ਵੱਡੀ ਵਾਰਦਾਤ : ਪਤਨੀ ਦਾ ਬੇਰਹਿਮੀ ਨਾਲ ਕੀਤਾ ਕਤਲ, ਫਿਰ ਮਾਸੂਮ ਪੁੱਤ ਨੂੰ ਭੈਣ ਘਰ ਛੱਡ ਹੋਇਆ ਫ਼ਰਾਰ
Saturday, Aug 22, 2026 - 03:48 PM (IST)
ਲੁਧਿਆਣਾ (ਵੈੱਬ ਡੈਸਕ, ਰਾਜ) : ਸਲੇਮ ਟਾਬਰੀ ਇਲਾਕੇ 'ਚ ਪਰਿਵਾਰਕ ਝਗੜੇ ਕਾਰਨ ਇਕ ਪਤੀ ਵਲੋਂ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਕੱਪੜੇ ਦੀ ਦੁਕਾਨ 'ਤੇ ਕੰਮ ਕਰਨ ਵਾਲੇ ਦੋਸ਼ੀ ਪਤੀ ਅਕਸ਼ੈ ਨੇ ਸ਼ੁੱਕਰਵਾਰ ਦੇਰ ਰਾਤ ਮਾਮੂਲੀ ਬਹਿਸ ਤੋਂ ਬਾਅਦ ਪਤਨੀ ਪ੍ਰਿਆ ਦਾ ਚੁੰਨੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ। ਵਾਰਦਾਤ ਤੋਂ ਬਾਅਦ ਦੋਸ਼ੀ ਆਪਣੇ 4 ਸਾਲ ਦੇ ਮਾਸੂਮ ਪੁੱਤ ਨੂੰ ਆਪਣੀ ਭੈਣ ਦੇ ਘਰ ਛੱਡ ਕੇ ਫ਼ਰਾਰ ਹੋ ਗਿਆ। ਫਿਲਹਾਲ ਪੁਲਸ ਨੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਦੋਸ਼ੀ ਪਤੀ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਦੋਸ਼ੀ ਅਕਸ਼ੈ ਆਪਣੀ ਪਤਨੀ ਪ੍ਰਿਆ ਅਤੇ 4 ਸਾਲ ਦੇ ਪੁੱਤ ਨਾਲ ਸਲੇਮ ਟਾਬਰੀ ਇਲਾਕੇ 'ਚ ਕਿਰਾਏ ਦੇ ਮਕਾਨ 'ਚ ਰਹਿੰਦਾ ਸੀ।
ਸ਼ੁੱਕਰਵਾਰ ਦੇਰ ਰਾਤ ਪਤੀ-ਪਤਨੀ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਗੱਲ ਇੰਨੀ ਵੱਧ ਗਈ ਕਿ ਗੁੱਸੇ 'ਚ ਆ ਕੇ ਅਕਸ਼ੈ ਨੇ ਆਪਾ ਖੋਹ ਦਿੱਤਾ ਅਤੇ ਪ੍ਰਿਆ ਦੇ ਗਲੇ 'ਚ ਪਾਈ ਚੁੰਨੀ ਨਾਲ ਉਸ ਦਾ ਗਲਾ ਘੁੱਟ ਦਿੱਤਾ, ਜਿਸ ਕਾਰਨ ਪ੍ਰਿਆ ਦੀ ਮੌਤ ਹੋ ਗਈ। ਇਸ ਤੋਂ ਬਾਅਦ ਸਬੂਤ ਮਿਟਾਉਣ ਲਈ ਉਸ ਨੇ ਕਮਰੇ ਦਾ ਦਰਵਾਜ਼ਾ ਬਾਹਰੋਂ ਬੰਦ ਕਰਕੇ ਤਾਲਾ ਲਾ ਦਿੱਤਾ ਅਤੇ ਚਾਬੀ ਨੂੰ ਨੇੜੇ ਹੀ ਲੁਕੋ ਕੇ ਰੱਖ ਦਿੱਤਾ। ਫਿਰ ਉਹ ਆਪਣੇ ਮਾਸੂਮ ਪੁੱਤ ਨੂੰ ਆਪਣੀ ਭੈਣ ਘਰ ਛੱਡ ਕੇ ਫ਼ਰਾਰ ਹੋ ਗਿਆ। ਅਕਸ਼ੈ ਨੇ ਪ੍ਰਿਆ ਦੇ ਘਰਵਾਲਿਆਂ ਨੂੰ ਫੋਨ ਕਰਕੇ ਕਿਹਾ ਕਿ ਪ੍ਰਿਆ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ ਅਤੇ ਉਨ੍ਹਾਂ ਨੂੰ ਚਾਬੀ ਬਾਰੇ ਦੱਸ ਕੇ ਮੋਬਾਇਲ ਬੰਦ ਕਰ ਦਿੱਤਾ। ਪ੍ਰਿਆ ਦੇ ਰਿਸ਼ਤੇਦਾਰ ਜਦੋਂ ਪੁਲਸ ਨੇ ਘਰ ਪੁੱਜੇ ਅਤੇ ਤਾਲਾ ਖੋਲ੍ਹਿਆ ਤਾਂ ਪ੍ਰਿਆ ਮਰੀ ਹੋਈ ਸੀ। ਪੁਲਸ ਨੇ ਉਸ ਦੀ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ ਅਤੇ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।
