ਮਾਸਕ ਨਾ ਪਾਇਆ ਜਾਂ ਜਨਤਕ ਥਾਵਾਂ ’ਤੇ ਥੁੱਕਿਆ ਤਾਂ ਪੁਲਸ ਕਰੇਗੀ ਜ਼ੁਰਮਾਨਾ
Tuesday, May 26, 2020 - 02:21 PM (IST)
ਲੁਧਿਆਣਾ (ਸੰਨੀ) : ਜਿੱਥੇ ਇਕ ਪਾਸੇ ਪੂਰੀ ਦੁਨੀਆ ਕੋਵਿਡ-19 (ਕੋਰੋਨਾ ਵਾਇਰਸ) ਨਾਲ ਜੰਗ ਲੜ ਰਹੀ ਹੈ, ਉੱਥੇ ਹੀ ਦੂਜੇ ਪਾਸੇ ਕੁੱਝ ਅਜਿਹੇ ਲੋਕ ਵੀ ਹਨ, ਜੋ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਨਾ ਕਰ ਕੇ ਵਾਇਰਸ ਨੂੰ ਫੈਲਾਉਣ ਦਾ ਕਾਰਨ ਬਣ ਸਕਦੇ ਹਨ। ਅਜਿਹੇ ਲੋਕਾਂ ਨਾਲ ਨਜਿੱਠਣ ਲਈ ਹੁਣ ਪੁਲਸ ਵਿਭਾਗ ਵੀ ਉਨ੍ਹਾਂ ਦੇ ਚਲਾਨ ਕਰੇਗਾ।
ਸਿਵਲ ਸਰਜਨ ਦਫਤਰ ਤੋਂ ਅਜਿਹੀਆਂ 200 ਤੋਂ ਜ਼ਿਆਦਾ ਚਲਾਨ ਬੁੱਕਾਂ ਟ੍ਰੈਫਿਕ ਦਫਤਰ 'ਚ ਪਹੁੰਚਾ ਦਿੱਤੀਆਂ ਗਈਆਂ ਹਨ। ਏ. ਸੀ. ਪੀ. ਟ੍ਰੈਫਿਕ ਗੁਰਦੇਵ ਸਿੰਘ ਨੇ ਦੱਸਿਆ ਕਿ ਟ੍ਰੈਫਿਕ ਪੁਲਸ, ਥਾਣਾ ਪੁਲਸ ਅਤੇ ਪੀ. ਸੀ. ਆਰ. ਟੀਮਾਂ ਨੂੰ ਉਕਤ ਚਲਾਨ ਬੁੱਕ ਜਾਰੀ ਕੀਤੀਆ ਜਾ ਰਹੀਆਂ ਹਨ। ਅਧਿਕਾਰੀ ਮਾਸਕ ਨਾ ਪਹਿਨਣ, ਜਨਤਕ ਥਾਵਾਂ ’ਤੇ ਥੁੱਕਣ ਅਤੇ ਇਕਾਂਤਵਾਸ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਦੇ ਨਕਦ ਚਲਾਨ ਕਰ ਸਕਣਗੇ। ਲੋਕਾਂ ਤੋਂ ਮਾਸਕ ਨਾ ਪਹਿਨਣ ’ਤੇ 200 ਰੁਪਏ ਜ਼ੁਰਮਾਨਾ, ਜਨਤਕ ਥਾਵਾਂ ’ਤੇ ਥੁੱਕਣ ’ਤੇ 100 ਰੁਪਏ ਜ਼ੁਰਮਾਨਾ ਅਤੇ ਇਕਾਂਤਵਾਸ ਦੀ ਉਲੰਘਣਾ ਕਰਨ ’ਤੇ 500 ਰੁਪਏ ਦਾ ਜ਼ੁਰਮਾਨਾ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਤੋਂ ਸਹਿਯੋਗ ਦੀ ਉਮੀਦ ਜਤਾਈ ਹੈ ਤਾਂ ਕਿ ਇਸ ਭਿਆਨਕ ਮਹਾਮਾਰੀ ਨਾਲ ਮਿਲ ਕੇ ਜੰਗੀ ਲੜੀ ਜਾ ਸਕੇ।