ਪਹਿਲਗਾਮ ''ਚ ਸੀਤ ਲਹਿਰ ਦਾ 10 ਸਾਲ ਦਾ ਰਿਕਾਰਡ ਟੁੱਟਿਆ

Saturday, Dec 15, 2018 - 10:04 AM (IST)

ਚੰਡੀਗੜ੍ਹ/ਸ਼੍ਰੀਨਗਰ (ਏਜੰਸੀਆਂ) : ਪੰਜਾਬ ਅਤੇ ਹਰਿਆਣਾ 'ਚ ਸ਼ੁੱਕਰਵਾਰ ਸੀਤ ਲਹਿਰ 'ਚ ਹੋਰ ਵਾਧਾ ਹੋਇਆ। ਪੰਜਾਬ ਅਤੇ ਹਰਿਆਣਾ 'ਚ ਸਭ ਤੋਂ ਠੰਡਾ ਸ਼ਹਿਰ ਪੰਜਾਬ ਦਾ ਬਠਿੰਡਾ ਰਿਹਾ, ਜਿਥੇ ਘੱਟੋ-ਘੱਟ ਤਾਪਮਾਨ 4.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਦੇ ਲੁਧਿਆਣਾ ਵਿਖੇ ਘੱਟੋ-ਘੱਟ ਤਾਪਮਾਨ 5.5 ਡਿਗਰੀ ਸੀ। ਗੁਰਦਾਸਪੁਰ ਵਿਖੇ 8.2, ਪਠਾਨਕੋਟ ਵਿਖੇ 6.6, ਜਲੰਧਰ ਵਿਖੇ 5.4, ਅੰਮ੍ਰਿਤਸਰ ਵਿਖੇ 5.3 ਅਤੇ ਪਟਿਆਲਾ ਵਿਖੇ ਇਹ 8.2 ਸੀ। 
ਹਰਿਆਣਾ 'ਚ ਹਿਸਾਰ ਵਿਖੇ ਘੱਟੋ-ਘੱਟ ਤਾਪਮਾਨ 6.5 ਅਤੇ ਕਰਨਾਲ 'ਚ 7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜੰਮੂ-ਕਸ਼ਮੀਰ 'ਚ ਵੀ ਸੀਤ ਲਹਿਰ 'ਚ ਸ਼ੁੱਕਰਵਾਰ ਹੋਰ ਵਾਧਾ ਹੋਇਆ। ਪਹਿਲਗਾਮ ਵਿਖੇ ਠੰਡ ਦਾ ਪਿਛਲੇ 10 ਸਾਲ ਦਾ ਰਿਕਾਰਡ ਟੁੱਟ ਗਿਆ। 10 ਸਾਲ ਬਾਅਦ ਪਹਿਲੀ ਵਾਰ ਘੱਟੋ-ਘੱਟ ਤਾਪਮਾਨ ਮਨਫੀ 9.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ 15 ਦਸੰਬਰ 2007 ਨੂੰ ਇਥੇ ਮਨਫੀ 10.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਸੀ। 
ਕੌਮੀ ਰਾਜਧਾਨੀ ਦਿੱਲੀ 'ਚ ਸ਼ੁੱਕਰਵਾਰ ਸਵੇਰੇ ਹਵਾ 'ਚ ਨਮੀ ਦੇ ਨਾਲ ਹੀ ਠੰਡ 'ਚ ਵੀ ਵਾਧਾ ਮਹਿਸੂਸ ਕੀਤਾ ਗਿਆ। ਹਵਾ ਦੀ ਗੁਣਵੱਤਾ 'ਖਰਾਬ' ਸ਼੍ਰੇਣੀ 'ਚ ਰਹੀ। ਇਥੇ ਘੱਟੋ-ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਰਾਜਧਾਨੀ 'ਚ ਆਉਂਦੇ ਕੁਝ ਦਿਨਾਂ ਦੌਰਾਨ ਸੀਤ ਲਹਿਰ ਹੋਰ ਵਧੇਗੀ।


Babita

Content Editor

Related News