ਮੰਡੀਆਂ ’ਚ ਕਣਕ ਲਿਫਟਿੰਗ ਦੀ ਉਡੀਕ ’ਚ, ਮੌਸਮ ਵਧਾ ਸਕਦੈ ਚਿੰਤਾ

Friday, Apr 22, 2022 - 10:06 AM (IST)

ਭਵਾਨੀਗੜ੍ਹ (ਵਿਕਾਸ) : ਲਿਫਟਿੰਗ ਦਾ ਕੰਮ ਸੁਸਤ ਹੋਣ ਕਾਰਨ ਮੰਡੀਆਂ ’ਚ ਖੁੱਲ੍ਹੇ ਆਸਮਾਨ ਹੇਠ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਹਨ, ਜਿਸ ਕਾਰਨ ਆੜ੍ਹਤੀਆਂ ਤੇ ਕਿਸਾਨਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਮੰਡੀਆਂ ’ਚ ਕਣਕ ਦੀ ਆਮਦ ਅਤੇ ਖ਼ਰੀਦ ਦਾ ਕੰਮ ਸਹੀ ਢੰਗ ਨਾਲ ਚੱਲ ਰਿਹਾ ਪਰ ਲਿਫਟਿੰਗ ਦੀ ਸਮੱਸਿਆ ਸਾਹਮਣੇ ਆ ਰਹੀ ਹੈ। ਮਾਰਕਿਟ ਕਮੇਟੀ ਭਵਾਨੀਗੜ੍ਹ ਦੇ ਅਧਿਕਾਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਬਲਾਕ ਦੇ ਅਧੀਨ 16 ਮੰਡੀਆਂ, 1 ਸਬ ਯਾਰਡ (ਰਾਮਪੁਰਾ), 1 ਮੁੱਖ ਅਨਾਜ ਮੰਡੀ (ਭਵਾਨੀਗੜ੍ਹ ਸ਼ਹਿਰ) ਨੂੰ ਮਿਲਾ ਕੇ ਕੁੱਲ 18 ਮੰਡੀਆਂ ’ਚ ਕਿਸਾਨ ਕਣਕ ਲੈ ਕੇ ਆ ਰਹੇ ਹਨ।

ਇਸ ਵਾਰ ਖ਼ਰੀਦ ਸਬੰਧੀ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਪੇਸ਼ ਨਹੀਂ ਆਈ ਹੈ। ਉਨ੍ਹਾਂ ਦੱਸਿਆ ਕਿ ਵੀਰਵਾਰ ਤੱਕ 62 ਹਜ਼ਾਰ 475 ਮੀਟ੍ਰਿਕ ਟਨ ਕਣਕ ਦੀ ਆਮਦ ਹੋ ਗਈ ਹੈ। ਜਿਸ ’ਚੋਂ 62 ਹਜ਼ਾਰ 475 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕਰ ਲਈ ਗਈ ਹੈ। ਆਮਦ ਹੋਈ ਫ਼ਸਲ ’ਚੋਂ 29 ਹਜ਼ਾਰ 790 ਮੀਟ੍ਰਿਕ ਟਨ ਕਣਕ ਦੀ ਲਿਫਟਿੰਗ ਮੰਡੀਆਂ ’ਚੋਂ ਹੋ ਚੁੱਕੀ ਹੈ, ਜਦੋਂ ਕਿ ਲਗਭਗ 32 ਹਜ਼ਾਰ 685 ਮੀਟ੍ਰਿਕ ਟਨ ਕਣਕ ਦੀਆਂ ਹਜ਼ਾਰਾਂ ਬੋਰੀਆਂ ’ਚ ਭਰ ਕੇ ਮੰਡੀਆਂ ’ਚ ਪਈਆਂ ਹਨ, ਜੋ ਲਿਫਟਿੰਗ ਦੀ ਉਡੀਕ ’ਚ ਹਨ।

ਅੰਕੜਿਆਂ ’ਤੇ ਝਾਤ ਮਾਰੀ ਜਾਵੇ ਤਾਂ ਸਪੱਸ਼ਟ ਹੈ ਕਿ ਹੁਣ ਤੱਕ ਮੰਡੀਆਂ ’ਚ ਵੱਖ-ਵੱਖ ਏਜੰਸੀਆਂ ਵੱਲੋਂ ਖ਼ਰੀਦੀ ਜਾ ਚੁੱਕੀ ਕੁੱਲ ਫ਼ਸਲ ’ਚੋਂ ਅੱਧੀ ਤੋਂ ਵੱਧ ਕਣਕ ਲਿਫਟਿੰਗ ਨਾ ਹੋਣ ਕਾਰਨ ਮੰਡੀਆਂ ’ਚ ਹੀ ਪਈ ਰੁੱਲ ਰਹੀ ਹੈ, ਜਦੋਂਕਿ ਦੂਜੇ ਪਾਸੇ ਮੌਸਮ ਵਿਭਾਗ ਵੱਲੋਂ ਇਕ-ਦੋ ਦਿਨਾਂ ’ਚ ਤੇਜ਼ ਮੀਂਹ ਤੇ ਹਨੇਰੀ ਝੱਖੜ ਦੀ ਚਿਤਾਵਨੀ ਜਾਰੀ ਕੀਤੀ ਹੋਈ ਹੈ, ਜਿਸ ਕਾਰਨ ਵੱਡੀ ਸਮੱਸਿਆ ਖੜ੍ਹੀ ਹੋ ਸਕਦੀ ਹੈ।
 


Babita

Content Editor

Related News