ਪੰਜਾਬ ’ਚ ਤੇਜ਼ੀ ਨਾਲ ਵੱਧ ਰਿਹਾ ਤਾਪਮਾਨ, ਜਾਣੋ ਆਉਣ ਵਾਲੇ ਦਿਨਾਂ ’ਚ ਕਿਹੋ ਜਿਹਾ ਰਹੇਗਾ ਮੌਸਮ

02/19/2023 6:33:03 PM

ਚੰਡੀਗੜ੍ਹ : ਪੰਜਾਬ ਵਿਚ ਠੰਡ ਦਾ ਮੌਸਮ ਲਗਭਗ ਖ਼ਤਮ ਹੋਣ ਵਾਲਾ ਹੈ। ਆਮ ਤੌਰ ’ਤੇ ਮਾਰਚ ਦੇ ਦੂਜੇ ਹਫਤੇ ਤਕ ਮੌਸਮ ਵਿਚ ਠੰਡਕ ਰਹਿੰਦੀ ਹੈ ਪਰ ਇਸ ਵਾਰ ਦੋ ਹਫਤੇ ਪਹਿਲਾਂ ਹੀ ਦਿਨ ਦਾ ਟੈਂਪਰੇਚਰ ਵਧਣਾ ਸ਼ੁਰੂ ਹੋ ਗਿਆ ਹੈ, ਜਿਸ ਨਾਲ ਸਮੇਂ ਤੋਂ ਪਹਿਲਾਂ ਹੀ ਗਰਮੀ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਹੈ। ਪੰਜਾਬ-ਹਰਿਆਣਾ ਦੇ ਕਈ ਹਿੱਸਿਆਂ ਵਿਚ ਸ਼ਨੀਵਾਰ ਨੂੰ ਘੱਟੋ-ਘੱਟ ਤਾਪਮਾਨ ਆਮ ਨਾਲੋਂ ਵੱਧ ਦਰਜ ਕੀਤਾ ਗਿਆ। ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਦੋਵੇਂ ਸੂਬਿਆਂ ਦੇ ਕਈ ਖਿੱਤਿਆਂ ਵਿਚ ਸੰਘਣੀ ਧੁੰਦ ਪਈ। ਪੰਜਾਬ ਦੇ ਜ਼ਿਲ੍ਹੇ ਲੁਧਿਆਣਾ ਵਿਚ ਘੱਟੋ-ਘੱਟ ਤਾਪਮਾਨ 10.1 ਡਿਗਰੀ ਸੈਲਸੀਅਸ ਅਤੇ ਅੰਮ੍ਰਿਤਸਰ ਵਿਚ 11.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ ਤਿੰਨ ਡਿਗਰੀ ਵੱਧ ਸੀ। ਪਟਿਆਲਾ ’ਚ ਘੱਟੋ-ਘੱਟ ਤਾਪਮਾਨ 12.3 ਡਿਗਰੀ ਸੈਲਸੀਅਸ ਅਤੇ ਪਠਾਨਕੋਟ ਵਿਚ 11.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਬਠਿੰਡਾ ਵਿਚ ਘੱਟੋ-ਘੱਟ 5.6 ਡਿਗਰੀ ਸੈਲਸੀਅਸ ਜੋ ਆਮ ਨਾਲੋਂ ਤਿੰਨ ਦਰਜੇ ਘੱਟ ਹੈ, ਰਿਕਾਰਡ ਕੀਤਾ ਗਿਆ। ਫਰੀਦਕੋਟ ’ਚ 10.4 ਡਿਗਰੀ ਸੈਲਸੀਅਸ ਅਤੇ ਗੁਰਦਾਸਪੁਰ ਵਿਚ 8 ਡਿਗਰੀ ਦਰਜ ਕੀਤਾ ਗਿਆ।  

ਇਹ ਵੀ ਪੜ੍ਹੋ : ਬਿਜਲੀ ਮੀਟਰਾਂ ਨੂੰ ਲੈ ਕੇ ਵਿਭਾਗ ਦਾ ਵੱਡਾ ਫ਼ੈਸਲਾ, ਜਾਰੀ ਕੀਤੇ ਇਹ ਸਖ਼ਤ ਹੁਕਮ

ਇਸ ਤੋਂ ਇਲਾਵਾ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿਚ 11.8 ਡਿਗਰੀ ਰਿਕਾਰਡ ਹੋਇਆ ਹੈ। ਦੂਜੇ ਪਾਸੇ ਹਰਿਆਣਾ ਦੇ ਅੰਬਾਲਾ ਵਿਚ ਘੱਟੋ-ਘੱਟ ਤਾਪਮਾਨ 12.8 ਡਿਗਰੀ ਸੈਲਸੀਅਸ ਰਿਕਾਰਡ ਹੋਇਆ ਜੋ ਆਮ ਨਾਲੋਂ ਤਿੰਨ ਦਰਜੇ ਉੱਤੇ ਸੀ। ਇੰਜ ਹੀ ਹਿਸਾਰ ’ਚ 9.8 ਡਿਗਰੀ, ਕਰਨਾਲ ’ਚ 10.1 ਡਿਗਰੀ, ਨਾਰਨੌਲ ’ਚ 11.5 ਡਿਗਰੀ, ਰੋਹਤਕ ’ਚ 11.6 ਡਿਗਰੀ, ਭਿਵਾਨੀ ’ਚ 12.2 ਡਿਗਰੀ ਅਤੇ ਸਿਰਸਾ ’ਚ 9.4 ਡਿਗਰੀ ਦਰਜ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : ਨੂੰਹ ਨੂੰ ਕੈਨੇਡਾ ਭੇਜਣ ਲਈ ਪਤੀ-ਪਤਨੀ ਦੀਆਂ ਗੱਲਾਂ ’ਚ ਆਇਆ ਸਹੁਰਾ, ਹੋਇਆ ਉਹ ਜੋ ਸੋਚਿਆ ਨਾ ਸੀ

ਦੂਜੇ ਪਾਸੇ ਜੇਕਰ ਮੌਸਮ ਇਸ ਤਰ੍ਹਾਂ ਹੀ ਰਿਹਾ ਤਾਂ ਇਸ ਨਾਲ ਆਲੂ ਅਤੇ ਕਣਕ ਦੀ ਫਸਲ ਨੂੰ ਨੁਕਸਾਨ ਹੋ ਸਕਦਾ ਹੈ। ਫਰਵਰੀ ਵਿਚ ਵੱਧ ਰਹੀ ਗਰਮੀ ਕਾਰਣ ਆਲੂ ਦੀ ਫਸਲ ਖਰਾਬ ਹੋਣ ਦੇ ਆਸਾਰ ਹਨ ਜਦਕਿ ਕਣਕ ਦੀ ਫਸਲ ਜਲਦੀ ਪੱਕ ਸਕਦੀ ਹੈ। ਜਿਸ ਕਾਰਣ ਦਾਣਾ ਪਤਲਾ ਰਹਿ ਸਕਦਾ ਹੈ। ਅਜਿਹੇ ਵਿਚ ਪੈਦਾਵਾਰ ਘੱਟ ਹੋਣ ਦੀ ਸ਼ੰਕਾ ਹੈ। ਮੌਸਮ ਵਿਭਾਗ ਅਨੁਸਾਰ ਐਤਵਾਰ ਵੀ ਕਈ ਜ਼ਿਲ੍ਹਿਆਂ ਵਿਚ ਧੁੰਦ ਰਹੀ। ਫਿਲਹਾਲ ਮੌਸਮ ਸਾਫ ਰਹੇਗਾ ਅਤੇ ਤਿੱਖੀ ਧੁੱਪ ਖਿੜੀ ਰਹੇਗੀ ਪਰ ਹਿਮਾਚਲ ਵਲੋਂ ਆਉਣ ਵਾਲੀਆਂ ਠੰਡੀਆਂ ਹਵਾਵਾਂ ਕਾਰਣ ਠੰਡਕ ਬਣੀ ਰਹੇਗੀ। 

ਇਹ ਵੀ ਪੜ੍ਹੋ : ਸੰਗਰੂਰ ’ਚ ਬਸ ਤੇ ਪਿਕਅਪ ਦੀ ਟੱਕਰ ’ਚ 4 ਮੌਤਾਂ, ਕਾਲੀ ਮਾਤਾ ਮੰਦਰ ਦੇ ਦਰਸ਼ਨ ਕਰਕੇ ਪਰਤ ਰਹੇ ਸੀ ਸ਼ਰਧਾਲੂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News