ਸਵਾਗਤੀ ਗੇਟ ''ਤੇ ਮੂਰਤੀ ਲਾਉੁਣ ਕਾਰਨ ਪਿੰਡ ਤੇਪਲਾ ''ਚ ਤਣਾਅ ਦਾ ਮਾਹੌਲ

Sunday, Jul 02, 2017 - 07:34 AM (IST)

ਸਵਾਗਤੀ ਗੇਟ ''ਤੇ ਮੂਰਤੀ ਲਾਉੁਣ ਕਾਰਨ ਪਿੰਡ ਤੇਪਲਾ ''ਚ ਤਣਾਅ ਦਾ ਮਾਹੌਲ

ਬਨੂੜ  (ਗੁਰਪਾਲ) - ਬਨੂੜ ਨੇੜਲੇ ਪਿੰਡ ਤੇਪਲਾ ਵਿਚ ਉੁਦੋਂ ਤਣਾਅ ਵਾਲਾ ਮਾਹੌਲ ਬਣ ਗਿਆ ਜਦੋਂ ਸਵਾਗਤੀ ਗੇਟ 'ਤੇ ਮਹਾਰਾਣਾ ਪ੍ਰਤਾਪ ਦੀ ਮੂਰਤੀ ਸਥਾਪਿਤ ਕੀਤੀ ਜਾ ਰਹੀ ਸੀ। ਇਸ ਮੂਰਤੀ ਤੋਂ ਭੜਕੇ ਪਿੰਡ ਦੀਆਂ ਦੂਜੀਆਂ ਬਿਰਾਦਰੀ ਦੇ ਵਸਨੀਕਾਂ ਨੇ ਹਲਕਾ ਵਿਧਾਇਕ ਮਦਨ ਲਾਲ ਤੇ ਪੁਲਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ। ਜਾਣਕਾਰੀ ਅਨੁਸਾਰ ਤੇਪਲਾ ਵਾਸੀਆਂ ਵਲੋਂ ਰਾਸ਼ਟਰੀ ਰਾਜ ਮਾਰਗ 'ਤੇ ਸਵਾਗਤੀ ਗੇਟ ਉਸਾਰਿਆ ਜਾ ਰਿਹਾ ਹੈ, ਜਿਸ 'ਤੇ ਪਿੰਡ ਦੇ ਵਸਨੀਕ ਰਾਣਾ ਬਿਰਾਦਰੀ ਦੇ ਲੋਕਾਂ ਵਲੋਂ ਇਸ 'ਤੇ ਮਹਾਰਾਣਾ ਪ੍ਰਤਾਪ ਦੀ ਮੂਰਤੀ ਦੀ ਅੱਜ ਜਦੋਂ ਸਥਾਪਨਾ ਕੀਤੀ ਜਾਣ ਲੱਗੀ ਤਾਂ ਪਿੰਡ ਵਿਚ ਸਥਿਤ ਹੋਰ ਬਿਰਾਦਰੀ ਦੇ ਵਸਨੀਕ ਸਾਬਕਾ ਸਰਪੰਚ ਸਰਦਾਰਾ ਸਿੰਘ, ਲਵਪ੍ਰੀਤ ਸਿੰਘ, ਗੁਰਸੇਵਕ ਸਿੰਘ, ਸੰਤਰਾਮ, ਹਰਦੀਪ ਸਿੰਘ, ਗੁਰਦੀਪ ਸਿੰਘ, ਮਲਕੀਤ ਸਿੰਘ, ਗੁਰਪ੍ਰੀਤ ਸਿੰਘ, ਬਲਜਿੰਦਰ ਸਿੰਘ ਤੋਂ ਇਲਾਵਾ ਹੋਰ ਬਹੁਤ ਸਾਰੇ ਵਸਨੀਕਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤੇ ਜਦੋਂ ਵਿਰੋਧ ਕਰਨ ਦੇ ਬਾਵਜੂਦ ਵੀ ਗੇਟ 'ਤੇ ਮੂਰਤੀ ਲਾ ਦਿੱਤੀ ਤਾਂ ਵਿਰੋਧ ਕਰ ਰਹੇ ਲੋਕਾਂ ਨੇ ਰਾਸ਼ਟਰੀ ਰਾਜ ਮਾਰਗ 'ਤੇ ਧਰਨਾ ਠੋਕ ਕੇ ਹਲਕਾ ਵਿਧਾਇਕ ਮਦਨ ਲਾਲ ਤੇ ਪੁਲਸ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਉੁਨ੍ਹਾਂ ਕਿਹਾ ਕਿ ਇਹ ਸਾਰਾ ਕੁੱਝ ਪਿੰਡ ਦੇ ਸਰਪੰਚ ਪ੍ਰਦੀਪ ਰਾਣਾ ਵਲੋਂ ਹਲਕਾ ਵਿਧਾਇਕ ਤੇ ਪੁਲਸ ਦੀ ਸ਼ਹਿ 'ਤੇ ਕੀਤਾ ਗਿਆ ਹੈ, ਉੁਨ੍ਹਾਂ ਕਿਹਾ ਕਿ ਪਿੰਡ ਵਿਚ ਹੋਰ 11 ਬਿਰਾਦਰੀਆਂ ਦੇ ਲੋਕ ਰਹਿ ਰਹੇ ਹਨ, ਜੋ ਕਿ ਇਹ ਮਾਮਲਾ ਅਦਾਲਤ ਵਿਚ ਲੈ ਕੇ ਗਏ ਤੇ ਅਦਾਲਤੀ ਸਟੇਅ ਦੇ ਬਾਵਜੂਦ ਵੀ ਉਹ ਗੇਟ 'ਤੇ ਮੂਰਤੀ ਲਾਉੁਣ ਵਿਚ ਸਫਲ ਰਹੇ। ਉੁਨ੍ਹਾਂ ਕਿਹਾ ਕਿ ਪੁਲਸ ਘਟਨਾ ਦੀ ਸੂਚਨਾ ਮਿਲਣ ਤੋਂ 1 ਘੰਟੇ ਬਾਅਦ ਮੌਕੇ 'ਤੇ ਪਹੁੰਚੀ ਤਦ ਤੱਕ ਗੇਟ 'ਤੇ ਮੂਰਤੀ ਲਾਈ ਜਾ ਚੁੱਕੀ ਸੀ।


Related News