ਸਤਲੁਜ ਦਰਿਆ ਦੀ ਫਾਟ ''ਚ ਪਾਣੀ ਨੇ ਦਿੱਤੀ ਦਸਤਕ, ਸਰਹੱਦੀ ਪਿੰਡਾਂ ਦੇ ਲੋਕਾਂ ਦੀ ਵਧੀ ਚਿੰਤਾ

Tuesday, Aug 25, 2026 - 02:12 AM (IST)

ਸਤਲੁਜ ਦਰਿਆ ਦੀ ਫਾਟ ''ਚ ਪਾਣੀ ਨੇ ਦਿੱਤੀ ਦਸਤਕ, ਸਰਹੱਦੀ ਪਿੰਡਾਂ ਦੇ ਲੋਕਾਂ ਦੀ ਵਧੀ ਚਿੰਤਾ

ਜਲਾਲਾਬਾਦ (ਜਤਿੰਦਰ, ਆਦਰਸ਼) : ਭਾਰਤ-ਪਾਕਿਸਤਾਨ ਸਰਹੱਦ 'ਤੇ ਪੈਂਦੇ ਪਿੰਡ ਢਾਣੀ ਨੱਥਾ ਸਿੰਘ, ਢਾਣੀ ਫੂਲਾ ਸਿੰਘ ਅਤੇ ਆਸ-ਪਾਸ ਦੇ ਪਿੰਡਾਂ ਦੇ ਨੇੜਿਓਂ ਲੰਘਦੀ ਸਤਲੁਜ ਦਰਿਆ ਦੀ ਫਾਟ 'ਚ ਬੀਤੇ ਦਿਨ ਤੋਂ ਦਰਿਆਈ ਪਾਣੀ ਦੀ ਦਸਤਕ ਨਾਲ ਸਰਹੱਦੀ ਖੇਤਰ ਦੇ ਲੋਕਾਂ ਦੀ ਚਿੰਤਾ ਵਧ ਗਈ ਹੈ। ਪਿੰਡ ਢਾਣੀ ਨੱਥਾ ਸਿੰਘ ਵਾਲਾ, ਢਾਣੀ ਫੂਲਾ ਸਿੰਘ, ਆਤੂ ਵਾਲਾ ਸਮੇਤ ਕਈ ਹੋਰ ਪਿੰਡ ਇਸ ਸਥਿਤੀ ਨਾਲ ਪ੍ਰਭਾਵਿਤ ਹੋਣ ਦੀ ਚਿੰਤਾ ਦਾ ਸਾਹਮਣਾ ਕਰ ਰਹੇ ਹਨ। ਸਤਲੁਜ ਦੀ ਫਾਟ ਵਿਚ ਪਾਣੀ ਆਉਣ ਕਾਰਨ ਖੜੀਆਂ ਫ਼ਸਲਾਂ ਪ੍ਰਭਾਵਿਤ ਹੋਣੀਆਂ ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਵਿਚ ਪਸ਼ੂ ਚਾਰਾ, ਝੋਨਾ ਅਤੇ ਵੱਖ-ਵੱਖ ਕਿਸਮ ਦੀਆਂ ਸਬਜ਼ੀਆਂ ਸ਼ਾਮਲ ਹਨ। ਕਿਸਾਨਾਂ ਨੂੰ ਡਰ ਹੈ ਕਿ ਜੇਕਰ ਪਾਣੀ ਦਾ ਪੱਧਰ ਲਗਾਤਾਰ ਵੱਧ ਦਾ ਰਿਹਾ ਤਾਂ ਫ਼ਸਲਾਂ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਸਤਲੁਜ ਦਰਿਆ ਦੀ ਫਾਟ ਵਿਚ ਕਰੀਬ ਇੱਕ ਮਹੀਨੇ ਤੱਕ ਲਗਾਤਾਰ ਪਾਣੀ ਚੱਲਣ ਕਾਰਨ ਸਰਹੱਦੀ ਖੇਤਰ ਵਿਚ ਹਜ਼ਾਰਾਂ ਏਕੜ ਫ਼ਸਲਾਂ, ਪਸ਼ੂ ਚਾਰੇ ਅਤੇ ਲੋਕਾਂ ਦੇ ਮਕਾਨਾਂ ਸਮੇਤ ਹੋਰ ਸੰਪਤੀ ਨੂੰ ਭਾਰੀ ਨੁਕਸਾਨ ਪਹੁੰਚਿਆ ਸੀ।

ਇਹ ਵੀ ਪੜ੍ਹੋ : ਲੁਧਿਆਣਾ 'ਚ ਭਿਆਨਕ ਹਾਦਸਾ! ਪੁੱਤ ਦੀਆਂ ਅੱਖਾਂ ਮੂਹਰੇ ਮਾਂ ਦੀ ਦਰਦਨਾਕ ਮੌਤ

ਪਾਣੀ ਵਧਣ ਤੋਂ ਪਹਿਲਾਂ ਬੇੜੀਆਂ ਦਾ ਪ੍ਰਬੰਧ ਕਰਨ ਦੀ ਮੰਗ

ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਵਸੀਆਂ ਢਾਣੀਆਂ ਵਿਚ ਰਹਿੰਦੇ ਲੋਕਾਂ ਨੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਪਾਣੀ ਦਾ ਪੱਧਰ ਹੋਰ ਵੱਧ ਦਾ ਹੈ ਤਾਂ ਲੋਕਾਂ ਨੂੰ ਆਉਣ-ਜਾਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਪਾਣੀ ਦਾ ਪੱਧਰ ਵਧਣ ਤੋਂ ਪਹਿਲਾਂ ਹੀ ਲੋਕਾਂ ਦੀ ਆਵਾਜਾਈ ਲਈ ਬੇੜੀਆਂ ਅਤੇ ਹੋਰ ਲੋੜੀਂਦੇ ਪ੍ਰਬੰਧ ਕੀਤੇ ਜਾਣ ਤਾਂ ਜੋ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਲੋਕਾਂ ਨੂੰ ਸੁਰੱਖਿਅਤ ਢੰਗ ਨਾਲ ਆਉਣ-ਜਾਣ ਦੀ ਸਹੂਲਤ ਮਿਲ ਸਕੇ। ਫ਼ਿਲਹਾਲ ਸਭ ਦੀਆਂ ਨਜ਼ਰਾਂ ਪਾਣੀ ਦੇ ਪੱਧਰ 'ਤੇ ਟਿਕੀਆਂ ਹੋਈਆਂ ਹਨ। ਆਉਣ ਵਾਲੇ ਦਿਨਾਂ ਵਿੱਚ ਪਾਣੀ ਦਾ ਪੱਧਰ ਵਧਦਾ ਹੈ ਜਾਂ ਇਹ ਫਾਟ ਦੇ ਅੰਦਰ ਹੀ ਸੀਮਤ ਰਹਿੰਦਾ ਹੈ, ਇਸ ਬਾਰੇ ਸਥਿਤੀ ਆਉਣ ਵਾਲਾ ਸਮਾਂ ਹੀ ਦੱਸੇਗਾ। ਸਰਹੱਦੀ ਖੇਤਰ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਪਾਣੀ ਦੀ ਸਥਿਤੀ 'ਤੇ ਲਗਾਤਾਰ ਨਿਗਰਾਨੀ ਰੱਖਣ ਅਤੇ ਲੋੜੀਂਦੇ ਸੁਰੱਖਿਆ ਪ੍ਰਬੰਧ ਪਹਿਲਾਂ ਹੀ ਕਰਨ ਦੀ ਮੰਗ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News