ਸਰਕਾਰੀ ਖਰੀਦ ਦਾ ਐਲਾਨ ਹੋਣ ਤੋਂ ਬਾਅਦ ਜਲਾਲਾਬਾਦ ਦੀ ਅਨਾਜ ਮੰਡੀ ''ਚ ਕਣਕ ਦੀ ਨਹੀਂ ਹੋਈ ਆਮਦ

Sunday, Apr 01, 2018 - 07:01 PM (IST)

ਜਲਾਲਾਬਾਦ (ਸੇਤੀਆ) : ਪੰਜਾਬ ਸਰਕਾਰ ਵੱਲੋਂ ਕਣਕ ਦੀ ਸਰਕਾਰੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਅਜੇ ਤੱਕ ਮੰਡੀਆਂ ਵਿਚ ਕਣਕ ਦੀ ਫਸਲ ਆਉਣ ਨੂੰ 1 ਹਫਤਾ ਦੇ ਕਰੀਬ ਲੱਗ ਸਕਦਾ ਹੈ ਕਿਉਂਕਿ ਇਸ ਵਾਰ ਮੌਸਮ ਦੇ ਵਾਰ-ਵਾਰ ਬਦਲਣ ਨਾਲ ਕਣਕ ਦੀ ਫਸਲ ਪੱਕਣ ਵਿਚ ਦੇਰੀ ਹੋ ਰਹੀ ਹੈ। ਮਾਰਕੀਟ ਕਮੇਟੀ ਜਲਾਲਾਬਾਦ ਅੰਦਰ ਮੁੱਖ ਅਨਾਜ ਮੰਡੀ ਸਮੇਤ 17 ਪਿੰਡਾਂ ਦੇ ਖਰੀਦ ਕੇਂਦਰ ਬਣਾਏ ਗਏ ਹਨ ਜਿਥੇ ਕਿ ਫੋਕਲ ਪੁਆਇੰਟਾਂ ਅੰਦਰ ਕਣਕ ਦੀ ਆਮਦ ਨਹੀਂ ਹੋਈ ਪਰ ਦੂਜੇ ਪਾਸੇ ਮੁੱਖ ਅਨਾਜ ਮੰਡੀ ਦਾ ਦੌਰਾ ਕਰਨ ਤੋਂ ਬਾਅਦ ਪ੍ਰਬੰਧ ਅਧੂਰੇ ਪਾਏ ਗਏ। ਜਾਣਕਾਰੀ ਅਨੁਸਾਰ ਜਲਾਲਾਬਾਦ ਦੀ ਮੁੱਖ ਅਨਾਜ ਮੰਡੀ ਤੋਂ ਇਲਾਵਾ ਪਿੰਡਾਂ ਦੇ ਫੋਕਲ ਪੁਆਇੰਟਾਂ 'ਚ ਬਿਜਲੀ, ਪਾਣੀ, ਪਖਾਨੇ, ਕਿਸਾਨਾਂ ਲਈ, ਛਾਂ ਦਾ ਪ੍ਰਬੰਧ ਆਦਿ ਤੋਂ ਇਲਾਵਾ ਸਬੰਧਤ ਵਿਭਾਗ ਦੀ ਮਾਰਕੀਟ ਕਮੇਟੀ ਵੱਲੋਂ ਕਿਸਾਨਾਂ ਲਈ ਕੋਈ ਵੀ ਯੋਗ ਪ੍ਰਬੰਧ ਨਹੀਂ ਕੀਤੇ ਗਏ ਅਤੇ ਮੰਡੀ ਅੰਦਰ ਸੜਕਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਮਾਰਕੀਟ ਕਮੇਟੀ ਸਕੱਤਰ ਪ੍ਰੀਤ ਕੰਵਰ ਬਰਾੜ ਨੇ ਦੱਸਿਆ ਕਿ ਜਲਾਲਾਬਾਦ ਦੀ ਮੁੱਖ ਅਨਾਜ ਮੰਡੀ ਤੋਂ ਇਲਾਵਾ ਪਿੰਡਾਂ ਦੇ ਫੋਕਲ ਪੁਆਇੰਟਾਂ 'ਤੇ ਸਾਰੇ ਪ੍ਰਬੰਧ ਮੁਕਮੰਲ ਕਰ ਲਏ ਗਏ ਹਨ।
ਕਿਸਾਨਾਂ ਦੀ ਸਹੂਲਤ ਲਈ ਪੀਣ ਯੋਗ ਪਾਣੀ, ਬੈਠਣ ਲਈ ਛਾਂ ਦਾ ਪ੍ਰਬੰਧ, ਪਖਾਨਿਆਂ ਦਾ ਪ੍ਰਬੰਧ ਕਰ ਲਿਆ ਗਿਆ ਹੈ ਅਤੇ ਕਰਮਚਾਰੀ ਡਿਊਟੀਆਂ 'ਤੇ ਤਾਇਨਾਤ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਕਰੀਬ 20 ਲੱਖ 50 ਹਜ਼ਾਰ ਕੁਇੰਟਲ ਕਣਕ ਮੰਡੀ ਵਿਚ ਆਉਣ ਦੀ ਸੰਭਾਵਨਾ ਹੈ। ਜਿਸ ਲਈ ਪੰਜਾਬ ਸਰਕਾਰ ਦੀਆਂ ਖਰੀਦ ਏਜੰਸੀਆਂ ਦੇ ਕੋਲ ਬਾਰਦਾਨਾ ਤੇ ਕਣਕ ਦੀ ਸਟੋਰੇਜ਼ ਕਰਨ ਲਈ ਪੁਖੱਤਾ ਪ੍ਰਬੰਧ ਕੀਤੇ ਗਏ ਹਨ ਅਤੇ ਮੰਡੀਆਂ ਵਿਚ ਕਣਕ ਦੀ ਖਰੀਦ ਕਰਨ ਲਈ ਵੱਖ-ਵੱਖ ਸਰਕਾਰੀ ਫੂਡ ਏਜੰਸੀਆਂ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਡਿਊਟੀ ਲੱਗ ਚੁੱਕਿਆ ਹਨ। ਖਬਰ ਲਿਖੇ ਜਾਣ ਤੱਕ ਜਲਾਲਾਬਾਦ ਦੀ ਮੁੱਖ ਅਨਾਜ ਮੰਡੀ ਅਤੇ ਫੋਕਲ ਪੁਆਇੰਟਾਂ ਵਿਚ ਕਣਕ ਨਾ ਆਉਣ ਦਾ ਸਮਾਚਾਰ ਪ੍ਰਾਪਤ ਨਹੀ ਹੋਇਆ ਹੈ।  


Related News