ਵਾਲਵੋ ਬੱਸ 'ਚ ਚੱਲ ਰਿਹਾ ਸੀ ਇਹ ਗੋਰਖਧੰਦਾ, 77 ਹਜ਼ਾਰ ਦੀਆਂ ਨਕਲੀ ਟਿਕਟਾਂ ਨੂੰ ਦੇਖ ਅਧਿਕਾਰੀ ਵੀ ਹੋਏ ਹੈਰਾਨ

Sunday, Jul 16, 2017 - 07:19 PM (IST)

ਵਾਲਵੋ ਬੱਸ 'ਚ ਚੱਲ ਰਿਹਾ ਸੀ ਇਹ ਗੋਰਖਧੰਦਾ, 77 ਹਜ਼ਾਰ ਦੀਆਂ ਨਕਲੀ ਟਿਕਟਾਂ ਨੂੰ ਦੇਖ ਅਧਿਕਾਰੀ ਵੀ ਹੋਏ ਹੈਰਾਨ

ਜਲੰਧਰ— ਚੈਕਿੰਗ ਸਟਾਫ ਵੱਲੋਂ ਦਿੱਲੀ ਤੋਂ ਅੰਮ੍ਰਿਤਸਰ ਆ ਰਹੀ ਪਨਬੱਸ ਦੀ ਵਾਲਵੋ ਬੱਸ 'ਚੋਂ ਹਰਿਆਣਾ ਦੇ ਪੀਪਲੀ ਬੱਸ ਸਟੈਂਡ ਉੱਤੇ ਛਾਪਾ ਮਾਰ ਕੇ 77 ਹਜ਼ਾਰ ਦੀਆਂ ਨਕਲੀ ਟਿਕਟਾਂ ਜ਼ਬਤ ਕੀਤੀਆਂ ਹਨ। ਪਨਬੱਸ 'ਚ ਇਸ ਗੋਰਖਧੰਦੇ ਤੋਂ ਅਧਿਕਾਰੀ ਵੀ ਹੈਰਾਨ ਹਨ। ਇਹ ਪਹਿਲਾਂ ਮਾਮਲਾ ਸਾਹਮਣੇ ਆਇਆ ਹੈ ਕਿ ਜਦੋਂ ਇੰਨੀ ਵੱਡੀ ਗਿਣਤੀ 'ਚ ਨਕਲੀ ਟਿਕਟਾਂ ਬਰਾਮਦ ਕੀਤੀਆਂ ਗਈਆਂ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਨਵਾਂਸ਼ਹਿਰ ਰੋਡਵੇਜ਼ ਡਿਪੋ ਦੇ ਸਟੇਸ਼ਨ ਸੁਪਰਵਾਈਜ਼ਰ ਗੁਰਨਾਮ ਸਿੰਘ ਦੀ ਅਗਵਾਈ 'ਚ ਬਣਾਈ ਗਈ ਚੈਕਿੰਗ ਟੀਮ ਨੇ ਸ਼ੁੱਕਰਵਾਰ ਦੀ ਰਾਤ ਦਿੱਲੀ ਤੋਂ ਅੰਮ੍ਰਿਤਸਰ ਆ ਰਹੀ ਪਨਬੱਸ ਦੀ ਅੰਮ੍ਰਿਤਸਰ ਡਿਪੋ-1 ਦੀ ਵਾਲਵੋ ਬੱਸ ਨੰਬਰ ਪੀ. ਬੀ-02 ਸੀ. ਆਰ.-7030 'ਚ ਯਾਤਰੀਆਂ ਤੋਂ ਟਿਕਟਾਂ ਦੀ ਜਾਂਚ ਸ਼ੁਰੂ ਕੀਤੀ ਤਾਂ ਟੀਮ ਵੀ ਹੈਰਾਨ ਰਹਿ ਗਈ। ਬੱਸ 'ਚ ਜਿਹੜੀਆਂ ਟਿਕਟਾਂ ਯਾਤਰੀਆਂ ਨੂੰ ਦਿੱਤੀਆਂ ਜਾ ਰਹੀਆਂ ਸਨ ਉਹ ਟਿਕਟਾਂ ਰੋਡਵੇਜ਼ ਦੀਆਂ ਨਹੀਂ ਸਨ। 
ਸੂਤਰਾਂ ਦਾ ਕਹਿਣਾ ਹੈ ਕਿ ਇਸ ਖੇਡ ਦੇ ਪਿੱਛੇ ਵੱਡਾ ਗੈਂਗ ਕੰਮ ਕਰ ਰਿਹਾ ਹੈ। ਇਸੇ ਗੈਂਗ ਦੇ ਮੈਂਬਰਾਂ ਨੇ ਖੁਦ ਪ੍ਰਿੰਟ ਕਰਵਾ ਕੇ ਨਕਲੀ ਟਿਕਟਾਂ ਸਵਾਰੀਆਂ 'ਚ ਵੰਡ ਕੇ ਪੂਰਾ ਕਿਰਾਇਆ ਵਸੂਲਿਆ ਸੀ। ਚੈਕਿੰਗ ਟੀਮ ਨੇ ਸਾਰੀਆਂ ਟਿਕਟਾਂ ਕਬਜ਼ੇ 'ਚ ਲੈਣ ਤੋਂ ਬਾਅਦ ਇਸ ਦੀ ਸੂਚਨਾ ਡਾਇਰੈਕਟਰ ਟਰਾਂਸਪੋਰਟ ਚੰਡੀਗੜ੍ਹ ਨੂੰ ਭੇਜ ਦਿੱਤੀ ਹੈ।  
ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਅੰਮ੍ਰਿਤਸਰ ਡਿਪੋ-1 'ਚ ਦੋ ਵਾਲਵੋ ਅੰਮ੍ਰਿਤਸਰ ਤੋਂ ਦਿੱਲੀ ਅਤੇ ਦਿੱਲੀ ਤੋਂ ਅੰਮ੍ਰਿਤਸਰ ਦੇ ਮੱਧ 'ਚ ਚਲਦੀਆਂ ਹਨ। ਦੋਵੇਂ ਬੱਸਾਂ 'ਚ ਚਾਰ ਕੰਡਕਟਰਾਂ ਦੀ ਡਿਊਟੀ ਜੀ. ਐੱਮ. ਪੱਧਰ 'ਤੇ ਇਕ ਅਧਿਕਾਰੀ ਦੀ ਵਿਸ਼ੇਸ਼ ਸਿਫਾਰਿਸ਼ ਦੇ ਨਾਲ ਲੱਗੀ ਹੈ। ਪਿਛਲੇ ਦੋ ਸਾਲ ਦੇ ਇਨ੍ਹਾਂ ਬੱਸਾਂ ਦੇ ਰਿਕਾਰਡ ਮੁਤਾਬਕ ਜਿਹੜੇ ਦਿਨਾਂ 'ਚ ਇਹ ਚਾਰ ਕੰਡਕਟਰਾਂ ਵਾਲਵੋ ਦੀ ਡਿਊਟੀ 'ਤੇ ਹੁੰਦੇ ਹਨ, ਉਨ੍ਹਾਂ ਦਿਨਾਂ 'ਚ ਵਾਲਵੋ ਤੋਂ 35-40 ਰੁਪਏ ਪ੍ਰਤੀ ਕਿਲੋਮੀਟਰ ਦੀ ਕਮਾਈ ਹੁੰਦੀ ਸੀ। ਇਨ੍ਹਾਂ ਕੰਡਕਟਰਾਂ ਦੀ ਛੁੱਟੀ ਦੇ ਸਮੇਂ 'ਚ ਜਦੋਂ ਦੂਜੇ ਕੰਡਕਟਰ ਜਾਂਦੇ ਸਨ ਤਾਂ ਵਾਲਵੋ ਦੀ ਕਮਾਈ 70-80 ਰੁਪਏ ਪ੍ਰਤੀ ਕਿਲੋਮੀਟਰ ਹੁੰਦੀ ਸੀ। ਦੱਸਿਆ ਜਾ ਰਿਹਾ ਹੈ ਇਸ ਪੂਰੀ ਖੇਡ ਦੇ ਪਿੱਛੇ ਇਕ ਇੰਸਪੈਕਟਰ ਰੈਂਕ ਦਾ ਅਧਿਕਾਰੀ ਹੈ। ਅਪ੍ਰਤੱਖ ਰੂਪ ਨਾਲ ਇਸ ਖੇਡ 'ਚ ਕੁਝ ਵੱਡੇ ਅਧਿਕਾਰੀ ਵੀ ਸ਼ਾਮਲ ਹਨ। ਦੋ ਸਾਲ ਤੱਕ ਇਹ ਲੋਕ ਰੋਡਵੇਜ਼ ਨੂੰ ਕਰੋੜਾਂ ਦਾ ਚੂਨਾ ਲਗਾ ਚੁੱਕੇ ਹਨ। 
ਜ਼ਿਕਰਯੋਗ ਹੈ ਕਿ ਇਸ ਮਾਮਲੇ ਨੂੰ ਵਿਭਾਗੀ ਪੱਧਰ 'ਤੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਕੰਡਕਟਰ ਨੂੰ 24 ਘੰਟਿਆਂ ਦੇ ਅੰਦਰ ਹੀ ਹਟਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਸ ਦੇ ਖਿਲਾਫ ਕੋਈ ਵੀ ਐੱਫ.ਆਈ.ਆਰ ਦਰਜ ਨਹੀਂ ਹੋਈ ਹੈ।


Related News