ਪੰਜਾਬ ’ਚ ਫਿਰ ਵਰ੍ਹਣਗੇ ਬੱਦਲ, ਮੌਸਮ ਵਿਭਾਗ ਨੇ ਜਾਰੀ ਕੀਤਾ ਮੀਂਹ ਦਾ ਅਲਰਟ

Friday, Apr 28, 2023 - 06:35 PM (IST)

ਪੰਜਾਬ ’ਚ ਫਿਰ ਵਰ੍ਹਣਗੇ ਬੱਦਲ, ਮੌਸਮ ਵਿਭਾਗ ਨੇ ਜਾਰੀ ਕੀਤਾ ਮੀਂਹ ਦਾ ਅਲਰਟ

ਚੰਡੀਗੜ੍ਹ : ਮੌਸਮ ਵਿਭਾਗ ਨੇ ਪੰਜਾਬ ’ਚ ਅਗਲੇ ਚਾਰ ਦਿਨ ਸੂਬੇ ਭਰ ਵਿਚ ਦਰਮਿਆਨਾ ਮੀਂਹ ਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਦੀ ਇਸ ਭਵਿੱਖਬਾਣੀ ਤੋਂ ਬਾਅਦ ਕਿਸਾਨਾਂ ਦੀ ਚਿੰਤਾ ਵੱਧ ਗਈ ਹੈ। ਕਿਸਾਨਾਂ ਦੀ ਫਸਲ ਮੰਡੀਆਂ ਵਿਚ ਪਈ ਹੈ, ਉਧਰ ਇਕ ਵਾਰ ਮੁੜ ਮੌਸਮ ਨੇ ਮਿਜ਼ਾਜ ਬਦਲਣ ਲੱਗਾ ਹੈ। ਪੰਜਾਬ ਦੇ ਕੁਝ ਇਲਾਕਿਆਂ ’ਚ ਅੱਜ ਵੀ ਬਦਲਵਾਈ ਰਹੀ ਅਤੇ ਕੁਝ ਇਲਾਕਿਆਂ ’ਚ ਹਲਕਾ ਮੀਂਹ ਵੀ ਪਿਆ ਹੈ। ਇਸ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਦਿੱਤੀ ਹੈ ਪਰ ਮੰਡੀਆਂ ’ਚ ਜਿਨ੍ਹਾਂ ਕਿਸਾਨਾਂ ਦੀ ਫਸਲ ਪਈ ਹੈ, ਉਨ੍ਹਾਂ ਦੇ ਸਾਹ ਸੂਤੇ ਰਹੇ। ਮੌਸਮ ਵਿਭਾਗ ਨੇ ਅਗਲੇ ਚਾਰ ਦਿਨ 28, 29, 30 ਅਪ੍ਰੈਲ ਅਤੇ 1 ਮਈ ਨੂੰ ਸੂਬੇ ਦੇ ਕੁਝ ਇਲਾਕਿਆਂ ’ਚ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਹੈ।

ਇਹ ਵੀ ਪੜ੍ਹੋ : ਪੁੱਤ ਨੂੰ ਕੈਨੇਡਾ ਭੇਜਣ ਲਈ 7 ਬੈਂਡ ਵਾਲੀ ਕੁੜੀ ਨਾਲ ਕਰਵਾਇਆ ਵਿਆਹ, ਮਹੀਨੇ ’ਚ ਹੀ ਚੰਨ ਚਾੜ੍ਹ ਗਈ ਨੂੰਹ ਰਾਣੀ

ਪ੍ਰਾਪਤ ਜਾਣਕਾਰੀ ਅਨੁਸਾਰ ਵੀਰਵਾਰਾ ਨੂੰ ਪਟਿਆਲਾ, ਪਠਾਨਕੋਟ, ਫਰੀਦਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਵਿਚ ਕਿਣ-ਮਿਣ ਹੋਈ ਹੈ। ਮੌਸਮ ਵਿਚ ਅਚਾਨਕ ਆਈ ਤਬਦੀਲੀ ਕਰਕੇ ਵੀ ਸੂਬੇ ਦਾ ਤਾਪਮਾਨ 3 ਤੋਂ 5 ਡਿਗਰੀ ਸੈਲਸੀਅਸ ਹੇਠਾਂ ਡਿੱਗ ਗਿਆ। ਮੌਸਮ ਵਿਗਿਆਨੀਆਂ ਨੇ ਕਿਹਾ ਕਿ ਮੌਸਮ ’ਚ ਪੱਛਮੀ ਵਿਗਾੜ ਦੇ ਚੱਲਦਿਆਂ ਅਗਲੇ ਚਾਰ ਦਿਨਾਂ ਵਿਚ ਕੁਝ ਖੇਤਰਾਂ ’ਚ ਗਰਜ-ਚਮਕ ਵਾਲੇ ਬੱਦਲਾਂ ਦੇ ਨਾਲ ਹਲਕਾ ਦਰਮਿਆਨਾ ਮੀਂਹ ਅਤੇ ਛਰਾਟੇ ਪੈ ਸਕਦੇ ਹਨ। ਉਨ੍ਹਾਂ ਕਿਹਾ ਕਿ ਮਈ ਮਹੀਨੇ ਦੇ ਪਹਿਲੇ ਹਫ਼ਤੇ ਮੁੜ ਤੋਂ ਪੱਛਮੀ ਮੌਸਮ ਦਾ ਵਿਗਾੜ ਪੰਜਾਬ ’ਚ ਦੇਖਣ ਨੂੰ ਮਿਲੇਗਾ। ਉਸ ਸਮੇਂ ਤੇਜ਼ ਮੀਂਹ ਦੇ ਨਾਲ-ਨਾਲ 90 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲ ਸਕਦੀਆਂ ਹਨ। ਗੌਰਤਲਬ ਹੈ ਕਿ ਪੰਜਾਬ ਵਿਚ ਕਣਕ ਦੀ ਵਾਢੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਪਰ ਮੰਡੀਆਂ ਵਿਚ ਅਜੇ ਵੀ ਵੱਡੀ ਗਿਣਤੀ ਵਿਚ ਕਿਸਾਨਾਂ ਦੀ ਫਸਲ ਵਿਕਣ ਤੋਂ ਪਈ ਹੈ।

ਇਹ ਵੀ ਪੜ੍ਹੋ : 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਵਿਭਾਗ ਨੇ ਲਿਆ ਵੱਡਾ ਫ਼ੈਸਲਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News