''ਬਿਨਾਂ ਜੀ. ਐੱਸ. ਟੀ. ਦਿੱਤੇ ਜੁੱਤੀ ਲੈਣੀ ਹੈ ਤਾਂ ਓਲਡ ਜੀ. ਟੀ. ਰੋਡ ਜਾਓ''

11/20/2017 7:23:38 AM

ਜਲੰਧਰ, (ਖੁਰਾਣਾ)- ਪਿਛਲੇ ਪੰਜ ਮਹੀਨਿਆਂ ਤੋਂ ਕੇਂਦਰ ਸਰਕਾਰ ਨੇ ਹਜ਼ਾਰਾਂ ਚੀਜ਼ਾਂ 'ਤੇ ਜੀ. ਐੱਸ. ਟੀ. ਲਾਗੂ ਕੀਤਾ ਹੋਇਆ ਹੈ। ਜੁੱਤੀਆਂ 'ਤੇ ਵੀ 18 ਫੀਸਦੀ ਜੀ. ਐੱਸ. ਟੀ. ਲੱਗਾ ਹੈ ਜੇਕਰ ਉਨ੍ਹਾਂ ਦੀ ਕੀਮਤ 500 ਰੁਪਏ ਤੋਂ ਵੱਧ ਹੈ ਪਰ ਜੇਕਰ ਤੁਸੀਂ ਬਿਨਾਂ ਜੀ. ਐੱਸ. ਟੀ. ਦਿੱਤੇ ਦੋ ਨੰਬਰ 'ਚ ਜੁੱਤੀ ਲੈਣੀ ਹੈ ਤਾਂ ਤੁਹਾਨੂੰ ਓਲਡ ਜੀ. ਟੀ. ਰੋਡ 'ਤੇ ਆਉਣਾ ਪਵੇਗਾ, ਜਿਥੇ ਤੁਹਾਨੂੰ ਨਾਇਕੀ, ਐਡੀਡਾਸ ਤੇ ਹੋਰ ਇੰਟਰਨੈਸ਼ਨਲ ਬ੍ਰਾਂਡਜ਼ ਦੀਆਂ ਨਕਲੀ ਜੁੱਤੀਆਂ ਵੀ ਘੱਟ ਕੀਮਤ 'ਤੇ ਮਿਲ ਜਾਣਗੀਆਂ। 
ਜ਼ਿਕਰਯੋਗ ਹੈ ਕਿ ਓਲਡ ਜੀ. ਟੀ. ਰੋਡ 'ਤੇ ਜੁੱਤੀਆਂ ਦੀ ਮਾਰਕੀਟ ਦੇ ਤੌਰ 'ਤੇ ਨਿਊ ਰੈੱਡ ਕ੍ਰਾਸ ਮਾਰਕੀਟ ਪ੍ਰਸਿੱਧ ਹੈ ਪਰ ਹੁਣ ਇਸ ਮਾਰਕੀਟ ਦੇ ਬਾਹਰ ਲੱਗਦੀਆਂ ਫੜ੍ਹੀਆਂ ਨੇ ਇਕ ਵੱਡੀ ਸ਼ੂਜ਼ ਮਾਰਕੀਟ ਦਾ ਰੂਪ ਧਾਰਨ ਕਰ ਲਿਆ ਹੈ, ਜਿਥੇ ਹੁਣ ਰਿਟੇਲ ਦੇ ਨਾਲ-ਨਾਲ ਹੋਲ ਸੇਲ ਕਾਰੋਬਾਰ ਵੀ ਹੋਣ ਲੱਗਾ ਹੈ। 
ਹੈਰਾਨੀ ਦੀ ਗੱਲ ਹੈ ਕਿ ਕੁਝ ਫੜ੍ਹੀਆਂ ਵਾਲੇ ਕੁਝ ਖਾਸ ਦਿਨਾਂ 'ਚ ਲੱਖਾਂ ਦੀ ਸੇਲ ਵੀ ਕਰ ਲੈਂਦੇ ਹਨ ਪਰ ਫਿਰ ਵੀ ਉਨ੍ਹਾਂ ਕੋਲ ਨਾ ਤਾਂ ਬਿੱਲ ਬੁੱਕ ਹੈ ਤੇ ਨਾ ਹੀ ਜੀ. ਐੱਸ. ਟੀ. ਦਾ ਕੋਈ ਹਿਸਾਬ-ਕਿਤਾਬ। ਕੇਂਦਰ ਸਰਕਾਰ ਨੇ ਜੀ. ਐੱਸ. ਟੀ. ਲਾਗੂ ਕਰਨ ਦੀ ਜ਼ਿੰਮੇਵਾਰੀ ਸੇਲਜ਼ ਟੈਕਸ ਵਿਭਾਗ ਨੂੰ ਦਿੱਤੀ ਹੋਈ ਹੈ, ਜਿਸ ਦੇ ਅਧਿਕਾਰੀ ਹਰ ਮਹੀਨੇ ਲੱਖਾਂ ਰੁਪਏ ਤਨਖਾਹ ਲੈਂਦੇ ਹਨ ਪਰ ਅਜਿਹੇ ਅਧਿਕਾਰੀਆਂ ਨੇ ਜੀ. ਐੱਸ. ਟੀ. ਦੀ ਇਸ ਚੋਰੀ ਪ੍ਰਤੀ ਪਤਾ ਨਹੀਂ ਕਿਉਂ ਕਬੂਤਰ ਦੀ ਤਰ੍ਹਾਂ ਅੱਖਾਂ ਮੀਟੀਆਂ ਹੋਈਆਂ ਹਨ। 
ਅੱਧੀ ਸੜਕ ਤਕ ਹੈ ਸ਼ੂਜ਼ ਮਾਰਕੀਟ ਦਾ ਕਬਜ਼ਾ
ਇਕ-ਦੋ ਸਾਲ ਪਹਿਲਾਂ ਨਿਊ ਰੈੱਡ ਕ੍ਰਾਸ ਮਾਰਕੀਟ ਨੇੜੇ ਜੁੱਤੀਆਂ ਦੇ ਇਕ-ਦੋ ਸਟਾਲ ਲੱਗਦੇ ਸਨ ਪਰ ਹੁਣ ਇਨ੍ਹਾਂ ਸਟਾਲਾਂ ਦੀ ਗਿਣਤੀ ਦਰਜਨਾਂ 'ਚ ਪਹੁੰਚ ਚੁੱਕੀ ਹੈ। ਕੁਝ ਸਟਾਲ ਤਾਂ ਰੈੱਡ ਕ੍ਰਾਸ ਦੀਆਂ ਦੁਕਾਨਾਂ ਤੋਂ ਕਾਫੀ ਵੱਡੇ ਹਨ ਤੇ ਉਥੇ ਹਜ਼ਾਰਾਂ ਦੀ ਗਿਣਤੀ ਵਿਚ ਜੁੱਤੀਆਂ ਦਾ ਸਟਾਕ ਪਿਆ ਹੈ। ਐਤਵਾਰ ਨੂੰ ਸ਼ੂਜ਼ ਮਾਰਕੀਟ ਅੱਧੀ ਓਲਡ ਜੀ. ਟੀ. ਰੋਡ 'ਤੇ ਕਬਜ਼ਾ ਕਰ ਲੈਂਦੀ ਹੈ, ਜਿਸ ਕਾਰਨ ਇਥੇ ਟ੍ਰੈਫਿਕ ਦਾ ਜਾਮ ਲੱਗਾ ਰਹਿੰਦਾ ਹੈ ਪਰ ਟ੍ਰੈਫਿਕ ਪੁਲਸ ਅਧਿਕਾਰੀ ਮੂੰਹ ਤੱਕਦੇ ਰਹਿੰਦੇ ਹਨ। ਐਤਵਾਰ ਦੀ ਛੁੱਟੀ ਕਾਰਨ ਨਗਰ ਨਿਗਮ ਅਧਿਕਾਰੀ ਮੌਜ-ਮਸਤੀ ਦੇ ਮੂਡ 'ਚ ਹੁੰਦੇ ਹਨ, ਇਸ ਲਈ ਐਤਵਾਰ ਨੂੰ ਸ਼ੂਜ਼ ਮਾਰਕੀਟ ਦੀ ਦਾਦਾਗਿਰੀ ਨੂੰ ਰੋਕਣ-ਟੋਕਣ ਵਾਲਾ ਕੋਈ ਨਹੀਂ ਹੁੰਦਾ। 
ਕੰਪਨੀ ਬਾਗ ਤੱਕ ਪਹੁੰਚਿਆ ਸੰਡੇ ਬਾਜ਼ਾਰ, ਜਿਊਲਰਜ਼ 'ਚ ਡਰ 
ਰੈਣਕ ਬਾਜ਼ਾਰ ਤੇ ਸ਼ੇਖਾਂ ਬਾਜ਼ਾਰ 'ਚ ਲੱਗਦਾ ਸੰਡੇ ਬਾਜ਼ਾਰ ਉਂਝ ਤਾਂ ਬਹੁਤ ਪੁਰਾਣਾ ਹੈ ਪਰ ਹੁਣ ਇਸ ਦਾ ਘੇਰਾ ਲਗਾਤਾਰ ਵਧਦਾ ਜਾ ਰਿਹਾ ਹੈ। ਕੁਝ ਸਾਲਾਂ ਤੋਂ ਇਹ ਬਾਜ਼ਾਰ ਜੋਤੀ ਚੌਕ ਦੇ ਆਲੇ-ਦੁਆਲੇ, ਨਕੋਦਰ ਰੋਡ 'ਤੇ ਲਵਲੀ ਸਵੀਟਸ ਤੱਕ ਤੇ ਦੂਸਰੇ ਪਾਸੇ ਪੁਲੀ ਅਲੀ ਮੁਹੱਲਾ ਤੱਕ ਲੱਗਣਾ ਸ਼ੁਰੂ ਹੋ ਗਿਆ ਸੀ ਪਰ ਅੱਜ ਪਹਿਲੀ ਵਾਰ ਇਹ ਸੰਡੇ ਬਾਜ਼ਾਰ ਕੰਪਨੀ ਬਾਗ ਤੱਕ ਪਹੁੰਚ ਗਿਆ।  ਅੱਜ ਸਵੇਰੇ ਹੀ ਦਰਜਨਾਂ ਫੜ੍ਹੀ ਵਾਲਿਆਂ ਨੇ ਆਪਣੇ ਫੋਲਡਿੰਗ ਬੈੱਡ ਜੋਤੀ ਚੌਕ ਤੋਂ ਲੈ ਕੇ ਕੰਪਨੀ ਬਾਗ ਚੌਕ ਤੱਕ ਦੋਹਾਂ ਸਾਈਡਾਂ 'ਤੇ ਵਿਛਾ ਦਿੱਤੇ ਤੇ ਉਨ੍ਹਾਂ 'ਤੇ ਨਵੇਂ-ਪੁਰਾਣੇ ਕੱਪੜੇ ਸਸਤੇ ਮੁੱਲ 'ਤੇ ਵੇਚਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ। 
ਜਿਉਂ ਹੀ ਓਲਡ ਜੀ. ਟੀ. ਰੋਡ ਦੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੇ ਸਾਹਮਣੇ ਅਜਿਹੀ ਹਾਲਤ ਦੇਖੀ ਤਾਂ ਉਨ੍ਹਾਂ ਨੇ ਬੈਠਕ ਕਰਕੇ ਕਈ ਫੜ੍ਹੀ ਵਾਲਿਆਂ ਨੂੰ ਉਥੋਂ ਭਜਾ ਦਿੱਤਾ।
ਜ਼ਿਕਰਯੋਗ ਹੈ ਕਿ ਕੰਪਨੀ ਬਾਗ ਤੋਂ ਜੋਤੀ ਚੌਕ ਤੱਕ ਪੈਂਦੇ ਜੀ. ਟੀ. ਰੋਡ ਦੇ ਕੰਢਿਆਂ 'ਤੇ ਜਿਊਲਰਜ਼ ਦੇ ਵੱਡੇ-ਵੱਡੇ ਸ਼ੋਅਰੂਮ ਹਨ, ਜੋ ਐਤਵਾਰ ਨੂੰ ਵੀ ਖੁੱਲ੍ਹੇ ਰਹਿੰਦੇ ਹਨ। ਇਨ੍ਹਾਂ ਜਿਊਲਰਜ਼ ਨੇ ਅੱਜ ਜਦੋਂ ਆਪਣੀਆਂ ਦੁਕਾਨਾਂ ਅੱਗੇ ਲੱਗੀਆਂ ਫੜ੍ਹੀਆਂ ਨੂੰ ਦੇਖਿਆ ਤਾਂ ਉਨ੍ਹਾਂ ਨੇ ਇਤਰਾਜ਼ ਕੀਤਾ ਕਿ ਇਸ ਆੜ 'ਚ ਕੁਝ ਸਮਾਜ ਵਿਰੋਧੀ ਅਨਸਰ ਨਾ ਸਿਰਫ ਉਨ੍ਹਾਂ ਦੇ ਸ਼ੋਅਰੂਮ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖ ਸਕਦੇ ਹਨ ਬਲਕਿ ਗਾਹਕਾਂ ਦਾ ਪਿੱਛਾ ਵੀ ਕੀਤਾ ਜਾ ਸਕਦਾ ਹੈ। ਦੁਪਹਿਰ ਤੱਕ ਕਈ ਜਿਊਲਰਜ਼ ਤੇ ਹੋਰ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੇ ਸਾਹਮਣੇ ਲੱਗੀਆਂ ਫੜ੍ਹੀਆਂ ਨੂੰ ਜ਼ਬਰਦਸਤੀ ਹਟਵਾ ਦਿੱਤਾ। ਓਲਡ ਜੀ. ਟੀ. ਰੋਡ ਮਾਰਕੀਟ ਐਸੋਸੀਏਸ਼ਨ ਹੁਣ ਇਸ ਮਾਮਲੇ 'ਚ ਨਿਗਮ ਕਮਿਸ਼ਨਰ ਤੇ ਡੀ. ਸੀ. ਨੂੰ ਮਿਲਣ ਦਾ ਪ੍ਰੋਗਰਾਮ ਬਣਾ ਰਹੀ ਹੈ ਤਾਂ ਜੋ ਫੜ੍ਹੀ ਵਾਲਿਆਂ ਦੀਆਂ ਗਤੀਵਿਧੀਆਂ 'ਤੇ ਰੋਕ ਲਾਈ ਜਾ ਸਕੇ।


Related News