ਬਿਨਾਂ NOC ਹੁਣ ਕੋਈ ਵੀ ਵਿਦਿਆਰਥੀ ਕਿਸੇ ਹੋਰ ਸਕੂਲ ਨਹੀਂ ਹੋ ਸਕੇਗਾ ਦਾਖਲ
Thursday, Sep 09, 2021 - 11:11 PM (IST)
ਅੰਮ੍ਰਿਤਸਰ(ਦਲਜੀਤ)- ਬਿਨਾਂ ਐੱਨ. ਓ. ਸੀ. ਲਏ ਹੁਣ ਕੋਈ ਵੀ ਵਿਦਿਆਰਥੀ ਕਿਸੇ ਹੋਰ ਸਕੂਲ ’ਚ ਦਾਖਲ ਨਹੀਂ ਹੋ ਸਕੇਗਾ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਨਤਾ ਪ੍ਰਾਪਤ ਅਤੇ ਐਫੀਲਿਏਟਡ ਸਕੂਲਜ਼ ਐਸੋਸੀਏਸ਼ਨ (ਰਜਿ.) ਪੰਜਾਬ ਰਾਸਾ ਦੀ ਮੰਗ ਤੋਂ ਬਾਅਦ ਸੂਬੇ ਦੇ ਸਮੂਹ ਜ਼ਿਲਿਆਂ ’ਚ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਬੋਰਡ ਦੇ ਖੇਤਰੀ ਮੈਨੇਜਰ ਤੇ ਅਧਾਰਿਤ ਦੋ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਹੈ। ਕਮੇਟੀ ਵੱਲੋਂ ਪੂਰੇ ਤੱਥਾਂ ਨੂੰ ਘੋਖ ਕੇ ਸਬੰਧਤ ਸਕੂਲ ਨੂੰ ਇਨਸਾਫ਼ ਦਿਵਾਉਣ ਲਈ ਕੰਮ ਕੀਤਾ ਜਾਵੇਗਾ। ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕਮੇਟੀ ਸਕੂਲਾਂ ਦੀ ਸੰਤੁਸ਼ਟੀ ਨਹੀਂ ਕਰਵਾ ਸਕੇਗੀ ਤਾਂ ਬੋਰਡ ਆਪਣੇ ਪੱਧਰ ’ਤੇ ਮਾਮਲੇ ਦੀ ਜਾਂਚ ਕਰੇਗਾ।
ਇਹ ਵੀ ਪੜ੍ਹੋ- ਪੁਲਸ ਹਿਰਾਸਤ ’ਚ ਵਿਅਕਤੀ ਦੀ ਭੇਤਭਰੀ ਹਾਲਤ ’ਚ ਮੌਤ
ਇਹ ਫੈਸਲਾ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਯੋਗਰਾਜ ਵੱਲੋਂ ਅੱਜ ਰਾਸਾ ਦੇ ਵਫ਼ਦ ਸੂਬਾ ਜਨਰਲ ਸਕੱਤਰ ਸੁਜੀਤ ਸ਼ਰਮਾ ਬਬਲੂ ਦੀ ਅਗਵਾਈ ’ਚ ਹੋਈ ਮੀਟਿੰਗ ਦੌਰਾਨ ਲਿਆ ਗਿਆ ਹੈ। ਸੁਜੀਤ ਸ਼ਰਮਾ ਨੇ ਦੱਸਿਆ ਕਿ ਵਫ਼ਦ ਨੇ ਸਕੂਲਾਂ ਦੀ ਬੋਰਡ ਆਈ. ਡੀ. ’ਚੋਂ ਬਿਨਾਂ ਸਰਟੀਫਿਕੇਟ ਬੱਚੇ ਫੇਚ ਕਰਨ ’ਤੇ ਵੀ ਸਖਤ ਇਤਰਾਜ਼ ਜਿਤਾਇਆ, ਜਿਸ ’ਤੇ ਚੇਅਰਮੈਨ ਸਿੱਖਿਆ ਬੋਰਡ ਵਲੋਂ ਇਕ ਦੋ ਮੈਂਬਰੀ ਕਮੇਟੀ ਗਠਿਤ ਕਰਨ ਦਾ ਫੈਸਲਾ ਕੀਤਾ, ਜਿਸ ’ਚ ਸਬੰਧਤ ਜ਼ਿਲਾ ਸਿੱਖਿਆ ਅਫਸਰ ਅਤੇ ਡਿਪੂ ਮੈਨੇਜਰ ਹੋਣਗੇ ਜੋ ਗੈਰ ਕਾਨੂੰਨੀ ਤਰੀਕੇ ਨਾਲ ਫੇਚ ਕੀਤੇ ਬੱਚੇ ਜੋ ਬਿਨਾਂ ਫੀਸ ਦਿੱਤੇ ਹੋਰ ਸਕੂਲਾਂ ਵਿਚ ਦਾਖ਼ਲ ਹੋਏ ਹਨ। ਉਨ੍ਹਾਂ ਦੇ ਮਾਮਲੇ ’ਚ ਪ੍ਰਾਈਵੇਟ ਸਕੂਲਾਂ ਨੂੰ ਇਨਸਾਫ ਦੇਣਗੇ। ਜੇਕਰ ਫਿਰ ਵੀ ਕਮੇਟੀ ਸਹੀ ਫੈਸਲਾ ਨਹੀਂ ਲੈਂਦੀ ਤਾਂ ਸਿੱਖਿਆ ਬੋਰਡ ਸਕੂਲਾਂ ਨੂੰ ਇਨਸਾਫ ਦੇਵੇਗਾ।
ਇਹ ਵੀ ਪੜ੍ਹੋ- 32 ਕਿਸਾਨ ਜੱਥੇਬੰਦੀਆਂ ਨਾਲ ਕਾਂਗਰਸ, ਅਕਾਲੀ ਦਲ ਅਤੇ ‘ਆਪ’ ਨੇਤਾ ਕਰਨਗੇ ਗੱਲਬਾਤ
ਵਫ਼ਦ ਵੱਲੋਂ ਮੰਗ ਕੀਤੀ ਕਿ ਸਾਲਾਨਾ ਪ੍ਰਗਤੀ ਰਿਪੋਰਟ ਅਨੁਲੱਗ ਬੀ ਦੀ ਅੰਤਿਮ ਮਿਤੀ ਜੋ 15 ਸਿਤੰਬਰ ਹੈ ’ਚ ਵਾਧਾ ਕੀਤਾ ਜਾਵੇ ਕਿਉਂਕਿ ਸਕੂਲ 2 ਅਗਸਤ ਨੂੰ ਹੀ ਖੁਲ੍ਹੇ ਹਨ ਪਰ ਅਜੇ ਅਨੁਲੱਗ ਬੀ ਭਰਨ ਲਈ ਸਕੂਲਾਂ ਕੋਲ ਲੋੜੀਂਦਾ ਡਾਟਾ ਨਹੀਂ ਹੈ ਜਿਸ ਤੇ ਭਰੋਸਾ ਦਿੰਦੇ ਚੇਅਰਮੈਨ ਨੇ ਅੰਤਿਮ ਮਿਤੀ ਇਨਕਮ ਟੈਕਸ ਰਿਟਰਨ ਦੀ ਅੰਤਿਮ ਮਿਤੀ ਤੋਂ ਬਾਅਦ ਨਿਰਧਾਰਿਤ ਕਰਨ ਦਾ ਭਰੋਸਾ ਦਿੱਤਾ ।
ਵਫ਼ਦ ਵਿਚ ਵਾਈਸ ਚੇਅਰਮੈਨ ਸੁਖਵਿੰਦਰ ਸਿੰਘ ਭੱਲਾ, ਅਡੀਸ਼ਨਲ ਜਨਰਲ ਸਕੱਤਰ ਜਗਤਪਾਲ ਮਹਾਜਨ, ਚਰਨਜੀਤ ਸਿੰਘ ਪਾਰੋਵਾਲ, ਰਣਜੀਤ ਸਿੰਘ ਸੈਣੀ, ਸਚਿਨ ਕੌਂਸਲ, ਕੁਲਬੀਰ ਸਿੰਘ ਮਾਨ, ਤਰਸੇਮ ਸਿੰਘ , ਦਰਸ਼ਪ੍ਰੀਤ ਸਿੰਘ ਆਦਿ ਵੀ ਹਾਜ਼ਰ ਸਨ।