ਮਿਸ਼ਨ ਫਤਿਹ : ਬਿਨਾਂ ਮਾਸਕ ਘੁੰਮਣ ਵਾਲੇ 25,501 ਲੋਕਾਂ ਕੋਲੋਂ ਵਸੂਲਿਆ 1.20 ਕਰੋੜ ਜੁਰਮਾਨਾ

Sunday, Aug 02, 2020 - 07:49 AM (IST)

ਮਿਸ਼ਨ ਫਤਿਹ : ਬਿਨਾਂ ਮਾਸਕ ਘੁੰਮਣ ਵਾਲੇ 25,501 ਲੋਕਾਂ ਕੋਲੋਂ ਵਸੂਲਿਆ 1.20 ਕਰੋੜ ਜੁਰਮਾਨਾ

ਜਲੰਧਰ, (ਸੁਧੀਰ)– ਕੋਰੋਨਾ ਵਾਇਰਸ ਦੌਰਾਨ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਮਿਸ਼ਨਰੇਟ ਪੁਲਸ ਲਗਾਤਾਰ ਸਖ਼ਤੀ ਵਰਤ ਰਹੀ ਹੈ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਉਹ ਖੁਦ ਵੀ ਰੋਜ਼ਾਨਾ ਸ਼ਹਿਰ ਦਾ ਦੌਰਾ ਕਰ ਕੇ ਜਾਇਜ਼ਾ ਲੈ ਰਹੇ ਹਨ। ਕੋਰੋਨਾ ਵਾਇਰਸ ਦੌਰਾਨ ਪੰਜਾਬ ਸਰਕਾਰ ਨੇ ਸੂਬਾ ਵਾਸੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਮਾਸਕ ਪਹਿਨਣਾ ਜ਼ਰੂਰੀ ਕੀਤਾ ਸੀ।

ਕਮਿਸ਼ਨਰੇਟ ਪੁਲਸ ਨੇ ਸ਼ਹਿਰ ਵਿਚ ਬਿਨਾਂ ਮਾਸਕ ਘੁੰਮਣ ਵਾਲੇ 25,501 ਲੋਕਾਂ ਦੇ ਚਲਾਨ ਕੱਟ ਕੇ ਉਨ੍ਹਾਂ ਕੋਲੋਂ 1 ਕਰੋੜ 20 ਲੱਖ 96 ਹਜ਼ਾਰ 100 ਰੁਪਏ, ਜਨਤਕ ਸਥਾਨਾਂ ’ਤੇ ਥੁੱਕਣ ਦੇ ਦੋਸ਼ ਵਿਚ 445 ਲੋਕਾਂ ਕੋਲੋਂ 1 ਲੱਖ 12 ਹਜ਼ਾਰ 100 ਰੁਪਏ ਅਤੇ ਸੋਸ਼ਲ ਡਿਸਟੈਂਸ ਦੀ ਉਲੰਘਣਾ ਕਰਨ ਵਾਲੇ 217 ਲੋਕਾਂ ਕੋਲੋਂ 4 ਲੱਖ 45 ਹਜ਼ਾਰ ਰੁਪਏ ਜੁਰਮਾਨਾ ਵਸੂਲਿਆ ਹੈ।

ਭੁੱਲਰ ਨੇ ਦੱਸਿਆ ਕਿ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 49623 ਵਾਹਨ ਚਾਲਕਾਂ ਦੇ ਚਲਾਨ ਕੱਟਣ ਦੇ ਨਾਲ-ਨਾਲ 2253 ਵਾਹਨਾਂ ਨੂੰ ਥਾਣੇ ਵਿਚ ਜ਼ਬਤ ਕੀਤਾ, ਜਦਕਿ 71 ਓਵਰਲੋਡ ਚੌਪਹੀਆ ਵਾਹਨਾਂ ਦੇ ਚਲਾਨ ਕੱਟ ਕੇ ਉਨ੍ਹਾਂ ਕੋਲੋਂ 1 ਲੱਖ 37 ਹਜ਼ਾਰ ਰੁਪਏ ਜੁਰਮਾਨਾ ਵਸੂਲਿਆ। ਉਨ੍ਹਾਂ ਦੱਸਿਆ ਕਿ ਅੱਜ ਵੀ ਬਿਨਾਂ ਮਾਸਕ ਘੁੰਮਣ ਵਾਲੇ 193 ਲੋਕਾਂ ਕੋਲੋਂ 93500 ਰੁਪਏ ਜੁਰਮਾਨਾ ਵਸੂਲਿਆ ਗਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰਾਂ ਵਿਚੋਂ ਨਿਕਲਣ ਸਮੇਂ ਮਾਸਕ ਪਹਿਨਣ ਅਤੇ ਸੋਸ਼ਲ ਡਿਸਟੈਂਸ ਦੀ ਪਾਲਣਾ ਕਰਨੀ ਨਾ ਭੁੱਲਣ। ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਮਿਸ਼ਨਰੇਟ ਪੁਲਸ ਭਵਿੱਖ ਵਿਚ ਵੀ ਸਖ਼ਤੀ ਜਾਰੀ ਰੱਖੇਗੀ।


author

Lalita Mam

Content Editor

Related News