉਸ ਨੂੰ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਡਾਕਟਰਾਂ ਅਨੁਸਾਰ ਉਕਤ ਔਰਤ 25 ਫੀਸਦੀ ਸੜੀ ਹੈ।

ਮੁਲਜ਼ਮ ਖਿਲਾਫ ਕੇਸ ਦਰਜ : ਐੱਸ. ਪੀ. ਮਨਵਿੰਦਰ ਸਿੰਘ
ਇਸ ਸਬੰਧੀ ਗੱਲਬਾਤ ਕਰਦੇ ਹੋਏ ਐੱਸ. ਪੀ. ਮਨਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਕਰ ਕੇ ਸਿਟੀ ਪੁਲਸ ਨੇ ਮੁਲਜ਼ਮ ਦੀਪਕ ਕੁਮਾਰ ਪੁੱਤਰ ਸਤਪਾਲ ਵਾਸੀ ਸੁਖਚੈਨਆਣਾ ਰੋਡ ਨੇੜ ਸਾਈਂ ਬਾਬਾ ਮੰਦਰ ਖਿਲਾਫ ਧਾਰਾ 326-ਏ. ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਲਿਆ ਹੈ। ਉਕਤ ਮੁਲਜ਼ਮ ਅਜੇ ਫਰਾਰ ਹੈ ਅਤੇ ਪੁਲਸ ਵਲੋਂ ਜਲਦ ਕਾਬੂ ਕਰ ਲਿਆ ਜਾਵੇਗਾ।


author

rajwinder kaur

Content Editor

Related News