ਬਿਨਾਂ ਠੋਸ ਯੋਜਨਾਬੰਦੀ ਦੇ ਕੇਂਦਰ ਨੇ ਕਿਸਾਨਾਂ ਨੂੰ ਆਮਦਨ ਦੁੱਗਣੀ ਕਰਨ ਦਾ ਸੁਪਨਾ ਦਿਖਾਇਆ : ਜਾਖੜ

Thursday, Feb 08, 2018 - 06:38 AM (IST)

ਜਲੰਧਰ  (ਧਵਨ)  - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਬਿਨਾਂ ਠੋਸ ਯੋਜਨਾਬੰਦੀ ਦੇ ਕੇਂਦਰ ਸਰਕਾਰ ਨੇ ਬਜਟ 'ਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਸੁਪਨੇ ਦਿਖਾ ਦਿੱਤੇ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਲੋਕ ਸਭਾ 'ਚ ਪੁੱਛੇ ਸਵਾਲ ਦੇ ਜਵਾਬ 'ਚ ਕੇਂਦਰੀ ਖੇਤੀਬਾੜੀ ਤੇ ਕਿਸਾਨ ਕਲਿਆਣ ਮੰਤਰਾਲਾ ਦੇ ਰਾਜ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਜੋ ਜਵਾਬ ਦਿੱਤੇ ਹਨ, ਉਹ ਆਪਣੇ ਆਪ 'ਚ ਕੇਂਦਰ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੇਂਦਰ ਸਰਕਾਰ ਕੋਲੋਂ ਮੁੱਖ ਆਰਥਿਕ ਸਲਾਹਕਾਰ ਅਰਵਿੰਦ ਸੁਬਰਾਮਣੀਅਨ ਦੇ ਉਸ ਕਥਨ ਬਾਰੇ ਪੁੱਛਿਆ ਸੀ ਕਿ ਅਨਾਜ ਤੋਂ ਇਲਾਵਾ ਅਤੇ ਫਸਲਾਂ ਦਾ ਉਤਪਾਦਨ ਕਰਨ ਵਾਲੇ ਕਿਸਾਨਾਂ ਦੀ ਅਸਲ ਆਮਦਨੀ ਕਿਉਂ ਘਟ ਰਹੀ ਹੈ। ਇਸ ਦੇ ਨਾਲ ਹੀ ਅਨਾਜ ਤੋਂ ਇਲਾਵਾ ਹੋਰ ਫਸਲਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੀ ਗਿਣਤੀ ਅਤੇ ਉਨ੍ਹਾਂ ਦੀ ਆਮਦਨੀ ਦੁੱਗਣੀ ਕਰਨ ਸਬੰਧੀ ਸਰਕਾਰੀ ਦਾਅਵਿਆਂ ਦੀ ਪੂਰਤੀ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਵੀ ਮੰਗੀ ਗਈ ਸੀ।
ਇਨ੍ਹਾਂ ਸਵਾਲਾਂ ਦੇ ਜਵਾਬ 'ਚ ਕੇਂਦਰ ਸਰਕਾਰ ਨੇ ਮੰਨਿਆ ਕਿ ਅਨਾਜ ਵਾਲੀਆਂ ਫਸਲਾਂ ਤੋਂ ਇਲਾਵਾ ਹੋਰ ਫਸਲਾਂ ਸਬੰਧੀ ਕੇਂਦਰ ਸਰਕਾਰ ਕੋਲ ਕੋਈ ਵਿਸ਼ੇਸ਼ ਵੇਰਵਾ ਨਹੀਂ ਹੈ। ਜਾਖੜ ਨੇ ਕਿਹਾ ਕਿ ਜਦੋਂ ਅਨਾਜ ਵਾਲੀਆਂ ਫਸਲਾਂ ਤੋਂ ਬਿਨਾਂ ਹੋਰ ਫਸਲਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਸਬੰਧੀ ਸਹੀ ਅੰਕੜੇ ਹੀ ਨਹੀਂ ਹਨ ਤਾਂ ਫਿਰ ਇਸ ਸਬੰਧੀ ਕਿਸੇ ਠੋਸ ਯੋਜਨਾਬੰਦੀ ਦੀ ਆਸ ਕੇਂਦਰ ਸਰਕਾਰ ਤੋਂ ਕਿਵੇਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਪ੍ਰਧਾਨ ਮੰਤਰੀ ਕਿਸਾਨਾਂ ਦੇ ਨਾਂ 'ਤੇ ਸਿਆਸਤ ਕਰਨ ਦਾ ਕੋਈ ਮੌਕਾ ਨਹੀਂ ਛੱਡ ਰਹੇ ਤੇ ਵਾਰ-ਵਾਰ ਦੁਹਰਾਅ ਰਹੇ ਹਨ ਕਿ ਸਾਲ 2022 ਤਕ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰ ਦਿੱਤਾ ਜਾਏਗਾ, ਜਦਕਿ ਦੂਜੇ ਪਾਸੇ ਕੇਂਦਰ ਸਰਕਾਰ ਕੋਲ ਤਾਂ ਅਜੇ ਤਕ ਇਸ ਸਬੰਧੀ ਕੋਈ ਸਪੱਸ਼ਟ ਨੀਤੀ ਹੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਕੇਂਦਰ ਸਰਕਾਰ ਅਜੇ ਤਕ ਕਿਸਾਨਾਂ ਨੂੰ ਬਿਆਨਬਾਜ਼ੀ ਕਰਨ ਤਕ ਹੀ ਸੀਮਤ ਹੈ ਤੇ ਇਸ ਸਬੰਧੀ ਇਕ ਅੰਦਰੂਨੀ ਮੰਤਰਾਲਾ ਕਮੇਟੀ ਬਣਾਈ ਹੈ, ਜਿਸਦੀਆਂ ਸਿਫਾਰਿਸ਼ਾਂ ਸਬੰਧੀ ਲੋਕਮੱਤ ਮੰਗਿਆ ਗਿਆ ਹੈ, ਜਦਕਿ ਇਸ ਕਮੇਟੀ ਦੇ ਗਠਨ ਨੂੰ ਵੀ 2 ਸਾਲ ਦਾ ਸਮਾਂ ਬੀਤ ਚੁੱਕਾ ਹੈ। ਪ੍ਰਦੇਸ਼ ਪ੍ਰਧਾਨ ਨੇ ਕਿਹਾ ਕਿ ਐੱਨ. ਡੀ. ਏ. ਸਰਕਾਰ ਸਿਰਫ ਸੁਪਨੇ ਵੇਚਣ ਦਾ ਕੰਮ ਕਰ ਰਹੀ ਹੈ। ਅਸਲ 'ਚ ਕਿਸਾਨਾਂ ਦੀ ਭਲਾਈ ਲਈ ਕੁਝ ਵੀ ਨਹੀਂ ਕੀਤਾ ਜਾ ਰਿਹਾ। ਇਕ ਪਾਸੇ ਦੇਸ਼ ਦਾ ਕਿਸਾਨ ਬਹੁਤ ਹੀ ਤਰਸਯੋਗ ਹਾਲਤ 'ਚ ਹੈ ਤਾਂ ਦੂਜੇ ਪਾਸੇ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਦੇਸ਼ ਦੇ ਅੰਨਦਾਤਾ ਕਿਸਾਨਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦੀ ਬਜਾਏ ਉਨ੍ਹਾਂ ਲਈ ਰੋਜ਼ਾਨਾ ਮੁਸ਼ਕਿਲਾਂ ਵਧਾ ਰਹੀ ਹੈ।
ਅਮਰਿੰਦਰ ਸਰਕਾਰ ਨੇ ਤਾਂ ਛੋਟੇ ਕਿਸਾਨਾਂ ਦਾ ਕਰਜ਼ਾ ਵੀ ਮੁਆਫ ਕੀਤਾ
ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਪੰਜਾਬ 'ਚ ਕਿਸਾਨਾਂ ਦੀ ਮਾੜੀ ਹਾਲਤ ਨੂੰ ਦੇਖਦੇ ਹੋਏ ਛੋਟੇ ਕਿਸਾਨਾਂ ਦਾ 2-2 ਲੱਖ ਰੁਪਏ ਦਾ ਕਰਜ਼ਾ ਮੁਆਫ ਕਰ ਦਿੱਤਾ ਪਰ ਕੇਂਦਰ ਸਰਕਾਰ ਕਰਜ਼ਾ ਮੁਆਫੀ ਦੇ ਨਾਂ 'ਤੇ ਕੋਈ ਵੀ ਐਲਾਨ ਬਜਟ 'ਚ ਕਰ ਹੀ ਨਹੀਂ ਸਕੀ। ਉਨ੍ਹਾਂ ਕਿਹਾ ਕਿ ਭਾਜਪਾ ਨੇ ਕੇਂਦਰ 'ਚ ਸੱਤਾ ਵਿਚ ਆਉਣ ਤੋਂ ਪਹਿਲਾਂ ਕਰਜ਼ਾ ਮੁਆਫੀ ਦਾ ਝਾਂਸਾ ਦਿੱਤਾ ਸੀ ਪਰ ਉਸ 'ਤੇ ਉਹ ਖਰੀ ਨਹੀਂ ਉਤਰੀ। ਕਿਸਾਨਾਂ ਦਾ ਵੀ ਭਾਜਪਾ ਤੋਂ ਮੋਹ ਭੰਗ ਹੋ ਰਿਹਾ ਹੈ। ਕੈਪਟਨ ਸਰਕਾਰ ਵਲੋਂ ਬਜਟ ਤੋਂ ਪਹਿਲਾਂ ਹੋਰ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦਾ ਫੈਸਲਾ ਸ਼ਲਾਘਾਯੋਗ ਹੈ।


Related News